ਕਿਸਾਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ’ਚ ਰੇਲਵੇ ਸਟੇਸ਼ਨ ’ਤੇ ਲਾਏ ਡੇਰੇ

Monday, Jun 25, 2018 - 08:38 AM (IST)

ਕਿਸਾਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ’ਚ ਰੇਲਵੇ ਸਟੇਸ਼ਨ ’ਤੇ ਲਾਏ ਡੇਰੇ

 ਸੰਗਰੂਰ (ਬੇਦੀ) – ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਮੱਦੇਨਜ਼ਰ ਝੋਨੇ ਦੀ ਫਸਲ ਦੀ ਲਵਾਈ ਦਾ ਸਮਾਂ 20 ਜੂਨ ਮੁਕੱਰਰ ਕਰਨ ਦੇ ਫੈਸਲੇ ਅਨੁਸਾਰ ਭਾਵੇਂ  ਝੋਨੇ ਦੀ ਬੀਜਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਕਾਰ ਵੱਲੋਂ ਅਾਪਣੇ ਵਾਅਦੇ ਅਨੁਸਾਰ 8 ਘੰਟੇ ਲਗਾਤਾਰ ਬਿਜਲੀ ਸਪਲਾਈ ਵੀ ਦਿੱਤੀ ਜਾ ਰਹੀ ਹੈ ਪਰ ਸਾਰੇ ਪਾਸੇ ਇਕ ਦਮ ਕੰਮ ਸ਼ੁਰੂ ਹੋਣ ਕਾਰਨ ਹੁਣ ਸਮੱਸਿਆ ਇਹ ਹੈ ਕਿ ਕੋਈ ਵੀ ਝੋਨੇ ਦੀ ਲਵਾਈ ਦਾ ਕੰਮ ਹੁਣ ਇਕ ਦਿਨ ਵੀ ਹੋਰ ਲੇਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੰਬੇ ਸਮੇਂ ’ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਵਾਈ ਜਿੰਨੀ ਲੇਟ ਹੋਵੇਗੀ ਓਨਾ ਹੀ ਫਸਲ ਦਾ ਝਾਡ਼ ਘੱਟ ਹੋਵੇਗਾ ਅਤੇ ਅੱਗੇ ਜਾ ਕੇ ਮੰਡੀਕਰਨ ’ਚ  ਵੀ ਦਿੱਕਤ ਪੇਸ਼ ਆਵੇਗੀ ।
 ਪ੍ਰਵਾਸੀ ਮਜ਼ਦੂਰਾਂ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਕੁਝ ਕਾਰਨਾਂ ਕਰਕੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਦੇਰ ਪਹੁੰਚ ਰਹੇ ਹਨ, ਜਿਸ ਕਰਕੇ ਝੋਨਾ ਲਾਉਣ ਵਾਲੀ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਪ੍ਰਵਾਸੀ ਮਜ਼ਦੂਰਾਂ ਦੀ ਆਮਦ ਨੂੰ ਲੈ ਕੇ ਇਨ੍ਹੀਂ ਦਿਨੀਂ ਰੇਲਵੇ ਸਟੇਸ਼ਨਾਂ ’ਤੇ ਕਿਸਾਨਾਂ ਦੀ ਮੌਜੂਦਗੀ ਅਕਸਰ ਵੇਖੀ ਜਾ ਸਕਦੀ ਹੈ। ਇਨ੍ਹਾਂ ਮਜ਼ਦੂਰਾਂ ਦੀ ਉਡੀਕ ਵਿਚ ਧੂਰੀ ਜੰਕਸ਼ਨ ਸਮੇਤ ਮਾਲਵਾ ਦੇ ਹੋਰਨਾਂ ਰੇਲਵੇ ਸਟੇਸ਼ਨਾਂ ’ਤੇ ਕਿਸਾਨਾਂ ਦੀਆਂ ਟੋਲੀਆਂ ਨੇ ਬੀਤੇ ਕਈ-ਕਈ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ’ਚ ਡੇਰੇ ਲਾਏ ਹੋਏ ਹਨ। ਰੇਲਵੇ ਸਟੇਸ਼ਨ ’ਤੇ ਲੇਬਰ ਦੀ ਉਡੀਕ ਵਿਚ  ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤਾ ਗਿਆ 20 ਜੂਨ ਵਾਲਾ ਫੈਸਲਾ ਸਹੀ ਨਹੀਂ ਹੈ। ਇਸ ਫੈਸਲੇ ਨਾਲ ਕਿਸਾਨ ਦੀ ਫਸਲ ਲੇਟ ਹੋਣ ਦੇ ਨਾਲ-ਨਾਲ ਕਿਸਾਨਾਂ ਦਾ ਆਰਥਕ ਸ਼ੋਸ਼ਣ ਵੀ ਹੋਵੇਗਾ ਕਿਉਂਕਿ  ਪਿਛਲੇ ਸਾਲ ਪ੍ਰਤੀ ਏਕਡ਼ ਝੋਨੇ ਦੀ ਲਵਾਈ 2000-2300 ਰੁਪਏ ਤੱਕ  ਸੀ  ਅਤੇ ਇਸ ਵਾਰ ਓਹੀ ਰੇਟ 2800 - 3000 ਰੁਪਏ ਪ੍ਰਤੀ ਏਕਡ਼ ਤਕ ਪੁੱਜ ਗਿਆ ਹੈ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ ਲੇਬਰ ਮਿਲੇ ਅਤੇ ਝੋਨੇ ਦਾ ਕੰਮ ਸਮੇਟਿਆ ਜਾ ਸਕੇ ।
 ਝੋਨੇ ਦੀ ਲਵਾਈ ਦੇ ਸਬੰਧ ’ਚ ਮਜ਼ਦੂਰਾਂ ਦੇ ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਇਸ ਵਾਰ ਪੇਂਡੂ ਮਜ਼ਦੂਰਾਂ ਵੱਲੋਂ ਵੀ ਝੋਨੇ ਦੇ ਕੰਮ ਵਿਚ ਚੰਗਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ’ਚ ਅੌਰਤਾਂ ਵੱਲੋਂ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ । ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਝੋਨੇ ਦੀ ਲਵਾਈ ਲਈ ਸਿਰਫ ਤੇ ਸਿਰਫ ਪ੍ਰਵਾਸੀ ਮਜ਼ਦੂਰਾਂ ’ਤੇ ਹੀ ਨਿਰਭਰ ਰਹਿਣਾ ਪੈਂਦਾ ਸੀ ਪਰ ਸਮਾਂ ਦਰ ਸਮਾਂ ਪੰਜਾਬੀ ਪੇਂਡੂ ਮਜ਼ਦੂਰ ਵੀ ਇਸ ਕੰਮ ’ਚ ਹੱਥ ਚਲਾਉਣ ਲੱਗੇ ਹਨ ਅਤੇ ਹੁਣ ਕਈ-ਕਈ ਪਰਿਵਾਰਾਂ ਦੇ ਮਰਦ ਅੌਰਤਾਂ ਸਾਂਝੇ ਰੂਪ ’ਚ ਟੋਲੀਆਂ ਬਣਾ ਕੇ ਝੋਨੇ ਦੀ ਲਵਾਈ ਦਾ ਕੰਮ ਕਰ ਰਹੇ ਹਨ।

 


Related News