ਪੀ. ਸੀ. ਆਰ. ਦੇ ਮੋਟਰਸਾਈਕਲ ''ਤੇ ਲੱਗੇਗਾ ਜੀ. ਪੀ. ਆਰ. ਐੱਸ. ਸਿਸਟਮ : ਪੁਲਸ ਕਮਿਸ਼ਨਰ

Friday, Jun 15, 2018 - 07:01 AM (IST)

ਪੀ. ਸੀ. ਆਰ. ਦੇ ਮੋਟਰਸਾਈਕਲ ''ਤੇ ਲੱਗੇਗਾ ਜੀ. ਪੀ. ਆਰ. ਐੱਸ. ਸਿਸਟਮ : ਪੁਲਸ ਕਮਿਸ਼ਨਰ

ਜਲੰਧਰ, (ਸੁਧੀਰ)— ਸ਼ਹਿਰ ਵਿਚ ਚੋਰ, ਲੁਟੇਰੇ ਅਤੇ  ਮੁਲਜ਼ਮਾਂ 'ਤੇ ਸ਼ਿਕੰਜਾ ਕੱਸਣ ਵਾਲੇ ਪੀ. ਸੀ. ਆਰ. ਦਸਤੇ ਨੂੰ ਚੁਸਤ-ਦਰੁੱਸਤ ਰੱਖਣ ਅਤੇ ਕਾਰਗੁਜ਼ਾਰੀ ਚੈੱਕ ਕਰਨ ਲਈ ਕਮਿਸ਼ਨਰੇਟ ਪੁਲਸ ਜਲਦੀ ਹੀ ਪੀ. ਸੀ. ਆਰ. ਦੇ ਮੋਟਰਸਾਈਕਲ ਤੇ ਜੂਲੋ ਗੱਡੀਆਂ 'ਤੇ ਜੀ. ਪੀ. ਆਰ. ਐੱਸ. ਸਿਸਟਮ ਲਾਉਣ ਜਾ ਰਹੀ ਹੈ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਪੀ. ਸੀ. ਆਰ. ਦੇ ਮੋਟਰਸਾਈਕਲ ਤੇ ਜੂਲੋ ਗੱਡੀਆਂ 'ਤੇ ਜੀ. ਪੀ. ਆਰ.ਐੱਸ. ਸਿਸਟਮ ਲਾਉਣ ਲਈ ਕਮਿਸ਼ਨਰੇਟ ਪੁਲਸ ਜਲਦੀ ਹੀ ਟੈਂਡਰ ਭਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ ਸਾਰੇ ਮੁਲਾਜ਼ਮਾਂ ਦੇ ਮੋਟਰਸਾਈਕਲਾਂ ਅਤੇ ਜੂਲੋ ਗੱਡੀਆਂ 'ਤੇ ਜੀ. ਪੀ. ਆਰ. ਐੱਸ. ਸਿਸਟਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਵੀ ਚੈੱਕ ਕੀਤਾ ਜਾ ਸਕੇਗਾ। ਜੀ. ਪੀ. ਆਰ. ਐੱਸ. ਸਿਸਟਮ ਲਾਉਣ ਨਾਲ ਕਮਿਸ਼ਨਰੇਟ ਪੁਲਸ ਸਮੇਂ-ਸਮੇਂ 'ਤੇ ਮੁਲਾਜ਼ਮਾਂ ਦੀ ਲੋਕੇਸ਼ਨ ਵੀ ਚੈੱਕ ਕਰ ਸਕੇਗੀ। ਇਸ ਦੇ ਨਾਲ ਹੀ ਕੰਮਚੋਰ ਮੁਲਾਜ਼ਮਾਂ 'ਤੇ ਵੀ ਨਕੇਲ ਕੱਸੀ ਜਾਵੇਗੀ। 
ਬਿਨਾਂ ਜੀ. ਪੀ. ਆਰ. ਐੱਸ. ਸਿਸਟਮ ਲੱਗਾ ਹੋਣ ਕਾਰਨ ਕਮਿਸ਼ਨਰੇਟ ਪੁਲਸ ਪੀ. ਸੀ. ਆਰ. ਦੇ ਕਰਮਚਾਰੀਆਂ ਦੇ ਮੋਟਰਸਾਈਕਲ ਅਤੇ ਜੂਲੋ ਗੱਡੀਆਂ ਦੀ ਲੋਕੇਸ਼ਨ ਚੈੱਕ ਨਹੀਂ ਕਰ ਸਕਦੀ। ਜੀ. ਪੀ. ਆਰ. ਐੱਸ. ਸਿਸਟਮ ਲੱਗਣ ਨਾਲ ਕਮਿਸ਼ਨਰੇਟ ਪੁਲਸ 'ਚ ਮੁਲਜ਼ਮ 'ਤੇ ਕਾਬੂ ਪਾਉਣ ਵਾਲੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਵੀ ਆਸਾਨੀ ਨਾਲ ਚੈੱਕ ਕਰ ਸਕਦੀ ਹੈ। 
ਪੀ. ਸੀ. ਆਰ. ਦਸਤੇ ਨੂੰ ਹੁਣ ਜੋੜਿਆ ਥਾਣਾ ਵਾਈਜ਼, ਕਰਮਚਾਰੀਆਂ ਨੂੰ ਹੁਣ ਛੁੱਟੀ ਵੀ ਦੇਵੇਗਾ ਥਾਣਾ ਮੁਖੀ

ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਮੁਲਜ਼ਮਾਂ 'ਤੇ ਕਾਬੂ ਪਾਉਣ ਵਾਲੇ ਪੀ. ਸੀ. ਆਰ. ਦਸਤੇ ਨੂੰ ਵੱਖ ਕਰ ਕੇ ਸ਼ਹਿਰ ਦੇ ਥਾਣਾ ਵਾਈਜ਼ ਜੋੜ ਦਿੱਤਾ ਹੈ। ਥਾਣੇ ਦੀ ਹੱਦਬੰਦੀ ਦੇਖ ਕੇ ਪੀ. ਸੀ. ਆਰ. ਕਰਮਚਾਰੀਆਂ ਨੂੰ ਥਾਣਾ ਵਾਈਜ਼ ਤਾਇਨਾਤ ਕੀਤਾ ਗਿਆ ਹੈ। ਕਿਸੇ ਥਾਣੇ ਨੂੰ 3 ਮੋਟਰਸਾਈਕਲ ਦਿੱਤੇ ਹਨ ਤਾਂ ਕਿਸੇ ਨੂੰ 4 ਮੋਟਰਸਾਈਕਲ, 2 ਜੂਲੋ ਗੱਡੀਆਂ ਦਿੱਤੀਆਂ ਗਈਆਂ ਹਨ। ਥਾਣਾ ਮੁਖੀ ਹੀ ਆਪਣੇ-ਆਪਣੇ ਖੇਤਰ 'ਚ ਪੀ. ਸੀ. ਆਰ. ਮੁਲਾਜ਼ਮਾਂ ਨੂੰ ਅਪਰਾਧ ਹੋਣ 'ਤੇ ਘਟਨਾ ਵਾਲੀ ਥਾਂ 'ਤੇ ਮੂਵ ਕਰਵਾਉਣਗੇ। 
ਇਸ ਦੇ ਨਾਲ ਪੀ. ਸੀ. ਆਰ. ਮੁਲਾਜ਼ਮਾਂ ਨੂੰ ਛੁੱਟੀ ਦੇਣ ਦੀ ਜ਼ਿੰਮੇਵਾਰੀ ਵੀ ਥਾਣਾ ਮੁਖੀ ਦੀ ਹੋਵੇਗੀ। ਇਸ ਤੋਂ ਇਲਾਵਾ ਥਾਣੇ ਦੇ ਖੇਤਰ 'ਚ ਨਾਕਾ ਲਾਉਣ ਅਤੇ ਪੈਟਰੋਲਿੰਗ ਕਰਨ ਅਤੇ ਸੈਂਸਟਿਵ ਪੁਆਇੰਟ 'ਤੇ ਨਿਗਰਾਨੀ ਰੱਖਣ ਸਬੰਧੀ ਪੀ. ਸੀ. ਆਰ. ਮੁਲਾਜ਼ਮਾਂ ਨੂੰ ਥਾਣਾ ਮੁਖੀ ਹੀ ਹੁਕਮ ਦੇਣਗੇ। ਇੰਨਾ ਹੀ ਨਹੀਂ ਸਭ ਕੁਝ ਹੋਣ ਦੇ ਬਾਵਜੂਦ ਪੀ. ਸੀ. ਆਰ. ਦੇ ਕਰਮਚਾਰੀਆਂ ਨੂੰ ਮੋਟਰਸਾਈਕਲ ਅਤੇ ਜੂਲੋ 'ਤੇ ਜੀ. ਪੀ. ਆਰ. ਐੱਸ. ਸਿਸਟਮ ਨਾ ਲੱਗਾ ਹੋਣ ਕਾਰਨ ਕਮਿਸ਼ਨਰੇਟ ਪੁਲਸ ਦੇ ਆਲ੍ਹਾ ਅਧਿਕਾਰੀ ਜਾਂ ਫਿਰ ਥਾਣਾ ਮੁਖੀ ਸਿਰਫ ਵਾਇਰਲੈੱਸ ਸਿਸਟਮ ਨਾਲ ਹੀ ਪੀ. ਸੀ. ਆਰ. ਕਰਮਚਾਰੀਆਂ ਦੀ ਲੋਕੇਸ਼ਨ ਪੁੱਛ ਸਕਦੇ ਹਨ ਤੇ ਜੀ. ਪੀ. ਆਰ. ਐੱਸ. ਸਿਸਟਮ ਲੱਗਾ ਹੋਣ ਕਾਰਨ ਕੰਟਰੋਲ ਰੂਪ ਤੋਂ ਘਟਨਾ ਵਾਲੀ ਥਾਂ 'ਤੇ ਪਹੁੰਚਣ ਦਾ ਸਮਾਂ ਵੀ ਕਮਿਸ਼ਨਰੇਟ ਪੁਲਸ ਨੂੰ ਆਸਾਨੀ ਨਾਲ ਪਤਾ ਲੱਗ ਸਕੇਗਾ। ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਜਲਦੀ ਹੀ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।
ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਕੀਤਾ ਸੀ ਜੀ. ਪੀ. ਆਰ. ਐੱਸ. ਸਿਸਟਮ ਦਾ ਗਠਨ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਾਬਕਾ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਜੀ. ਪੀ. ਆਰ. ਐੱਸ. ਸਿਸਟਮ ਦਾ ਗਠਨ ਸ਼ਹਿਰ ਵਿਚ ਕਰੀਬ 42 ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਸ਼ਹਿਰ 'ਚ ਚੋਰ, ਲੁਟੇਰਿਆਂ, ਮੁਲਜ਼ਮਾਂ ਤੇ ਸ਼ੱਕੀ ਵਿਅਕਤੀਆਂ 'ਤੇ ਨਕੇਲ ਕੱਸਣ ਲਈ ਮੁਲਾਜ਼ਮਾਂ ਦੇ ਮੋਟਰਸਾਈਕਲ 'ਤੇ ਨੀਲੀ ਤੇ ਲਾਲ ਲਾਈਟ ਅਤੇ ਹੂਟਰ, ਫਸਟ ਏਡ ਕਿੱਟ ਦੇ ਕੇ ਸ਼ਹਿਰ 'ਚ ਰਵਾਨਾ ਕੀਤਾ ਸੀ ਤਾਂ ਜੋ ਰੱਬ ਨਾ ਕਰੇ ਜੇਕਰ ਸ਼ਹਿਰ 'ਚ ਕੋਈ ਘਟਨਾ ਹੁੰਦੀ ਹੈ ਤਾਂ ਪੀ. ਸੀ. ਆਰ. ਕਰਮਚਾਰੀ ਫਸਟ ਏਡ ਕਿੱਟ ਦੇ ਜ਼ਰੀਏ ਜ਼ਖਮੀਆਂ ਦੀ ਕੁਝ ਮਦਦ ਕਰ ਸਕਣ। 
ਪੀ. ਸੀ. ਆਰ. ਦੀ ਕਾਰਗੁਜ਼ਾਰੀ ਦੇਖ ਕੇ ਸ਼ਹਿਰ 'ਚ ਚੋਰ, ਲੁਟੇਰੇ ਤੇ ਮੁਲਜ਼ਮਾਂ ਦੇ ਦਿਲਾਂ 'ਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਸੀ। ਕੁਝ ਦੇਰ ਤਕ ਤਾਂ ਇਹ ਸਿਲਸਿਲਾ ਜਾਰੀ ਰਿਹਾ ਜਿਸ ਤੋਂ ਬਾਅਦ ਪੀ. ਸੀ. ਆਰ. ਦੇ ਮੋਟਰਸਾਈਕਲ ਕੰਡਮ ਹੋ ਗਏ ਤੇ ਮੁਲਾਜ਼ਮ ਪ੍ਰਾਈਵੇਟ ਮੋਟਰਸਾਈਕਲਾਂ 'ਤੇ ਡਿਊਟੀ ਕਰਨ ਲੱਗੇ। 
ਪੀ. ਸੀ. ਆਰ. ਕਰਮਚਾਰੀਆਂ ਨੂੰ ਦੁਬਾਰਾ ਐਕਟਿਵ ਕਰਨ ਲਈ ਉਨ੍ਹਾਂ ਨੂੰ ਨਵੇਂ ਮੋਟਰਸਾਈਕਲ ਅਤੇ ਨਵੀਆਂ ਜੂਲੋ ਗੱਡੀਆਂ ਦੇ ਕੇ ਸ਼ਹਿਰ 'ਚ ਦੁਬਾਰਾ ਰਵਾਨਾ ਕੀਤਾ ਗਿਆ। ਪੀ. ਸੀ. ਆਰ. ਦੇ ਮੋਟਰਸਾਈਕਲ 'ਤੇ ਜੀ. ਪੀ. ਆਰ. ਐੱਸ. ਸਿਸਟਮ ਵੀ ਲਗਾਇਆ ਗਿਆ ਤੇ ਕੰਟਰੋਲ ਰੂਮ ਤੋਂ ਮੈਸੇਜ ਆਉਣ 'ਤੇ ਇਨ੍ਹਾਂ ਨੂੰ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚਣ ਦੇ ਹੁਕਮ ਜਾਰੀ ਹੁੰਦੇ ਸਨ ਤੇ ਇਨ੍ਹਾਂ ਮੋਟਰਸਾਈਕਲਾਂ 'ਤੇ ਜੀ. ਪੀ. ਆਰ. ਐੱਸ. ਸਿਸਟਮ ਵੀ ਲੱਗਿਆ ਹੋਇਆ ਸੀ ਪਰ ਹੌਲੀ-ਹੌਲੀ ਮੋਟਰਸਾਈਕਲਾਂ 'ਤੇ ਜੀ. ਪੀ. ਆਰ. ਐੱਸ. ਸਿਸਟਮ ਖਰਾਬ ਹੋ ਗਿਆ। ਜਿਸ ਕਾਰਨ ਪੀ. ਸੀ. ਆਰ. ਦੀ ਕਾਰਗੁਜ਼ਾਰੀ ਵੀ ਸ਼ਹਿਰ 'ਚ ਢਿੱਲੀ ਹੋ ਗਈ।  ਚੋਰ, ਲੁਟੇਰੇ ਵੀ ਸ਼ਹਿਰ 'ਚ ਹਾਵੀ ਹੋ ਕੇ ਲਗਾਤਾਰ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ।


Related News