ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲੋੜੀਂਦੀ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਚਲਾਉਣਾ ਹੋਵੇਗਾ ਲਾਹੇਵੰਦ

Monday, Apr 27, 2020 - 05:01 PM (IST)

ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲੋੜੀਂਦੀ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਚਲਾਉਣਾ ਹੋਵੇਗਾ ਲਾਹੇਵੰਦ

ਲੁਧਿਆਣਾ (ਮਨਜੀਤ ਸਿੰਘ ਅਤੇ ਮਹੇਸ ਨਾਰੰਗ) - ਇਸ ਸਾਲ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਲੁਆਈ ਸਮੇਂ ਮਜਦੂਰਾਂ ਦੀ ਘਾਟ ਪੈਣ ਦੇ ਆਸਾਰ ਬਣੇ ਹੋਏ ਹਨ। ਇਸ ਸੰਦਰਭ ਵਿਚ ਮਸ਼ੀਨਾਂ ਨੂੰ ਕਿਰਾਏ ’ਤੇ ਚਲਾ ਕੇ ਝੋਨੇ ਦੀ ਲਵਾਈ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਸਹਾਈ ਹੋ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਖੇਤੀ ਕਾਮਿਆਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਦਾ ਰੇਟ ਵਧ ਗਿਆ ਹੈ। ਛੋਟੇ ਹੋ ਰਹੇ ਲਵਾਈ ਦੇ ਸੀਜਨ ਅਤੇ ਘਟਦੀ ਲੇਬਰ ਦੀ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਝੋਨੇ ਦੀ ਬਿਜਾਈ ਲਈ ਲੁਆਈ ਮਸ਼ੀਨਾਂ ਨਾਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਉਪਰਾਲੇ ਦੇ ਤਹਿਤ ਪੰਜਾਬ ਸਰਕਾਰ ਨੇ ਝੋਨੇ ਦੇ ਮਸ਼ੀਨੀਕਰਨ ਵਾਸਤੇ ਕਿਸਾਨਾਂ ਨੂੰ ਮਸ਼ੀਨਾਂ ਸਬਸਿਡੀ ’ਤੇ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲਾਂ ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ ਅਤੇ ਪਿੱਛੇ ਤੁਰਨ ਵਾਲੀਆਂ ਲੱਗਭੱਗ 450 ਮਸ਼ੀਨਾਂ ਕਿਸਾਨਾਂ ਅਤੇ ਕੋਆਪਰੇਟਿਵ ਸੁਸਾਇਟੀਆਂ ਵਲੋਂ ਖਰੀਦੀਆਂ ਗਈਆਂ ਹਨ।

ਝੋਨਾ ਲਗਾਉਣ ਦਾ ਮਸ਼ੀਨੀਕਰਨ ਹੋਣ ਨਾਲ ਜਿੱਥੇ ਝੋਨੇ ਦੀ ਲਵਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ, ਉੱਥੇ ਲਵਾਈ ਦਾ ਖਰਚਾ ਵੀ ਘੱਟ ਜਾਂਦਾ ਹੈ ਪਰ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਕਰਨ ਵਿਚ ਕੁਝ ਮੁਸ਼ਕਲਾਂ ਆ ਰਹੀਆਂ ਹਨ, ਜਿਵੇਂ ਮੈਟ ਟਾਈਪ ਪਨੀਰੀ ਦਾ ਸਹੀ ਤਰੀਕੇ ਨਾਲ ਰੱਖ ਰਖਾਅ ਨਾ ਕਰਨਾ, ਮਸ਼ੀਨਾਂ ਦੀਆਂ ਸੈਟਿੰਗਾਂ ਸਬੰਧੀ ਸਹੀ ਜਾਣਕਾਰੀ ਨਾ ਹੋਣਾ ਅਤੇ ਖੇਤ ਨੂੰ ਮਸ਼ੀਨ ਦੇ ਹਿਸਾਬ ਨਾਲ ਤਿਆਰ ਨਾ ਕਰਨਾ। ਇਨ੍ਹਾਂ ਮੁਸ਼ਕਲਾਂ ਦੇ ਹੱਲ ਵਜੋਂ ਪਿੰਡ ਪੱਧਰ ’ਤੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲੋੜੀਂਦੀ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਕਿਰਾਏ ’ਤੇ ਜਾਂ ਕੋਆਪਰੇਟਿਵ ਸੁਸਾਇਟੀਆਂ ਰਾਹੀ ਚਲਾਇਆ ਜਾ ਸਕਦਾ ਹੈ। ਪਿੰਡ ਪੱਧਰ ’ਤੇ ਇਹ ਕੰਮ ਸ਼ੁਰੂ ਕਰਨ ਲਈ ਅਗਾਂਹਵਧੂ ਕਿਸਾਨਾ ਜਾਂ ਨੌਜਵਾਨਾਂ ਦੁਆਰਾ ਮਸ਼ੀਨਾਂ ਦੇ ਨਾਲ ਇਸ ਲਈ ਲੋੜੀਂਦੀ ਪਨੀਰੀ ਨੂੰ ਵੀ ਮੁਹੱਈਆ ਕਰਵਾ ਕੇ ਕਿਸਾਨਾਂ ਦੇ ਖੇਤਾਂ ਵਿਚ ਝੋਨਾ ਲਗਾਇਆ ਜਾ ਸਕਦਾ ਹੈ.

ਝੋਨਾ ਲਾਉਣ ਵਾਲੀਆਂ ਮਸ਼ੀਨਾਂ :

ਦੇਸ਼ 'ਚ ਬੜੀ ਤੇਜੀ ਨਾਲ ਕਿਰਸਾਨੀ ਹਿਤਾਂ ਦੀ ਤਰਜ਼ਮਾਨੀ ਕਰਦੀਆਂ ਬਹੁਤ ਸਾਰੀਆਂ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਨੇ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ ਲਿਆਂਦੀਆਂ ਹਨ। ਮੂਲ ਰੂਪ ਵਿਚ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ:

1. ਉੱਤੇ ਬੈਠ ਕੇ ਚਲਾਉਣ ਵਾਲੀ ਇਕ ਪਹੀਆ ਮਸ਼ੀਨ
2. ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ
3. ਪਿੱਛੇ ਤੁਰਨ ਵਾਲੀ ਮਸ਼ੀਨ 

ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ ਅਤੇ ਪਿੱਛੇ ਤੁਰਨ ਵਾਲੀ ਮਸ਼ੀਨਾਂ ਜ਼ਿਆਦਾ ਪ੍ਰਚੱਲਿਤ ਹੈ। ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ ਚਾਰ ਪਹੀਆਂ ’ਤੇ ਚੱਲਦੀਆਂ ਹਨ। ਸਾਰੇ ਪਹੀਆਂ ਨੂੰ ਇੰਜਨ ਤੋਂ ਤਾਕਤ ਮਿਲਦੀ ਹੈ, ਜਿਸ ਕਰਕੇ ਇਹ ਮਸ਼ੀਨਾਂ ਹਰ ਕਿਸਮ ਦੀ ਮਿੱਟੀ ਵਿਚ ਚੱਲ ਸਕਦੀਆਂ ਹਨ। ਇਹ ਮਸ਼ੀਨ 6 ਕਤਾਰਾਂ ਵਿਚ ਝੋਨੇ ਦੀ ਲੁਆਈ ਕਰਦੀ ਹੈ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ ਇਕ ਫੁੱਟ ਹੈ। ਇਹ ਮਸ਼ੀਨ ਪ੍ਰਤੀ ਦਿਨ 8 ਤੋਂ 10 ਏਕੜ ਝੋਨਾ ਲਗਾ ਸਕਦੀ ਹੈ। ਇਨ੍ਹਾਂ ਮਸ਼ੀਨਾਂ ਵਿਚ ਬੂਟੇ ਤੋਂ ਬੂਟੇ ਦੀ ਦੂਰੀ ਪੰਜ ਪੱਧਰ ’ਤੇ ਘੱਟ ਵੱਧ ਕੀਤੀ ਜਾ ਸਕਦੀ ਹੈ।  ਬੂਟੇ ਲਾਉਣ ਦੀ ਡੁੰਘਾਈ ਅਤੇ ਇਕ ਥਾਂ ਉਤੇ ਲੱਗਣ ਵਾਲੇ ਬੂਟਿਆਂ ਦੀ ਗਿਣਤੀ ਘੱਟ ਵੱਧ ਕਰਨ ਲਈ ਮਸ਼ੀਨ ਦੇ ਮੈਟ ਰੱਖਣ ਵਾਲੇ ਫਰੇਮ ਦੇ ਪਿਛਲੇ ਪਾਸੇ ਦੋ ਲੀਵਰ ਲੱਗੇ ਹੁੰਦੇ ਹਨ, ਜਿਨ੍ਹਾਂ ਨਾਲ ਇਹ ਸੈਟਿੰਗਾਂ ਕੀਤੀਆਂ ਜਾ ਸਕਦੀਆਂ ਹਨ। ਉਤੇ ਬੈਠ ਕੇ ਚਲਾਉਣ ਵਾਲੀਆਂ ਮਸ਼ੀਨਾਂ ਲਈ 1 ਚਾਲਕ ਅਤੇ 1 ਨਿਗਰਾਨ ਵਿਅਕਤੀ ਦੀ ਜ਼ਰੂਰਤ ਪੈਂਦੀ ਹੈ।

PunjabKesari

ਪਿਛੇ ਤੁਰਨ ਵਾਲੀ ਮਸ਼ੀਨ, ਝੋਨੇ ਦੀਆਂ 4 ਤੋਂ 6 ਕਤਾਰਾਂ 1 ਫੁੱਟ ਦੇ ਫਾਸਲੇ ਉਪਰ ਲਗਾਉਂਦੀ ਹੈ। ਇਸ ਮਸ਼ੀਨ ਵਿਚ ਖਿਚਾਈ ਲਈ ਦੋ ਪਹੀਏ ਲੱਗੇ ਹੁੰਦੇ ਹਨ। ਚਾਲਕ ਮਸ਼ੀਨ ਦੇ ਹੈਂਡਲ ਨੂੰ ਫੜ੍ਹ ਕੇ ਮਸ਼ੀਨ ਦੇ ਪਿੱਛੇ ਕੱਦੂ ਵਿਚ ਅਤੇ ਲੱਗੇ ਹੋਏ ਝੋਨੇ ਦੀਆਂ ਕਤਾਰਾਂ ਵਿਚ ਚੱਲਦਾ ਹੈ। ਇਸ ਮਸ਼ੀਨ ਵਿਚ ਬੂਟੇ ਤੋਂ ਬੂਟੇ ਦੀ ਦੂਰੀ ਨਿਰਧਾਰਤ ਕਰਨ ਲਈ 4 ਸੈਟਿੰਗ ਹੁੰਦੀਆਂ ਹਨ। ਬੂਟੇ ਲਗਾਉਣ ਦੀ ਡੂੰਘਾਈ ਅਤੇ 1 ਥਾਂ ਉੱਤੇ ਲੱਗਣ ਵਾਲੇ ਬੂਟਿਆਂ ਦੀ ਗਿਣਤੀ ਵੱਧ ਜਾਂ ਘੱਟ ਕਰਨ ਲਈ ਮਸ਼ੀਨ ਦੇ ਪਿਛਲੇ ਪਾਸੇ 2 ਲੀਵਰ ਲੱਗੇ ਹੁੰਦੇ ਹਨ। ਇਹ ਮਸ਼ੀਨ 1 ਦਿਨ ਵਿਚ ਤਕਰੀਬਨ 2 ਤੋਂ 3 ਏਕੜ ਰਕਬਾ 2 ਤੋਂ 3 ਆਦਮੀਆਂ ਦੀ ਮਦਦ ਨਾਲ ਲਗਾ ਸਕਦੀ ਹੈ। ਇਸ ਮਸ਼ੀਨ ਦਾ ਭਾਰ ਘੱਟ ਹੈ ਅਤੇ ਹਰੇਕ ਦੋ ਕਤਾਰਾਂ ਦੇ ਵਿਚਕਾਰ 1 ਫਲੋਟ ਦਿੱਤਾ ਗਿਆ ਹੈ, ਜਿਸ ਕਾਰਨ ਇਸ ਮਸ਼ੀਨ ਵਿਚ ਗਾਰਾ (ਕੱਦੂ) ਮਸ਼ੀਨ ਦੇ ਨਾਲ ਨਹੀਂ ਤੁਰਦਾ ਅਤੇ ਇਹ ਭਾਰੀ ਜ਼ਮੀਨ ਵਿਚ ਵੀ ਝੋਨਾ ਲਗਾ ਸਕਦੀ ਹੈ।

ਕੁਝ ਅਗਾਂਹਵਧੂ ਕਿਸਾਨ ਅਤੇ ਸੁਸਾਇਟੀਆਂ ਵਲੋਂ ਇਹ ਮਸ਼ੀਨਾਂ ਅਤੇ ਲੋੜੀਂਦੀ ਪਨੀਰੀ ਮੁਹੱਈਆ ਕਰਵਾ ਕੇ ਝੋਨੇ ਦੀ ਲੁਆਈ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਤਜ਼ਰਬੇ ਇਸ ਲੇਖ ਵਿਚ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ। 

ਸ: ਹਰਜੀਤ ਸਿੰਘ ਭੁੱਲਰ ਲੁਧਿਆਣਾ ਜ਼ਿਲੇ ਦੇ ਪਿੰਡ ਗੋਰਸੀਆਂ ਵਿਚ ਝੋਨੇ ਅਤੇ ਕਣਕ ਦੀ ਖੇਤੀ 'ਚ ਰੁੱਝਿਆ ਹੋਇਆ ਹੈ। ਆਉਣ ਵਾਲੇ ਸਮੇਂ ਝੋਨੇ ਦੀ ਬਿਜਾਈ ਦਾ ਹੋਣ ਕਰਕੇ ਅਸੀਂ ਅਜਿਹੇ ਕਿਸਾਨ ਦਾ ਜ਼ਿਕਰ ਕਰਨਾ ਹੈ, ਜਿਹੜਾ ਕਿ ਝੋਨੇ ਦੀ ਲਵਾਈ ਮਸ਼ੀਨ ਨਾਲ ਕਿਰਾਏ ’ਤੇ ਕਰਦਾ ਹੋਵੇ। ਸ. ਭੁੱਲਰ ਨੇ ਦੱਸਿਆ ਕਿ ਪਿਛਲੇ ਸਾਲ ਉਸ ਵਲੋਂ ਦੋ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ ਅਤੇ ਪਿੱਛੇ ਤੁਰਨ ਵਾਲੀ ਮਸ਼ੀਨ ਨੂੰ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਚਲਾਇਆ ਗਿਆ। ਮਸ਼ੀਨ ਦੀ ਸਫਲਤਾ ਤੋਂ ਬਾਗੋ ਬਾਗ ਸ: ਭੁੱਲਰ ਦਾ ਕਹਿਣਾ ਹੈ ਕਿ ਮੇਰੇ ਮਸ਼ੀਨ ’ਤੇ ਲੱਗੇ ਪੈਸੇ ਪਹਿਲੇ ਸਾਲ ਹੀ ਪੂਰੇ ਹੋ ਗਏ ਸਨ। ਝਾੜ ਦਾ ਲਾਹਾ ਵੱਖਰਾ, ਲੇਬਰ ਤੇ ਹੋਣ ਵਾਲੇ ਖਰਚ ਦੀ ਬੱਚਤ ਵੱਖਰੀ। ਸ: ਹਰਜੀਤ ਸਿੰਘ ਭੁੱਲਰ ਨੇ ਵਿਸਥਾਰ 'ਚ ਗੱਲ ਕਰਦਿਆਂ ਕਿਹਾ ਕਿ ਇਸ ਤਕਨੀਕ ਨਾਲ ਫਾਇਦੇ ਹੀ ਫਾਇਦੇ ਹਨ। ਉਨ੍ਹਾਂ ਕਿਹਾ ਕਿ ਮਸ਼ੀਨ ਦੀ ਵਰਤੋਂ ਨਾਲ ਲੇਬਰ ਦੀ ਉਡੀਕ ਖਤਮ, ਸਸਤਾ, ਇਸ ਮਸ਼ੀਨ ਨਾਲ ਝੋਨਾ ਲਗਾਉਣ ਕਾਰਨ ਇੱਕਸਾਰ ਤਰਤੀਬਬੱਧ ਹੋਣ ਕਰਕੇ ਹਵਾ ਵਿਚੋਂ ਲੰਘਣੀ ਸੌਖੀ, ਉਲੀ ਰੋਗ ਤੋਂ ਛੁਟਕਾਰਾ, ਖੜ੍ਹੀ ਫਸਲ ਵਿਚ ਖਾਦ ਪਾਉਣੀ ਸੌਖੀ ਹੋ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਸ਼ੀਨਾਂ ਨਾਲ ਕਤਾਰਾਂ ਵਿਚ ਇੱਕਸਾਰ ਲੱਗੇ ਹੋਏ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਲਈ ਹੈਪੀਸੀਡਰ ਸੁਖਾਲਾ ਚੱਲਦਾ ਹੈ।

ਹੱਥਾਂ ਨਾਲ ਲਵਾਈ 'ਚ ਸਿਰਫ ਪ੍ਰਤੀ ਵਰਗ ਮੀਟਰ ਵਿਚ 18 ਤੋਂ 20 ਬੂਟੇ ਲੱਗਦੇ ਹਨ ਪਰ ਇਸ ਮਸ਼ੀਨ ਨਾਲ 28 ਤੋਂ 33 ਬੂਟੇ ਲੱਗਦੇ ਹਨ। ਲੇਬਰ ਸਿਰਫ ਇਕ ਬੂਟਾ ਹੀ ਲਗਾਉਂਦੀ ਹੈ, ਜਦੋਂਕਿ ਮਸ਼ੀਨ 2 ਤੋਂ ਵੱਧ ਲੋੜ ਅਨੁਸਾਰ ਬੂਟੇ ਲਗਾਉਂਦੀ ਹੈ। ਜੇਕਰ ਉਸ ਵਿਚ ਕਣਕ ਦਾ ਨਾੜ ਦੱਬਿਆ ਹੋਵੇ ਤਾਂ ਕਣਕ ਦੇ ਨਾੜ ਨੁਕੀਲੇ ਹੋਣ ਕਰਕੇ ਕਾਮਿਆਂ ਕੋਲੋ ਝੋਨਾ ਚੰਗੀ ਤਰ੍ਹਾਂ ਨਹੀਂ ਲੱਗਦਾ ਪਰ ਮਸ਼ੀਨ ਹੇਠਾਂ ਤੱਕ ਇਕਸਾਰ ਝੋਨਾ ਲਗਾਉਂਦੀ ਹੈ। ਮਸ਼ੀਨੀ ਬਿਜਾਈ ਨਾਲ ਝੋਨੇ ਦੇ ਝਾੜ ਦੀ ਗੱਲ ਚੱਲੀ ਤਾਂ ਸ: ਭੁੱਲਰ ਨੇ ਦੱਸਿਆ ਕਿ ਮੈਨੂੰ ਪ੍ਰਤੀ ਏਕੜ 1.5 ਕੁਇੰਟਲ ਝਾੜ ਦਾ ਫਰਕ ਪਿਆ। ਜਦੋਂ ਉਨ੍ਹਾਂ ਨਾਲ ਮਸ਼ੀਨ ਦੇ ਪੰਜਾਬ ਵਿਚ ਕਾਮਯਾਬ ਹੋਣ ਦੀ ਗੱਲ ਚੱਲੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸ਼ੀਨ ਕਿਸਾਨਾਂ ਲਈ ਬਹੁਤ ਲਾਹੇਵੰਦ ਹਨ। ਇਸ ਕਰਕੇ ਸਾਨੂੰ ਬਦਲਦੇ ਸਮੀਕਰਨਾਂ ਕਰਕੇ ਨਵੀਂ ਤਕਨੀਕ ਹੀ ਅਪਣਾਉਣੀ ਚਾਹੀਦੀ ਹੈ। ਸ. ਭੁੱਲਰ ਨੇ ਕਿਹਾ ਕਿ ਹੁਣ ਸਾਡੇ ਕੋਲ ਆਪਣੀਆਂ ਮਸ਼ੀਨਾਂ ਹੋਣ ਕਰਕੇ ਅਸੀਂ ਇਸ ਦੇ ਨਾਲ ਰਾਤ ਨੂੰ ਵੀ ਝੋਨਾ ਬੀਜ ਸਕਦੇ ਹਾਂ। ਗੱਲਬਾਤ ਦੌਰਾਨ ਸ. ਭੱਲਰ ਨੇ ਦੱਸਿਆ ਕਿ ਕਿਸਾਨ ਦੀ ਸਹੂਲਤ ਲਈ ਅਸੀਂ ਪਿੰਡ ਰਾਊਵਾਲ (ਲੁਧਿਆਣਾ) 'ਚ ਨਰਸਰੀ ਸੈਂਟਰ ਤਿਆਰ ਕੀਤਾ ਹੈ। ਜਿਸ ਵਿਚ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਵਾਜ਼ਿਬ ਕੀਮਤ ’ਤੇ ਦਿੱਤੀ ਜਾਇਆ ਕਰੇਗੀ। ਝੋਨੇ ਦੀ ਪਨੀਰੀ ਸਬੰਧੀ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਸ਼ੀਨ ਨਾਲ ਝੋਨਾ ਲਗਾਉਣ ਵਾਸਤੇ ਕਿਸਾਨ 15 ਮਈ ਤੋਂ ਪਨੀਰੀ ਬੀਜਣੀ ਅਤੇ 15 ਜੂਨ ਤੋਂ ਝੋਨਾ ਬੀਜਣਾ ਸ਼ੁਰੂ ਕਰ ਸਕਦੇ ਹਨ। ਇਸ ਸਾਲ ਵੀ ਅਸੀਂ ਮਸ਼ੀਨ ਨਾਲ ਝੋਨਾ ਲਵਾਉਣ ਦੇ ਇਛੁਕ ਕਿਸਾਨਾਂ ਦੀ ਪਨੀਰੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸ. ਭੁੱਲਰ ਨੇ ਕਿਹਾ ਕਿ ਜਿਹੜੇ ਕਿਸਾਨ ਪਨੀਰੀ ਖਰੀਦਣਾ ਚਾਹੁੰਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। 

PunjabKesari

ਸ. ਤਪਿੰਦਰ ਸਿੰਘ ਪਿੰਡ ਜੋਧਾਂ ਪਿਛਲੇ ਦੋ ਸਾਲਾਂ ਤੋਂ ਪਿਛੇ ਤੁਰਨ ਵਾਲੀ ਟਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲੁਆਈ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਵਲੋਂ ਝੋਨੇ ਦੀ ਲਵਾਈ ਵਾਲੀ ਮਸ਼ੀਨ ਨੂੰ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ 125 ਏਕੜ ਰਕਬੇ ਵਿਚ ਝੋਨਾ ਲਗਾਇਆ ਗਿਆ। ਅਸੀਂ ਕਿਸਾਨਾਂ ਤੋਂ 5200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਸ਼ੀਨ ਦਾ ਕਿਰਾਇਆ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਲੈਂਦੇ ਹਾਂ। ਇਸ ਸਾਲ ਵੀ ਅਸੀਂ ਮਸ਼ੀਨ ਨਾਲ ਝੋਨਾ ਲਵਾਉਣ ਦੇ ਇਛੁਕ ਕਿਸਾਨਾਂ ਦੀ ਬੁਕਿੰਗ 50% ਦਾ ਅਡਵਾਂਸ ਲੈ ਕੇ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਸਾਡੇ ਕੋਲ ਤਕਰੀਬਨ 150 ਏਕੜ ਰਕਬੇ ਦਾ ਸਮਝੌਤਾ ਹੋ ਗਿਆ ਹੈ। ਸ. ਤਪਿੰਦਰ ਸਿੰਘ ਮੁਤਾਬਕ ਲੇਬਰ ਦੀ ਲਵਾਈ ਨਾਲੋਂ ਮਸ਼ੀਨ ਦੀ ਲਵਾਈ ਵਿਚ 2.5 ਤੋਂ 3.0 ਕੁਇੰਟਲ ਝਾੜ ਵੱਧ ਨਿਕਲਦਾ ਹੈ। ਇਸ ਬਿਜਾਈ ਵਿਚ ਪਨੀਰੀ ਦੀ ਸਾਂਭ ਸੰਭਾਲ, ਲੇਬਰ ਵਾਲੇ ਝੋਨੇ ਦੀ ਪਨੀਰੀ ਨਾਲੋਂ ਜ਼ਿਆਦਾ ਹੁੰਦੀ ਹੈ। ਮਈ ਦੇ ਮਹੀਨੇ ਵਿਚ ਪੈਡੀਟਰਾਂਸਪਲਾਂਟਰ ਦੀ ਪਨੀਰੀ ਮੈਟ ’ਤੇ ਲੱਗਦੀ ਹੈ। 4 ਬੰਦੇ ਦਿਨ ਵਿਚ 10 ਤੋਂ 11 ਏਕੜ ਦੀ ਪਨੀਰੀ ਬੀਜਦੇ ਹਨ। ਪਨੀਰੀ ਦੀ ਸਾਂਭ ਸੰਭਾਲ ਦਾ ਵੀ ਫਰਕ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਤਾਪਮਾਨ ਜ਼ਿਆਦਾ ਹੋਣ ਕਰਕੇ ਮੈਟ ’ਤੇ ਗਰਮਾਇਸ਼ ਹੋਣ ਕਰਕੇ ਪਨੀਰੀ ਦੀ ਦੇਖਭਾਲ ਜ਼ਿਆਦਾ ਕਰਨੀ ਪੈਂਦੀ ਹੈ। ਦਿਨ ਵਿਚ ਦੋ ਵਾਰ ਸਵੇਰੇ ਅਤੇ ਦੁਪਹਿਰ ਨੂੰ ਪਾਣੀ ਦੇਣਾ ਪੈਂਦਾ ਹੈ। ਖਾਦ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਭਾਵੇਂ ਪਨੀਰੀ ਦੀ ਦੇਖਭਾਲ ਔਖੀ ਹੈ ਪਰ ਝੋਨੇ ਦੀ ਬਿਜਾਈ ਸੌਖੀ ਹੋ ਜਾਂਦੀ ਹੈ। ਝੋਨੇ ਦੀ ਲਵਾਈ ਵਿਚ ਮਸ਼ੀਨ ’ਤੇ ਖਰਚਾ 2.5 ਲੀਟਰ ਪੈਟਰੋਲ ਅਤੇ 800 ਰੁਪਏ ਏਕੜ ਲੇਬਰ ਦਾ ਖਰਚਾ ਪੈਂਦਾ ਹੈ। ਇਸ ਸਾਲ ਵੀ ਅਸੀਂ ਮਸ਼ੀਨ ਨਾਲ ਝੋਨਾ ਲਵਾਉਣ ਦੇ ਇਛੁਕ ਕਿਸਾਨਾਂ ਦੀ ਪਨੀਰੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਚਲਾਉਣਾ :
ਸ:ਜਸਵਿੰਦਰ ਸਿੰਘ, ਜੋ ਮਲਟੀਪਰਪਜ ਸੁਸਾਇਟੀ ਪਿੰਡ ਲਾਂਬਰਾ ਕਾਂਗੜੀ ਜ਼ਿਲਾ ਹੁਸ਼ਿਆਰਪੁਰ ਵਿਖੇ ਚਲਾ ਰਿਹਾ ਹੈ, ਨੇ ਦੱਸਿਆ ਕਿ ਪਿਛਲੇ ਸਾਲ ਸੁਸਾਇਟੀ ਵਲੋਂ ਦੋ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਚਲਾਇਆ ਗਿਆ। ਪਨੀਰੀ ਲਗਾਉਣ ਤੋਂ ਤਕਰੀਬਨ 1 ਮਹੀਨਾ ਪਹਿਲਾਂ ਮਈ ਦੇ ਸ਼ੁਰੂ ਵਿਚ ਕਿਸਾਨਾਂ ਨਾਲ ਇਕ ਸਮਝੌਤਾ ਕਰ ਲਿਆ ਜਾਂਦਾ ਹੈ। ਇਸ ਸਮਝੌਤੇ ਤਹਿਤ ਕਿਸਾਨਾਂ ਨੇ ਰਕਬਾ ਅਤੇ ਪਨੀਰੀ ਦੀ ਕਿਸਮ ਦੱਸਣੀ ਹੁੰਦੀ ਹੈ ਅਤੇ ਕਿਸਾਨਾਂ ਨੂੰ 1 ਤਾਰੀਖ ਦੇਣੀ ਹੁੰਦੀ ਹੈ, ਜਿਸ ਦਿਨ ਖੇਤ ਪਨੀਰੀ ਲਗਾਉਣ ਲਈ ਤਿਆਰ ਹੋਣਾ ਚਾਹੀਦਾ ਹੈ ਤਾਂ ਜੋ ਖੇਤ ਵਿਚ ਝੋਨੇ ਦੀ ਲਵਾਈ ਕੀਤੀ ਜਾ ਸਕੇ। ਇਸ ਤਰ੍ਹਾਂ ਸਾਡੇ ਕੋਲ ਤਕਰੀਬਨ ਦੋ ਮਸ਼ੀਨਾਂ ਦੇ ਲਈ ਤਕਰੀਬਨ 500 ਏਕੜ ਰਕਬੇ ਦਾ ਸਮਝੌਤਾ ਹੋ ਜਾਂਦਾ ਹੈ। ਅਸੀਂ 500 ਏਕੜ ਲਈ ਅਲੱਗ-ਅਲੱਗ ਝੋਨੇ ਦੀ ਕਿਸਮ ਲਗਾਉਣ ਦੀ ਵਿਉਂਤਬੰਦੀ ਕਰਕੇ ਪਨੀਰੀ ਲਗਾ ਦਿੰਦੇ ਹਾਂ ਅਤੇ ਮਸ਼ੀਨਾਂ ਨੂੰ ਚਲਾਉਣ ਲਈ ਇਕ ਪੂਰੀ ਸਮਾਂ ਸਾਰਣੀ ਨਿਰਧਾਰਤ ਕਰ ਲੈਂਦੇ ਹਾਂ।

ਅਸੀਂ ਕਿਸਾਨਾਂ ਤੋਂ 5000 ਤੋਂ 5500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਰਾਇਆ ਲੈਂਦੇ ਹਾਂ, ਜਿਸ ਵਿਚ ਬੀਜ, ਪਨੀਰੀ, ਮਜ਼ਦੂਰਾਂ ਅਤੇ ਮਸ਼ੀਨ ਦਾ ਖਰਚਾ ਸ਼ਾਮਲ ਹੁੰਦਾ ਹੈ। ਪਿਛਲੇ ਸਾਲ ਅਸੀਂ ਇਨ੍ਹਾਂ ਮਸ਼ੀਨਾਂ ਨਾਲ 500 ਏਕੜ ਰਕਬੇ ਵਿਚ ਝੋਨਾ ਲਗਾਇਆ। ਇਸ ਸਾਲ ਵੀ ਅਸੀਂ ਮਸ਼ੀਨ ਨਾਲ ਝੋਨਾ ਲਵਾਉਣ ਦੇ ਇਛੁਕ ਕਿਸਾਨਾਂ ਦੀ ਪਨੀਰੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਾਡੀ ਸੁਸਾਇਟੀ ਕੋਲੇ 4 ਪਹੀਆਂ ਵਾਲੀਆਂ 2 ਮਸ਼ੀਨਾਂ ਹਨ ਅਤੇ ਇਹ ਮਸ਼ੀਨਾਂ ਲਗਾਤਾਰ ਤਕਰੀਬਨ 30 ਤੋਂ 35 ਦਿਨ ਚੱਲ ਕੇ 500 ਤੋਂ 550 ਏਕੜ ਰਕਬੇ ਵਿਚ ਝੋਨੇ ਦੀ ਲਵਾਈ ਕਰ ਦਿੰਦੀਆਂ ਹਨ। ਪਿਛੇ ਤੁਰਨ ਵਾਲੀ ਮਸ਼ੀਨ ਇਕ ਸੀਜਨ ਵਿਚ ਤਕਰੀਬਨ 80 ਤੋਂ 100 ਏਕੜ ਰਕਬੇ ਵਿਚ ਝੋਨਾ ਲਗਾ ਸਕਦੀ ਹੈ। 

ਸ: ਬਲਵੀਰ ਸਿੰਘ, ਜੋ ਪਿੰਡ ਨੂਰਪੁਰ ਜ਼ਿਲਾ ਲੁਧਿਆਣਾ ਵਿਖੇ ਕੋਆਪਰੇਟਿਵ ਸੁਸਾਇਟੀ ਚਲਾ ਰਿਹਾ ਹੈ, ਨੇ ਦੱਸਿਆ ਕਿ ਪਿਛਲੇ ਸਾਲ ਸੁਸਾਇਟੀ ਵਲੋਂ ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਮਸ਼ੀਨ ਨੂੰ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਚਲਾਇਆ ਗਿਆ। ਪਿਛਲੇ ਸਾਲ ਮਸ਼ੀਨ ਨਾਲ 270 ਏਕੜ ਰਕਬੇ ਵਿਚ ਝੋਨਾ ਲਗਾਇਆ ਗਿਆ। ਇਸ ਸਾਲ ਸੁਸਾਇਟੀ ਵਲੋਂ ਉੱਤੇ ਬੈਠ ਕੇ ਚਲਾਉਣ ਵਾਲੀ ਚਾਰ ਪਹੀਆ ਇਕ ਹੋਰ ਮਸ਼ੀਨ ਦੀ ਬੁਕਿੰਗ ਵੀ ਕਰ ਦਿੱਤੀ ਹੈ। ਇਸ ਤਰ੍ਹਾਂ ਸਾਡੇ ਕੋਲ ਦੋ ਮਸ਼ੀਨਾਂ ਲਈ ਤਕਰੀਬਨ 550 ਏਕੜ ਰਕਬੇ ਦਾ ਸਮਝੌਤਾ ਹੋ ਗਿਆ ਹੈ। ਅਸੀਂ ਅਲੱਗ-ਅਲੱਗ ਝੋਨੇ ਦੀ ਕਿਸਮ ਲਗਾਉਣ ਦੀ ਵਿਉਂਤਬੰਦੀ ਕਰਕੇ ਪਨੀਰੀ ਕਿਸਾਨਾਂ ਦੇ ਖੇਤਾਂ ਵਿਚ ਲਗਾ ਰਹੇ ਹਾਂ। ਝੋਨੇ ਦੀ ਪਨੀਰੀ ਲਗਾਉਣ ਸਬੰਧੀ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਸਾਲ ਅਸੀਂ ਮਸ਼ੀਨ ਨਾਲ ਝੋਨਾ ਲਵਾਉਣ ਦੇ ਇਛੁਕ ਕਿਸਾਨਾਂ ਦੇ ਰਕਬੇ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਅਸੀਂ ਕਿਸਾਨਾਂ ਤੋਂ 2700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਸ਼ੀਨ ਦਾ ਕਿਰਾਇਆ ਲੈਂਦੇ ਹਾਂ, ਜਿਸ ਵਿਚ ਮਜਦੂਰਾਂ ਅਤੇ ਮਸ਼ੀਨ ਦਾ ਖਰਚਾ ਸ਼ਾਮਲ ਹੁੰਦਾ ਹੈ।

ਇਸ ਲੇਖ ਦਾ ਸਾਰ :
ਇਨ੍ਹਾਂ ਕਿਸਾਨਾਂ ਅਤੇ ਸੁਸਾਇਟੀਆਂ ਦੇ ਤਜ਼ਰਬੇ ਨੂੰ ਮੱਦੇਨਜ਼ਰ ਰੱਖਦੇ ਹੋਏ ਝੋਨੇ ਦੀ ਲੁਆਈ ਵਾਲੀਆਂ ਮਸ਼ੀਨਾਂ ਨੂੰ ਇਕ ਲਾਹੇਵੰਦ ਤਰੀਕੇ ਨਾਲ ਕਿਰਾਏ ’ਤੇ ਚਲਾਇਆ ਜਾ ਸਕਦਾ ਹੈ।

• ਇਨ੍ਹਾਂ ਮਸ਼ੀਨਾਂ ’ਤੇ ਸਰਕਾਰ ਵਲੋਂ ਤਕਰੀਬਨ 50% ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
• ਪਿੰਡ ਪੱਧਰ ’ਤੇ ਇਹ ਕੰਮ ਸ਼ੁਰੂ ਕਰਨ ਲਈ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਛੁਕ ਕਿਸਾਨਾਂ ਤੋਂ ਇਕ ਸਹਿਮਤੀ ਪੱਤਰ ਲੈ ਕੇ ਕੁਝ ਕੀਮਤ ਦਾ ਅਡਵਾਂਸ (ਬਿਆਨਾ) ਲਿਆ ਜਾਂਦਾ ਹੈ। 
• ਕਿਸਾਨਾਂ ਤੋਂ ਰਕਬਾ ਅਤੇ ਝੋਨੇ ਦੀ ਕਿਸਮ ਲਿਖਾ ਕੇ ਉਸ ਦੇ ਹਿਸਾਬ ਨਾਲ ਪਨੀਰੀ ਬੀਜਣ ਦੀ ਵਿਉਂਤਬੰਦੀ ਕੀਤੀ ਜਾਦੀ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੀਅੰਦਾਜ਼ਨ ਤਾਰੀਖ ਦਿੱਤੀ ਜਾਂਦੀ ਹੈ।
• ਇਕ ਸੀਜਨ ਵਿਚ ਤਕਰੀਬਨ 250 ਤੋਂ 300 ਏਕੜ ਚਾਰ ਪਹੀਆ ਮਸ਼ੀਨ ਨਾਲ ਅਤੇ ਤਕਰੀਬਨ 100 ਤੋਂ 125 ਏਕੜ ਰਕਬਾ ਪਿਛੇ ਤੁਰਨ ਵਾਲੀ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ. 
• ਪਨੀਰੀ ਅਤੇ ਮਸ਼ੀਨ ਦਾ ਕਿਰਾਇਆ ਤਕਰੀਬਨ 5200 ਤੋਂ 5500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਤੋਂ ਲਿਆ ਜਾ ਸਕਦਾ ਹੈ.
• ਇਸ ਵਿਚ ਤਕਰੀਬਨ 3000 ਤੋਂ 3500 ਦਾ ਖਰਚਾ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਚਲਾਉਣ ਅਤੇ ਮੈਟ ਟਾਈਪ ਪਨੀਰੀ ਨੂੰ ਲਗਾਉਣ ’ਤੇ ਲੱਗ ਜਾਂਦਾ ਹੈ.
• ਇਸ ਹਿਸਾਬ ਨਾਲ ਇਕ ਸੀਜਨ ਵਿਚ 4 ਪਹੀਆਂ ਵਾਲੀ ਮਸ਼ੀਨ ਨਾਲ 5 ਤੋਂ 6 ਲੱਖ ਰੁਪਏ ਅਤੇ ਪਿਛੇ ਤੁਰਨ ਵਾਲੀ ਮਸ਼ੀਨ ਨਾਲ 2 ਤੋਂ 2.5 ਲੱਖ ਰੁਪਏ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਸੋ ਜੇਕਰ ਬਿਨਾ ਸਬਸਿਡੀ ਦੇ ਹਿਸਾਬ ਲਗਾਇਆ ਜਾਵੇ ਤਾਂ 4 ਪਹੀਆਂ ਵਾਲੀ ਮਸ਼ੀਨ ਦੀ ਕੀਮਤ 2 ਸਾਲਾਂ ਵਿਚ ਅਤੇ ਪਿਛੇ ਤੁਰਨ ਵਾਲੀ ਮਸ਼ੀਨ ਦੀ ਕੀਮਤ ਇਕ ਸੀਜਨ ਵਿਚ ਹੀ ਪੂਰੀ ਕੀਤੀ ਜਾ ਸਕਦੀ ਹੈ।
• ਇਸ ਤਰ੍ਹਾਂ ਪਿੰਡ ਪੱਧਰ ’ਤੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲੋੜੀਂਦੀ ਮੈਟ ਟਾਈਪ ਪਨੀਰੀ ਮੁਹੱਈਆ ਕਰਵਾ ਕੇ ਕਿਰਾਏ ’ਤੇ ਜਾਂ ਕੋਆਪਰੇਟਿਵ ਸੁਸਾਇਟੀਆਂ ਰਾਹੀ ਚਲਾਉਣਾ ਇਕ ਲਾਹੇਵੰਦ ਧੰਧਾ ਸਾਬਤ ਹੋ ਸਕਦਾ ਹੈ।


author

rajwinder kaur

Content Editor

Related News