ਝੋਨੇ ਦੀ ਆਮਦ ਨੇ ਜ਼ੋਰ ਫੜਿਆ, ਪ੍ਰਬੰਧ ਢਿੱਲੇ

Friday, Oct 06, 2017 - 04:11 AM (IST)

ਝੋਨੇ ਦੀ ਆਮਦ ਨੇ ਜ਼ੋਰ ਫੜਿਆ, ਪ੍ਰਬੰਧ ਢਿੱਲੇ

ਮਾਛੀਵਾੜਾ ਸਾਹਿਬ,  (ਟੱਕਰ, ਸਚਦੇਵਾ)- ਮਾਛੀਵਾੜਾ ਮੰਡੀ 'ਚ ਝੋਨੇ ਦੀ ਆਮਦ ਨੇ ਜ਼ੋਰ ਫੜ ਲਿਆ ਹੈ ਤੇ ਸਰਕਾਰੀ ਖਰੀਦ ਏਜੰਸੀਆਂ ਵਲੋਂ 75 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ ਪਰ ਹੁਣ ਤਕ ਸਰਕਾਰ ਵਲੋਂ ਖਰੀਦ ਏਜੰਸੀਆਂ ਨੂੰ ਸ਼ੈਲਰ ਅਲਾਟ ਨਹੀਂ ਕੀਤੇ ਗਏ, ਜਿਸ ਕਾਰਨ ਮੰਡੀ ਵਿਚੋਂ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ।
ਮਾਰਕੀਟ ਕਮੇਟੀ ਦੇ ਸਕੱਤਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਹੁਣ ਤਕ 75 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਿਆ ਹੈ, ਜਿਸ ਵਿਚ ਪੰਜਾਬ ਐਗਰੋ ਵਲੋਂ 16830 ਕੁਇੰਟਲ, ਵੇਅਰ ਹਾਊਸ ਵਲੋਂ 9960 ਕੁਇੰਟਲ, ਪਨਗ੍ਰੇਨ ਵਲੋਂ 24750 ਕੁਇੰਟਲ, ਮਾਰਕਫੈੱਡ ਵਲੋਂ 14940 ਕੁਇੰਟਲ ਝੋਨਾ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਉਪ ਖਰੀਦ ਸ਼ੇਰਪੁਰ ਬੇਟ 'ਚ ਮਾਰਕਫੈੱਡ ਵਲੋਂ 4310 ਕੁਇੰਟਲ ਤੇ ਪਨਸਪ ਵਲੋਂ ਹੇਡੋਂ ਬੇਟ ਵਿਖੇ 2170 ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ। 
ਅਨਾਜ ਮੰਡੀ ਵਿਚ ਝੋਨੇ ਦੀ ਆਮਦ ਤਾਂ ਜ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਪਰ ਸਰਕਾਰ ਵਲੋਂ ਕੀਤੇ ਗਏ ਗਏ ਖਰੀਦ ਪ੍ਰਬੰਧ ਢਿੱਲੇ ਹੋਣ ਕਾਰਨ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਰਕਾਰ ਵਲੋਂ ਖਰੀਦ ਏਜੰਸੀਆਂ ਨੂੰ ਅਜੇ ਤਕ ਸ਼ੈਲਰ ਅਲਾਟ ਨਹੀਂ ਕੀਤੇ ਗਏ, ਜਿਸ ਕਾਰਨ ਲਿਫਟਿੰਗ ਰੁਕੀ ਪਈ ਹੈ। 
ਹੁਣ ਤਕ ਏਜੰਸੀਆਂ ਵਲੋਂ ਖਰੀਦਿਆ ਗਿਆ ਝੋਨਾ ਮੰਡੀਆਂ 'ਚੋਂ ਨਹੀਂ ਚੁੱਕਿਆ ਗਿਆ। ਆੜ੍ਹਤੀ ਪਰਮਿੰਦਰ ਸਿੰਘ ਗੁਲਿਆਣੀ ਤੇ ਅਰਵਿੰਦਰਪਾਲ ਸਿੰਘ ਵਿੱਕੀ ਨੇ ਦੱਸਿਆ ਕਿ ਸਰਕਾਰ ਵਲੋਂ ਜੋ ਦਾਅਵਾ ਕੀਤਾ ਗਿਆ ਸੀ ਕਿ ਝੋਨੇ ਦੀ ਖਰੀਦ ਉਪਰੰਤ 72 ਘੰਟਿਆਂ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ, ਉਹ ਹਵਾ ਹੋ ਗਏ ਹਨ ਕਿਉਂਕਿ ਅੱਜ ਖਰੀਦ ਦੇ 5 ਦਿਨ ਬੀਤਣ ਦੇ ਬਾਵਜੂਦ ਅਦਾਇਗੀ ਨਹੀਂ ਕੀਤੀ ਗਈ ਜਿਸ ਕਾਰਨ ਸੂਬੇ ਦੀ ਕਾਂਗਰਸ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। 
ਸ਼ੈਲਰਾਂ ਦੀ ਸੂਚੀ ਤਾਂ ਆਈ ਪਰ ਫਿਰ ਮੁੜ ਗਈ
ਜਾਣਕਾਰੀ ਅਨੁਸਾਰ ਖਰੀਦ ਏਜੰਸੀਆਂ ਨੂੰ ਸ਼ੈਲਰਾਂ ਦੀ ਅਲਾਟਮੈਂਟ ਸਬੰਧੀ ਬੁੱਧਵਾਰ ਨੂੰ ਇਕ ਸੂਚੀ ਜਾਰੀ ਕੀਤੀ ਗਈ ਸੀ, ਜਿਸ 'ਚ 7 ਸ਼ੈਲਰਾਂ ਦਾ ਨਾਂ ਸੀ ਪਰ ਉਨ੍ਹਾਂ 'ਤੇ ਵੀ ਪੂਰੀ ਤਰ੍ਹਾਂ ਸਹਿਮਤੀ ਨਾ ਹੋਣ ਕਾਰਨ ਉਕਤ ਸੂਚੀ ਨੂੰ ਸਥਾਨਕ ਫੂਡ ਸਪਲਾਈ ਦਫ਼ਤਰ ਵਿਚ ਵਾਪਸ ਮੰਗਵਾ ਲਿਆ ਗਿਆ, ਜਿਸ ਤੋਂ ਇਹ ਸਪੱਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿ ਸਰਕਾਰ ਅਜੇ ਤਕ ਸ਼ੈਲਰਾਂ ਦੀ ਅਲਾਟਮੈਂਟ ਵਿਚ ਉਲਝੀ ਹੋਈ ਹੈ। ਇਸ ਤੋਂ ਇਲਾਵਾ ਖਰੀਦ ਏਜੰਸੀ ਪਨਸਪ ਨੂੰ ਲੈ ਕੇ ਕਸ਼ਮਕਸ਼ ਜਾਰੀ ਹੈ। 


Related News