ਝੋਨੇ/ਬਾਸਮਤੀ ਦੀ ਨਰੋਈ ਪਨੀਰੀ ਚੰਗੀ ਫ਼ਸਲ ਦੀ ਬੁਨਿਆਦ : ਖੇਤੀਬਾੜੀ ਮਾਹਿਰ

Monday, May 11, 2020 - 09:33 AM (IST)

ਝੋਨੇ/ਬਾਸਮਤੀ ਦੀ ਨਰੋਈ ਪਨੀਰੀ ਚੰਗੀ ਫ਼ਸਲ ਦੀ ਬੁਨਿਆਦ : ਖੇਤੀਬਾੜੀ ਮਾਹਿਰ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ, ਜਿਹੜੀ ਕਿ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ ’ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ ਦੀ ਮਹਾਮਾਰੀ ਕਾਰਨ ਪੰਜਾਬ ਵਿਚ ਝੋਨੇ ਦੀ ਕਾਸ਼ਤ ਕਰਨ ਲਈ ਸਿੱਧੀ ਬਿਜਾਈ ਅਤੇ ਮਸ਼ੀਨ ਨਾਲ ਪਨੀਰੀ ਦੀ ਲੁਆਈ ਦਾ ਰੁਝਾਨ ਵੱਧਣ ਦੀ ਆਸ ਹੈ। ਤੰਦਰੁਸਤ ਪਨੀਰੀ ਹੀ ਚੰਗੀ ਫ਼ਸਲ ਦੀ ਬੁਨਿਆਦ ਹੁੰਦੀ ਹੈ। ਖੇਤੀਬਾੜੀ ਵਿਗਿਆਨੀ ਸਿਮਰਜੀਤ ਕੌਰ, ਰੂਪਇੰਦਰ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਨੇ ਨਰੋਈ ਪਨੀਰੀ ਦੀ ਤਿਆਰੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ      

1. ਪਨੀਰੀ ਦੀ ਬਿਜਾਈ ਦਾ ਸਮਾਂ ਅਤੇ ਬੀਜ ਦੀ ਸੋਧ: 
ਨਰੋਈ ਪਨੀਰੀ ਤਿਆਰ ਕਰਨ ਲਈ ਬਿਜਾਈ ਦੇ ਸਮੇਂ ਅਤੇ ਢੰਗ ਦੀ ਬਹੁਤ ਮਹੱਤਤਾ ਹੈ। ਝੋਨੇ (ਪਰਮਲ) ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਕਰਨ ਲਈ ਪਨੀਰੀ ਦੀ ਬਿਜਾਈ 20 ਮਈ-5 ਜੂਨ ਅਤੇ ਲੁਆਈ 20 ਜੂਨ-5 ਜੁਲਾਈ ਦਰਮਿਆਨ ਕਰੋ। ਇਸ ਨਾਲ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ। ਪੀ.ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋਂ 10 ਜੂਨ ਦਰਮਿਆਨ ਕਰੋ। ਪਨੀਰੀ ਬਿਜਾਈ ਤੋਂ 25-30 ਦਿਨਾਂ ਪਿੱਛੋਂ ਪੁੱਟ ਕੇ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਮਾੜੇ ਪਾਣੀ ਵਾਲੇ ਇਲਾਕਿਆਂ ਵਿਚ ਪੀ. ਆਰ. 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ।

ਲੋੜ ਅਨੁਸਾਰ ਬੀਜ ਨੂੰ ਪਾਣੀ ਵਿਚ ਪਾਉ। ਅੱਠ ਕਿਲੋ ਭਾਰੇ ਬੀਜ ਨੂੰ ਬੀਜਣ ਤੋਂ ਪਹਿਲਾਂ ਉੱਲੀਨਾਸ਼ਕ ਦੇ ਲੇਪ ਨਾਲ ਸੋਧ ਲਓ। ਇਸ ਲੇਪ ਨੂੰ ਤਿਆਰ ਕਰਨ ਲਈ 24 ਗ੍ਰਾਮ ਸਪਰਿੰਟ 75 ਡਬਲਯੂ ਐੱਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ 80-100 ਮਿਲੀਲਿਟਰ ਪਾਣੀ ਵਿਚ ਘੋਲ਼ੋ। ਬਾਸਮਤੀ ਦੀ ਫ਼ਸਲ ਤੇ ਮੁੱਢ ਗਲਣ (ਝੰਡਾ ਰੋਗ) ਦੀ ਬੀਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਅਤੇ ਪਨੀਰੀ ਨੂੰ ਵੀ ਖੇਤ ਵਿਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿਚ 6 ਘੰਟੇ ਲਈ ਡੁਬੋ ਲਵੋ।

2. ਪਨੀਰੀ ਦੀ ਬਿਜਾਈ ਦਾ ਤਰੀਕਾ:
ਪਨੀਰੀ ਦੀ ਲੁਆਈ ਹੱਥਾਂ ਨਾਲ (ਆਮ ਵਿਧੀ) ਜਾਂ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ। ਪੈਡੀ ਟਰਾਂਸਪਲਾਂਟਰ ਮਸ਼ੀਨਾ ਨਾਲ ਝੋਨੇ ਦੀ ਪਨੀਰੀ ਦੀ ਲੁਅਈ ਸੁਖਾਲੀ, ਘੱਟ ਸਮੇਂ ਵਿਚ, ਘੱਟ ਮਜਦੂਰਾਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਮਸ਼ੀਨਾਂ ਲਈ ਖਾਸ ਤੌਰ ’ਤੇ ਮੈਟ ਟਾਈਪ ਨਰਸਰੀ/ਪਨੀਰੀ ਤਿਆਰ ਕਰਨੀ ਪੈਂਦੀ ਹੈ।

ਆਮ ਲੁਆਈ ਲਈ ਪਨੀਰੀ ਤਿਆਰ ਕਰਨ ਦੀ ਵਿਧੀ: 
ਇਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਸਾਢੇ ਛੇ ਮਰਲੇ ਥਾਂ ਵਿਚ 1 ਕਿਲੋ ਯੂਰੀਆ ਅਤੇ 2.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਬਿਜਾਈ ਸਮੇਂ ਪਾਉ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ’ਤੇ ਕਰੋ। ਜਿਨ੍ਹਾਂ ਖੇਤਾਂ ਵਿਚ ਪਿਛਲੇ ਸਾਲ ਵੀ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਸੀ, ਅਜਿਹੀਆਂ ਹਾਲਤਾਂ ਵਿਚ ਘਾਟ ਪੂਰੀ ਕਰਨ ਲਈ ਖੇਤ ਵਿਚ ਕੱਦੂ ਕਰਨ ਸਮੇਂ 1.5 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 1.0 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਪਾ ਦਿਉ। ਇਸ ਤੋਂ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਕੱਦੂ ਕਰਕੇ ਤਿਆਰ ਕਰੋ ਅਤੇ ਇਸ ਵਿਚ ਸੋਧੇ ਹੋਏ 8 ਕਿੱਲੋ ਬੀਜ ਦਾ ਛੱਟਾ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇਕ ਦਮ ਬਾਅਦ ਖਿਲਾਰ ਦਿਉ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਪਨੀਰੀ ਲਾਉਣ ਲਈ ਤਿਆਰ ਕਰਨ ਲਈ (25-30 ਦਿਨਾਂ ਵਿਚ 20-25 ਸੈਂਟੀਮੀਟਰ ਉੱਚੀ) ਪਨੀਰੀ ਬੀਜਣ ਤੋਂ 15 ਦਿਨ ਬਾਅਦ 1 ਕਿਲੋ ਯੂਰੀਆ ਪਾਉੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 1 ਕਿੱਲੋ ਯੂਰੀਆ ਦੀ ਇਕ ਹੋਰ ਕਿਸ਼ਤ ਪਾਉ।

ਮਸ਼ੀਨ ਨਾਲ ਝੋਨਾ ਲਾਉਣ ਲਈ ਪਨੀਰੀ ਤਿਆਰ ਕਰਨ ਦੀ ਵਿਧੀ: 
ਇਕ ਏਕੜ ਪਨੀਰੀ ਲਈ ਤਕਰੀਬਨ 150 ਮੈਟ ਲੋੜੀਂਦੇ ਹੁੰਦੇ ਹਨ। ਮੈਟ ਟਾਈਪ ਪਨੀਰੀ ਪਲਾਸਟਿਕ ਦੀ ਸ਼ੀਟ ਜਾਂ ਟਰੇਆਂ ਵਿਚ ਲਗਾਈ ਜਾਂਦੀ ਹੈ। ਇਸ ਪਨੀਰੀ ਦੀ ਬਿਜਾਈ ਲਈ ਸਾਨੂੰ ਬੀਜ ਖਿਲਾਰਨ ਵਾਲਾ ਰੋਲਰ, 50-60 ਗੇਜ ਮੋਟਾਈ ਵਾਲੀ ਪਲਾਸਟਿਕ ਦੀ ਸ਼ੀਟ, ਲੋਹੇ ਦਾ ਫਰੇਮ, ਪਾਣੀ ਦਾ ਫੁਹਾਰਾ, ਲੱਕੜ ਦੀ ਪਤਲੀ ਫੱਟੀ, ਹੱਥ ਵਾਲਾ ਜਿੰਦਰਾ ਆਦਿ ਦੀ ਜਰੂਰਤ ਹੁੰਦੀ ਹੈ। ਰੌਣੀ ਤੋਂ ਬਾਅਦ ਖੇਤ ਨੂੰ ਵੱਤਰ ਆਉਣ ਤੇ ਚੰਗੀ ਤਰ੍ਹਾਂ ਵਾਹੀ ਕਰਕੇ ਸੁਹਾਗਾ ਮਾਰ ਦਿਓ ਅਤੇ ਮਿੱਟੀ ਵਿਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨੂੰ ਕੱਢ ਦਿਉ। ਤਿਆਰ ਕੀਤੀ ਥਾਂ ਉੱਤੇ 50-60 ਗੇਜ਼ ਦੀ ਪਤਲੀ ਅਤੇ 90-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ ਜਿਸ ਵਿਚ 1-2 ਮਿਲੀਮੀਟਰ ਸਾਈਜ਼ ਦੇ ਸੁਰਾਖ ਹੋਣ, ਵਿਛਾ ਦਿਓ। ਇਕ ਏਕੜ ਦੀ ਪਨੀਰੀ ਲਈ 270 ਗ੍ਰਾਮ ਸ਼ੀਟ (ਤਕਰੀਬਨ 15 ਮੀਟਰ ਲੰਬੀ) ਦੀ ਜਰੂਰਤ ਪੈਂਦੀ ਹੈ। ਸ਼ੀਟ ਉੱਤੇ ਮਸ਼ੀਨ ਦੇ ਸਾਈਜ਼ ਮੁਤਾਬਿਕ ਖਾਨੇ ਵਾਲੇ ਫਰੇਮ ਰੱਖੋ ਅਤੇ ਫਰੇਮ ਵਿੱਚ ਮਿੱਟੀ ਪਾ ਕੇ ਇਕਸਾਰ ਪੱਧਰ ਕਰ ਦਿਓ। ਖਾਨੇ ਉੱਤੇ ਬੀਜ ਖਿਲਾਰਨ ਵਾਲੇ ਰੋਲਰ ਦੀ ਮਦਦ ਨਾਲ ਪੁੰਗਰਿਆ ਹੋਇਆ ਬੀਜ ਇਸ ਤਰ੍ਹਾਂ ਖਿਲਾਰੋ ਕਿ ਇੱਕ ਸੈਂਟੀਮੀਟਰ ਦੇ ਖੇਤਰਫ਼ਲ ਵਿੱਚ 2 ਤੋਂ 3 ਦਾਣੇ ਆਉਣ। ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ ਜਾਵੇ। ਫਰੇਮ ਨੂੰ ਹੌਲੀ ਜਿਹੀ ਚੁੱਕ ਲਵੋ ਅਤੇ ਅੱਗੇ ਵਿਛਾਈ ਹੋਈ ਪਲਾਸਟਿਕ ਸ਼ੀਟ ਉੱਤੇ ਰੱਖ ਦਿਓ ਅਤੇ ਉਪਰੋਕਤ ਵਿਧੀ ਲੋੜ ਮੁਤਾਬਕ ਦੁਹਰਾਓ।

ਪਨੀਰੀ ਦੀ ਬਿਜਾਈ ਤੋਂ ਬਾਅਦ ਮੈਟ ਹਮੇਸ਼ਾਂ ਗਿੱਲੇ ਰੱਖੋ ਅਤੇ ਇਸ ਲਈ ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ।ਨਵੇਂ ਬਣੇ ਮੈਟ ਖਰਾਬ ਹੋਣ ਤੋਂ ਬਚਾਉਣ ਲਈ ਪਹਿਲੇ 2-3 ਪਾਣੀ ਬੜੇ ਧਿਆਨ ਨਾਲ ਲਗਾਉ ਅਤੇ ਪਾਣੀ ਦਾ ਵਹਾਅ ਘੱਟ ਅਤੇ ਇਕਸਾਰ ਰੱਖੋ। ਇਕ ਏਕੜ ਦੀ ਪਨੀਰੀ ਲਈ 10 ਦਿਨਾਂ ਦੇ ਵਕਫ਼ੇ ਮਗਰੋਂ 200 ਗ੍ਰਾਮ ਯੂਰੀਆ 15 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਇਹ ਪਨੀਰੀ ਦੇ ਮੈਟ 25-30 ਦਿਨਾਂ ਪਿੱਛੋਂ ਲੁਆਈ ਲਈ ਤਿਆਰ ਹੋ ਜਾਂਦੇ ਹਨ। 

3. ਪਨੀਰੀ ਦੀ ਸਾਂਭ-ਸੰਭਾਲ:
ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਦਿਨਾਂ ਪਿੱਛੋਂ 20 ਮਿਲੀਲਿਟਰ ਸੋਫਿਟ 37.5 ਈ.ਸੀ. (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਜਾਂ ਬਿਜਾਈ ਤੋਂ 7 ਦਿਨਾਂ ਪਿੱਛੋਂ 50 ਮਿਲੀਲਿਟਰ ਬੂਟਾਕਲੋਰ 50 ਈ ਸੀ ਨੂੰ 2.5 ਕਿਲੋ ਰੇਤ ਵਿਚ ਮਿਲਾ ਕੇ ਛੱਟਾ ਦਿਉ। ਪਨੀਰੀ ਵਿਚ ਸਵਾਂਕ ਅਤੇ ਅਤੇ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ ਬਿਜਾਈ ਤੋਂ 15-20 ਦਿਨਾਂ ਪਿੱਛੋਂ 4 ਮਿਲੀਲਿਟਰ ਨੌਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐੱਸ.ਸੀ. (ਬਿਸਪਾਇਰੀਬੈਕ) ਨੂੰ 6 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਪਨੀਰੀ ਨੂੰ ਦਿਉ ਅਤੇ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ’ਤੇ ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਫੀਸਦੀ (ਅੱਧੇ ਤੋਂ 1 ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ। ਜੇਕਰ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ (ਜ਼ਿੰਕ ਦੀ ਘਾਟ) ਜਾਪਣ ਤਾਂ 0.5 ਫੀਸਦੀ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ।

ਪਿਛਲੇ ਸਾਲਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਝੋਨੇ ਦੀ ਪਨੀਰੀ ਧੋੜੀਆਂ ਵਿਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ। ਇਹ ਨੀਮਾਟੋਡ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਆਮ ਤੌਰ ’ਤੇ ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ। ਖੇਤ ਵਿਚ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿਚ 1 ਕਿਲੋ ਸਰੋਂ ਦੀ ਖਲ ਪ੍ਰਤੀ ਮਰਲਾ ਦੇ ਹਿਸਾਬ ਨਾਲ ਪਾਉ। ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫ਼ਾ ਜ਼ਰੂਰ ਰੱਖੋ।

ਕਿਸਮਾਂ ਪਨੀਰੀ ਬੀਜਣ ਦਾ ਸਮਾਂ ਲੁਆਈ ਸਮੇਂ ਪਨੀਰੀ ਦੀ ਉਮਰ

ਪੀ.ਆਰ-12, ਪੀ.ਆਰ-122, ਪੀ.ਆਰ-123, ਪੀ.ਆਰ-128, ਪੀ.ਆਰ-129, ਪੀ.ਆਰ-114, ਪੀ.ਆਰ-113

20-25 ਮਈ  
ਪੀ.ਆਰ-127, ਐੱਚ.ਕੇ.ਆਰ- 47 25-31 ਮਈ 30-35 ਦਿਨ
ਪੀ ਆਰ 124 25-31 ਮਈ  
ਪੀ ਆਰ 126 25 ਮਈ - 5 ਜੂਨ 25-30 ਦਿਨ
ਬਾਸਮਤੀ    
ਪੰਜਾਬ ਬਾਸਮਤੀ 5, 4, 3 ਤੇ 2 ਅਤੇ 1-15 ਜੂਨ  
ਪੂਸਾ ਬਾਸਮਤੀ 1121, 1637 ਤੇ 1718 15-30 ਜੂਨ 25-30 ਦਿਨ

 

 


author

rajwinder kaur

Content Editor

Related News