ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਪੱਛਡ਼ੀ
Sunday, Jul 01, 2018 - 07:34 AM (IST)
ਫਰੀਦਕੋਟ (ਹਾਲੀ) - ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 20 ਜੂਨ ਤੋਂ ਪੂਰੇ ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਸੀ ਅਤੇ ਹੁਣ 10 ਦਿਨ ਬੀਤਣ ਦੇ ਬਾਵਜੂਦ ਝੋਨਾ ਲਾਉਣ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਦਾ ਮੁੱਖ ਕਾਰਨ ਦੂਜੇ ਸੂਬਿਅਾਂ ਤੋਂ ਆ ਰਹੇ ਮਜ਼ਦੂਰਾਂ ਦੀ ਘਾਟ ਨੂੰ ਮੰਨਿਆ ਜਾ ਰਿਹਾ ਹੈ। ਪਿੰਡ ਹਰਦਿਆਲੇਆਣਾ ਦੇ ਕਿਸਾਨ ਐਡਵੋਕੇਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਮੀਂਹ ਵਧੀਆ ਪੈ ਰਿਹਾ ਹੈ ਅਤੇ ਬਿਜਲੀ ਦੀ ਸਿਪਲਾਈ ਵੀ ਨਿਰਵਿਘਨ ਮਿਲ ਰਹੀ ਹੈ ਪਰ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਕਮੀ ਕਾਰਨ ਲਵਾਈ ਦਾ ਕੰਮ ਪੱਛਡ਼ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ 20 ਜੂਨ ਨੂੰ ਝੋਨਾ ਲਾਉਣ ਦਾ ਫੈਸਲਾ ਵੀ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ, ਇਸ ਨਾਲ ਜਿੱਥੇ ਝੋਨੇ ਦੀ ਪੈਦਾਵਰ ’ਤੇ ਅਸਰ ਹੋਵੇਗਾ, ਨਾਲ ਹੀ ਅਗਲੀ ਕਣਕ ਤੇ ਆਲੂ ਦੀ ਫਸਲ ਵੀ ਕਾਫੀ ਪੱਛਡ਼ ਜਾਵੇਗੀ।
ਬਿਹਾਰ ਦੇ ਜ਼ਿਲਾ ਦਰਬੰਗਾ ਤੋਂ ਆਏ ਮਜ਼ਦੂਰ ਸੁਰੇਸ਼ ਚੋਪਾਲ ਨੇ ਦੱਸਿਆ ਕਿ ਨਵੀਂ ਪੀਡ਼੍ਹੀ ਦੇ ਨੌਜਵਾਨ ਪੰਜਾਬ ਆ ਕੇ ਝੋਨਾ ਲਾਉਣ ਨੂੰ ਰਾਜ਼ੀ ਨਹੀਂ ਹਨ, ਜਿਸ ਕਾਰਨ ਪੁਰਾਣੇ ਮਜ਼ਦੂਰ ਹੀ ਆ ਰਹੇ ਹਨ, ਇਸੇ ਕਰ ਕੇ ਮਜ਼ਦੂਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ।
