ਪੁਰਾਣੀ ਤਕਨੀਕ ਨਾਲ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ''ਤੇ ਪਾਬੰਦੀ : ਜ਼ਿਲਾ ਮੈਜਿਸਟ੍ਰੇਟ

Friday, Aug 04, 2017 - 04:38 PM (IST)

ਨਵਾਂਸ਼ਹਿਰ - ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਸਾੜਨ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਕੀਤੇ ਗਏ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨਾਲ ਲੈਸ ਕੰਬਾਈਨਾਂ ਹੀ ਇਸ ਵਾਰ ਝੋਨੇ ਦੀ ਕਟਾਈ ਕਰ ਸਕਣਗੀਆਂ, ਜਦਕਿ ਇਸ ਤਕਨੀਕ ਤੋਂ ਬਿਨਾਂ ਪੁਰਾਣੀ ਤਕਨੀਕ ਨਾਲ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ 'ਤੇ ਪਾਬੰਦੀ ਹੋਵੇਗੀ। 
ਜ਼ਿਲਾ ਮੈਜਿਸਟ੍ਰੇਟ ਸੋਨਾਲੀ ਗਿਰੀ ਨੇ ਧਾਰਾ 144 ਅਧੀਨ ਬਿਨਾਂ ਸੁਪਰ ਐੱਮ. ਐੱਸ. ਤਕਨੀਕ ਦੀਆਂ ਕੰਬਾਈਨਾਂ ਦੇ ਚੱਲਣ 'ਤੇ ਲਾਈ ਪਾਬੰਦੀ ਬਾਰੇ ਕਿਹਾ ਕਿ ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ, ਦਿੱਲੀ ਹਾਈਕੋਰਟ ਤੇ ਹੋਰ ਅਦਾਲਤਾਂ 'ਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮੁੱਦੇ 'ਤੇ ਚੱਲ ਰਹੇ ਵੱਖ-ਵੱਖ ਕੇਸਾਂ ਦੇ ਆਧਾਰ 'ਤੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 16.04.2012 ਨੂੰ ਵੱਖ-ਵੱਖ ਰਿੱਟ ਪਟੀਸ਼ਨਾਂ 'ਤੇ ਦਿੱਤੇ ਸਾਂਝੇ ਹੁਕਮਾਂ ਦੇ ਆਧਾਰ 'ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਮੁੱਦੇ ਦਾ ਹੱਲ ਲੱਭਣ ਲਈ ਕਿਹਾ ਗਿਆ ਸੀ। ਪੀ.ਏ.ਯੂ. ਦੇ ਮਾਹਿਰਾਂ ਵੱਲੋਂ ਵਿਕਸਿਤ ਕੀਤੀ ਗਈ ਤਕਨੀਕ, ਜਿਸ ਨੂੰ 'ਸੁਪਰ ਸਟਰਾਅ ਮੈਨੇਜਮੈਂਟ ਸਿਸਟਮ' ਦਾ ਨਾਂ ਦਿੱਤਾ ਗਿਆ ਹੈ, ਨਾਲ ਲੈਸ ਮਸ਼ੀਨਾਂ ਨਾਲ ਕੱਟੇ ਗਏ ਝੋਨੇ ਦੀ ਪਰਾਲੀ ਨੂੰ ਖੇਤ 'ਚ ਸਾੜਨ ਦੀ ਨੌਬਤ ਨਹੀਂ ਆਉਂਦੀ ਤੇ ਕਿਸਾਨ ਉਸ ਨੂੰ ਆਸਾਨੀ ਨਾਲ ਖੇਤ 'ਚ ਵਾਹ ਕੇ ਹੀ ਅਗਲੀ ਫਸਲ ਦੀ ਬਿਜਾਈ ਕਰ ਸਕਦਾ ਹੈ। ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਤਕਨੀਕ 'ਚ ਪਹਿਲਾਂ ਤੋਂ ਹੀ ਚੱਲ ਰਹੀਆਂ ਕੰਬਾਈਨਾਂ 'ਚ ਇਕ ਅਜਿਹਾ ਯੰਤਰ ਲਾ ਦਿੱਤਾ ਜਾਂਦਾ ਹੈ, ਜੋ ਪਰਾਲੀ ਨੂੰ ਕੁਤਰ ਕੇ ਖੇਤ 'ਚ ਨਾਲੋ-ਨਾਲ ਖਿਲਾਰ ਦਿੰਦਾ ਹੈ। ਇਸ ਤਰ੍ਹਾਂ ਕੁਤਰਾ ਕੀਤੀ ਗਈ ਪਰਾਲੀ ਇਕ ਵਾਰ ਵਹਾਈ ਕਰਨ ਨਾਲ ਹੀ ਖੇਤ 'ਚ ਰਲ ਜਾਂਦੀ ਹੈ ਤੇ ਉਸ ਲਈ ਕਿਸਾਨ ਨੂੰ ਵਾਧੂ ਖਰਚਾ ਜਾਂ ਮਿਹਨਤ ਨਹੀਂ ਕਰਨੀ ਪੈਂਦੀ।
ਸਰਕਾਰ ਨੇ ਇਹ ਫੈਸਲਾ ਪਰਾਲੀ ਤੇ ਨਾੜ ਨੂੰ ਖੇਤਾਂ 'ਚ ਸਾੜਨ ਕਾਰਨ ਪੈਦਾ ਹੋਏ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਰਕੇ ਲਿਆ ਹੈ, ਜਿਸ ਕਾਰਨ ਮਨੁੱਖ, ਵਾਤਾਵਰਣ ਤੇ ਧਰਤੀ ਦੀ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।
ਜ਼ਿਲਾ ਮੈਜਿਸਟ੍ਰੇਟ ਅਨੁਸਾਰ ਜ਼ਿਲੇ 'ਚ ਸੁਪਰ ਐੱਸ. ਐੱਮ. ਐੱਸ. ਤਕਨੀਕ ਤੋਂ ਬਿਨਾਂ ਕੰਬਾਈਨਾਂ ਦੇ ਕੰਮ ਕਰਨ 'ਤੇ ਪਾਬੰਦੀ ਦੇ ਇਹ ਹੁਕਮ ਹੁਣ ਤੋਂ ਹੀ ਅਮਲ 'ਚ ਆ ਗਏ ਹਨ ਤੇ ਝੋਨੇ ਦੀ ਕਟਾਈ ਦੇ ਸੀਜ਼ਨ 'ਚ ਬਿਨਾਂ ਸੁਪਰ ਐੱਸ.ਐੱਮ.ਐੱਸ. ਤਕਨੀਕ ਕਿਸੇ ਵੀ ਕੰਬਾਈਨ ਨੂੰ ਵਾਢੀ ਨਹੀਂ ਕਰਨ ਦਿੱਤੀ ਜਾਵੇਗੀ।


Related News