ਪੀ. ਐੱਚ. ਸੀ. ਰਮਦਾਸ ਰੱਬ ਆਸਰੇ

Sunday, Jun 10, 2018 - 07:09 AM (IST)

ਰਮਦਾਸ,   (ਸਾਰੰਗਲ)-  ਸਰਹੱਦੀ ਕਸਬਾ ਰਮਦਾਸ ਜੋ ਕਿ ਸਮੇਂ ਦੀਅਾਂ ਸਰਕਾਰਾਂ ਵੱਲੋਂ ਅਣਗੌਲਿਆਂ ਕੀਤੇ ਜਾਣ ਕਾਰਨ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ, ਦੀ ਇਕ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਇਥੇ ਸਥਿਤ ਪੀ. ਐੱਚ. ਸੀ. ਵਿਖੇ ਇਕ ਤਾਂ ਕੋਈ ਐੱਸ. ਐੱਮ. ਓ. ਨਹੀਂ ਹੈ ਤੇ ਦੂਜਾ ਡਾਕਟਰਾਂ ਦੀ ਭਾਰੀ ਘਾਟ ਹੈ, ਜਿਸ ਦੇ ਮੱਦੇਨਜ਼ਰ ਮਰੀਜ਼ ਡਾਹਢੇ ਪ੍ਰੇਸ਼ਾਨ ਹੋਏ ਸਰਕਾਰਾਂ ਤੇ ਸਿਹਤ ਵਿਭਾਗ ਨੂੰ ਕੋਸਦੇ ਦਿਖਾਈ ਦਿੰਦੇ ਹਨ।
ਪੀ. ਐੱਚ. ਸੀ. ਰਮਦਾਸ ਰੱਬ ਆਸਰੇ ਚੱਲ ਰਹੀ ਹੈ, ਜਿਥੇ ਆਉਣ-ਜਾਣ ਵਾਲੇ ਮਰੀਜ਼ਾਂ ਦੀ ਸਾਰ ਲੈਣ ਵਾਲਾ ਕੋਈ ਦਿਸਦਾ ਨਹੀਂ ਲੱਗਦਾ ਕਿਉਂਕਿ ਇਥੇ ਤਾਇਨਾਤ ਪਹਿਲੇ ਐੱਸ. ਐੱਮ. ਓ. ਦੇ ਰਿਟਾਇਰਡ ਹੋਣ ਉਪਰੰਤ ਦੂਜਾ ਕੋਈ ਵੀ ਐੱਸ. ਐੱਮ. ਓ. ਅਜੇ ਤੱਕ ਵਿਭਾਗ ਤੇ ਸਰਕਾਰ ਵੱਲੋਂ ਇਥੇ ਤਾਇਨਾਤ ਨਹੀਂ ਕੀਤਾ ਗਿਆ। ਇਥੇ ਡਾਕਟਰਾਂ ਦੀ ਘਾਟ ਪਿਛਲੇ ਲੰਮੇ ਅਰਸੇ ਤੋਂ ਚੱਲੀ ਆ ਰਹੀ ਹੈ, ਜਿਸ ਨੂੰ ਅਜੇ ਤੱਕ ਪੂਰਾ ਕਰਨ ਲਈ ਸਰਕਾਰ ਨੇ ਕੋਈ ਅਹਿਮ ਕਦਮ ਨਹੀਂ ਪੁੱਟਿਆ। ਇਸ ਤੋਂ ਇਲਾਵਾ ਰਾਤ ਸਮੇੇਂ ਅੈਮਰਜੈਂਸੀ ਵਿਚ ਕਿਸੇ ਵੀ ਡਾਕਟਰ ਦੀ ਕੋਈ ਡਿਊਟੀ ਨਾ ਹੋਣ ਕਾਰਨ ਗੰਭੀਰ ਕੇਸ ਵਾਲੇ ਪਰਿਵਾਰ ਦਾ ਹਾਲ ਹੋਰ ਵੀ ਬੁਰਾ ਹੋ ਜਾਂਦਾ ਹੈ ਕਿਉਂਕਿ ਇਥੇ ਰਾਤ ਸਮੇਂ ਵੀ ਕੋਈ ਡਾਕਟਰ ਉਪਲਬਧ ਨਹੀਂ ਹੈ। 
ਦੂਜੇ ਪਾਸੇ ਜਦੋਂ ਇਥੇ ਚੈੱਕਅਪ ਕਰਵਾਉਣ ਪਹੁੰਚੇ ਮਰੀਜ਼ਾਂ ਮੰਗਲ ਸਿੰਘ, ਬਿਮਲਾ, ਨਿਸ਼ਾ, ਕਸ਼ਮੀਰ ਸਿੰਘ, ਅਮਨ ਆਦਿ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਚੈੱਕਅਪ ਕਰਵਾਉਣ ਆਏ ਸਨ ਪਰ ਡਾਕਟਰ ਸਮੇਂ ਸਿਰ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਘੰਟਿਆਂਬੱਧੀ ਬੈਠ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਕਤ ਮਰੀਜ਼ਾਂ ਨੇ ਮੰਗ ਕੀਤੀ ਕਿ ਪੀ. ਐੱਚ. ਸੀ. ਰਮਦਾਸ ਵਿਖੇ ਐੱਸ. ਐੱਮ. ਓ. ਦੀ ਤਾਇਨਾਤੀ ਕੀਤੀ ਜਾਵੇ ਅਤੇ ਨਾਲ ਹੀ ਡਾਕਟਰਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇ ਤਾਂ ਜੋ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। 
ਜਦੋਂ ਸਿਵਲ ਸਰਜਨ ਅੰਮ੍ਰਿਤਸਰ ਹਰਦੀਪ ਸਿੰਘ ਘਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀ. ਐੱਚ. ਸੀ. ਰਮਦਾਸ ਦਾ ਉਹ ਜਲਦ ਹੀ ਦੌਰਾ ਕਰ ਕੇ ਐੱਸ. ਐੱਮ. ਓ. ਦੀ ਤਾਇਨਾਤੀ ਕਰਵਾਉਣਗੇ ਅਤੇ ਬਾਕੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਸਰਕਾਰ ਅੱਗੇ ਮੁੱਦਾ ਰੱਖਣਗੇ ਤਾਂ ਜੋ ਸਰਹੱਦੀ ਕਸਬਾ ਰਮਦਾਸ ਦੇ ਲੋਕਾਂ ਨੂੰ ਇਥੋਂ ਪੂਰਨ ਸਿਹਤ ਸਹੂਲਤਾਂ ਮੁਹੱਈਆ ਹੋ ਸਕਣ। 
 


Related News