3 ਜਨਵਰੀ ਨੂੰ ਗੁਰਦਾਸਪੁਰ 'ਚ ਰੈਲੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ!

Thursday, Dec 20, 2018 - 09:51 AM (IST)

3 ਜਨਵਰੀ ਨੂੰ ਗੁਰਦਾਸਪੁਰ 'ਚ ਰੈਲੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ!

ਗੁਰਦਾਸਪੁਰ— ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਨੂੰ ਹਰੀ ਝੰਡੀ ਦੇਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਜਲਦ ਹੀ ਪੰਜਾਬ ਦੇ ਦੌਰੇ 'ਤੇ ਆਉਣਗੇ। ਜਾਣਕਾਰੀ ਮੁਤਾਬਕ, 3 ਜਨਵਰੀ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ 'ਚ 'ਧੰਨਵਾਦ ਰੈਲੀ' ਰੱਖੀ ਜਾ ਰਹੀ ਹੈ।ਇਹ ਰੈਲੀ ਗੁਰਦਾਸਪੁਰ ਵਿਖੇ ਹੋਵੇਗੀ। ਇਸ 'ਚ ਪ੍ਰਧਾਨ ਮੰਤਰੀ ਉਨ੍ਹਾਂ ਦੀ ਸਰਕਾਰ ਦੇ ਹਰ ਕੰਮ 'ਚ ਪੰਜਾਬੀਆਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਵੀ ਧੰਨਵਾਦ ਕਰਨਗੇ, ਨਾਲ ਹੀ ਅਦਾਲਤ ਵੱਲੋਂ ਪੰਜਾਬੀਆਂ ਪ੍ਰਤੀ ਲਏ ਗਏ ਫੈਸਲਿਆਂ ਦਾ ਵੀ ਧੰਨਵਾਦ ਕੀਤਾ ਜਾਵੇਗਾ।

ਇਸ ਗੱਲ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਮੇਜਰ ਆਰ. ਐੱਸ. ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਵਿਸ਼ਵ ਭਰ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।3 ਜਨਵਰੀ ਨੂੰ ਗੁਰਦਾਸਪੁਰ ਵਿਖੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ ਮੋਦੀ ਕੈਬਨਿਟ ਨੇ ਸਿੱਖਾਂ ਦੀ ਕਈ ਸਾਲਾਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ 'ਤੇ ਮੋਹਰ ਲਾ ਦਿੱਤੀ ਸੀ। ਭਾਰਤ ਸਰਕਾਰ ਦਾ ਲਾਂਘੇ 'ਤੇ ਇਹ ਇਤਿਹਾਸਕ ਕਦਮ ਹੈ। ਗੁਰਦਾਸਪੁਰ ਤੋਂ ਕੌਮਾਂਤਰੀ ਸਰਹੱਦ ਤਕ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਲਈ ਪੂਰਾ ਫੰਡ ਕੇਂਦਰ ਸਰਕਾਰ ਦੇਵੇਗੀ। ਇੰਨਾ ਹੀ ਨਹੀਂ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਟਰੇਨ ਵੀ ਚਲਾਉਣ ਜਾ ਰਹੀ ਹੈ। ਇਸ ਟਰੇਨ ਦਾ ਨਾਂ 'ਪੰਜ ਤਖਤ ਐਕਸਪ੍ਰੈੱਸ' ਰੱਖਿਆ ਗਿਆ ਹੈ, ਜੋ ਸਿੱਖ ਸੰਗਤਾਂ ਨੂੰ ਹਜ਼ੂਰ ਸਾਹਿਬ, ਪਟਨਾ ਸਾਹਿਬ, ਆਨੰਦਪੁਰ ਸਾਹਿਬ, ਅੰਮ੍ਰਿਤਸਰ 'ਚ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਦੇ ਦਰਸ਼ਨ ਕਰਾਏਗੀ।ਪੰਜ ਤਖਤ ਐਕਸਪ੍ਰੈੱਸ ਟਰੇਨ 14 ਜਨਵਰੀ 2019 ਨੂੰ ਦਿੱਲੀ ਤੋਂ ਰਵਾਨਾ ਹੋਵੇਗੀ।


Related News