ਗੁਰਦੁਆਰਾ ਸਾਹਿਬ ''ਚ ਹੋਈ ''ਬਲਦਾਂ'' ਦੀ ਅੰਤਿਮ ਅਰਦਾਸ, ਮਾਲਕ ਨੇ ਖ਼ਾਸ ਤੌਰ ''ਤੇ ਛਪਵਾਏ ਭੋਗ ਦੇ ਕਾਰਡ
Monday, Aug 29, 2022 - 08:16 AM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਲੰਪੀ ਸਕਿਨ ਬੀਮਾਰੀ ਕਾਰਨ ਸਮਰਾਲਾ ਦੇ ਪਿੰਡ ਹੇੜੀਆਂ 'ਚ ਰਹਿਣ ਵਾਲੇ ਜ਼ਿਮੀਂਦਾਰ ਦੇ 4 ਬਲਦਾਂ ਦੀ ਮੌਤ ਹੋ ਗਈ। ਪੁੱਤਾਂ ਵਾਂਗ ਪਾਲੇ ਪਸ਼ੂਆਂ ਦੀ ਮੌਤ ਕਾਰਨ ਜ਼ਿਮੀਂਦਾਰ ਦੀਆਂ ਅੱਖਾਂ 'ਚ ਹੰਝੂ ਹਨ। ਜ਼ਿਮੀਂਦਾਰ ਰਵਿੰਦਰ ਸਿੰਘ ਸਮਰਾਲਾ ਖੇਤਰ ਦੇ ਪਿੰਡ ਹੇੜੀਆਂ ਦਾ ਰਹਿਣ ਵਾਲਾ ਹੈ, ਜਿਸ ਕੋਲ 40 ਲੱਖ ਰੁਪਏ ਦੀਆਂ ਕੀਮਤਾਂ ਦੇ ਚਾਰ ਬਲਦ ਸਨ। ਇਨ੍ਹਾਂ ਬਲਦਾਂ ਨੇ ਦੌੜ ਮੁਕਾਬਲਿਆਂ 'ਚ ਕਈ ਇਨਾਮ ਜਿੱਤੇ ਸਨ ਅਤੇ ਹਾਲ ਹੀ 'ਚ ਅਰਜੁਨ ਨਾਂ ਦੇ ਬਲਦ ਨੇ ਦੌੜ 'ਚ ਮੋਟਰਸਾਈਕਲ ਜਿੱਤਿਆ ਸੀ। ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬਲਦਾਂ ਦੇ ਨਾਂ ਅਰਜੁਨ, ਚੀਨਾ, ਕਾਲਾ ਨਾਗ ਤੇ ਨਵਾਬ ਸਨ।
ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ
ਇਨ੍ਹਾਂ ਨੂੰ ਧੂਰੀ 'ਚ ਹੋਈ ਬਲਦਾਂ ਦੀ ਬੋਲੀ 'ਚ ਖ਼ਰੀਦਿਆ ਗਿਆ ਸੀ ਪਰ ਲੰਪੀ ਸਕਿਨ ਬੀਮਾਰੀ ਨੇ ਇੱਕ ਹਫ਼ਤੇ 'ਚ ਹੀ ਚਾਰੇ ਬਲਦਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਹਾਲਾਂਕਿ ਉਨ੍ਹਾਂ ਦੇ ਇਲਾਜ 'ਤੇ ਵੀ ਲੱਖਾਂ ਰੁਪਏ ਖ਼ਰਚ ਕੀਤੇ ਪਰ ਉਹ ਬਲਦਾਂ ਨੂੰ ਨਹੀਂ ਬਚਾ ਸਕਿਆ। ਰਵਿੰਦਰ ਸਿੰਘ ਨੇ ਬਲਦਾਂ ਦੀ ਅੰਤਿਮ ਅਰਦਾਸ ਲਈ ਖ਼ਾਸ ਤੌਰ 'ਤੇ ਭੋਗ ਦੇ ਕਾਰਡ ਛਪਵਾਏ ਸਨ। ਇਸ ਤੋਂ ਇਲਾਵਾ ਵਟਸਐਪ ਗਰੁੱਪਾਂ 'ਚ ਵੀ ਇਨ੍ਹਾਂ ਨੂੰ ਸ਼ੇਅਰ ਕੀਤਾ ਤਾਂ ਜੋ ਲੋਕ ਅੰਤਿਮ ਅਰਦਾਸ 'ਚ ਸ਼ਾਮਲ ਹੋ ਸਕਣ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਫਿਰ ਛਿੜਿਆ ਨਵਾਂ ਕਲੇਸ਼, ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਨੋਟਿਸ
ਜਿਸ ਤਰ੍ਹਾਂ ਇਨਸਾਨਾਂ ਲਈ ਅੰਤਿਮ ਅਰਦਾਸ ਹੁੰਦੀ ਹੈ, ਚਾਰੇ ਬਲਦਾਂ ਲਈ ਵੀ ਉਸੇ ਤਰ੍ਹਾਂ ਦੀ ਅੰਤਿਮ ਅਰਦਾਸ ਹੋਈ। ਅਰਦਾਸ 'ਚ ਆਏ ਲੋਕਾਂ ਲਈ ਲੰਗਰ ਵੀ ਲਾਇਆ ਗਿਆ। ਪਸ਼ੂ ਪਾਲਕ ਲਈ ਉਸਦੇ ਪਸ਼ੂ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਦੇ ਜਾਣ ਦਾ ਦੁੱਖ ਉੰਝ ਹੀ ਹੁੰਦਾ ਹੈ, ਜਿਵੇਂ ਇੱਕ ਘਰ 'ਚੋਂ ਕਿਸੇ ਜੀਅ ਦੇ ਜਾਣ ਦਾ ਹੋਵੇ। ਜੇਕਰ ਇੱਕਠੀਆਂ ਹੀ 4 ਪਸ਼ੂਆਂ ਦੀ ਮੌਤ ਹੋ ਜਾਵੇ ਤਾਂ ਉਸ ਦਾ ਦਰਦ ਇਸ ਪਰਿਵਾਰ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ ਸਕਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ