ਨਸ਼ੇ ਦੀ ਓਵਰਡੋਜ਼ ਕਾਰਣ ਦੋ ਨੌਜਵਾਨਾਂ ਦੀ ਮੌਤ

Tuesday, Apr 21, 2020 - 05:24 PM (IST)

ਸਰਦੂਲਗੜ (ਚੋਪੜਾ)- ਕੋਵਿਡ- 19 ਕਾਰਣ ਪੂਰੇ ਦੇਸ਼ ਵਿਚ ਹੋਏ ਲਾਕਡਾਊਨ ਦੇ ਬਾਵਜੂਦ ਨਸ਼ਿਆਂ ਦਾ ਕਾਰੋਬਾਰ ਨਿਰਵਿਘਨ ਜਾਰੀ ਹੈ ਅਤੇ ਇਨ੍ਹਾਂ ਨਸ਼ਿਆ ਕਾਰਣ ਪੰਜਾਬ ਦੇ ਦੋ ਹੋਣਹਾਰ ਪੜ੍ਹੇ ਲਿਖੇ ਨੌਜਵਾਨ ਅਮ੍ਰਿਤਪਾਲ ਸਿੰਘ (18) ਵਾਸੀ ਮਾਨਸਾ ਅਤੇ ਹਰਪ੍ਰੀਤ ਸਿੰਘ (20) ਵਾਸੀ ਕੋਟੜਾ ਨਸ਼ੇ ਦੀ ਓਵਰਡੋਜ਼ ਕਾਰਣ ਮੌਤ ਦੇ ਮੂੰਹ ਵਿਚ ਚਲੇ ਗਏ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਗੁਆਂਢੀ ਸੂਬੇ ਹਰਿਆਣਾ ਦੇ ਕਸਬਾ ਰੋੜੀ ਵਿਖੇ ਇਕ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਾਏ ਮਿਲੇ, ਜਿਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰੋੜੀ ਦੇ ਐੱਸ.ਐੱਚ.ਓ. ਜਗਦੀਸ਼ ਚੰਦਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰਿੰਦਰਪਾਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਮੇਰਾ ਲੜਕਾ ਅਮ੍ਰਿਤਪਾਲ ਸਿੰਘ ਅਤੇ ਉਸਦਾ ਦੋਸਤ ਹਰਪ੍ਰੀਤ ਸਿੰਘ ਨੇ ਬਠਿੰਡਾ ਵਿਖੇ ਇਕੱਠੇ ਆਇਲੈਟਸ ਦੀ ਪੜ੍ਹਾਈ ਕੀਤੀ ਸੀ ਅਤੇ ਮੇਰਾ ਲੜਕਾ ਮੋਟਰਸਾਈਕਲ ਲੈ ਕੇ ਘਰ ਪੜ੍ਹਾਈ ਦਾ ਕਹਿ ਕੇ ਹਰਪ੍ਰੀਤ ਸਿੰਘ ਕੋਲ ਕੋਟੜਾ ਟਿੱਬੀ ਆਇਆ ਸੀ। ਜਿਸ ਨੇ ਅਗਲੇ ਦਿਨ ਦੁਪਹਿਰੇ ਮੋਬਾਇਲ 'ਤੇ ਸ਼ਾਮ ਨੂੰ ਘਰ ਆਉਣ ਦਾ ਕਿਹਾ ਸੀ ਪਰ ਉਸ ਤੋਂ ਬਾਅਦ ਨਾ ਅਮ੍ਰਿਤਪਾਲ ਸਿੰਘ ਅਤੇ ਨਾ ਹੀ ਹਰਪ੍ਰੀਤ ਸਿੰਘ ਨੇ ਫੋਨ ਚੁਕਿਆ ਅਤੇ ਨਾ ਹੀ ਘਰ ਵਾਪਿਸ ਆਏ। ਇਸ ਤੋਂ ਬਾਅਦ ਮੈਂ ਹਰਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਨੂੰ ਨਾਲ ਲੈ ਕੇ ਦੋਵਾਂ ਦੀ ਪੜਤਾਲ ਕਰਦੇ ਹੋਏ ਹਰਿਆਣਾ ਦੇ ਕਸਬੇ ਰੋੜੀ ਵਿਖੇ ਪਹੁੰਚ ਗਏ। 

ਇਹ ਵੀ ਪੜ੍ਹੋ : ਸਾਲੇਹਾਰ ਨਾਲ ਨਾਜਾਇਜ਼ ਸੰਬੰਧਾਂ 'ਚ ਵੱਡੀ ਵਾਰਦਾਤ, ਜਵਾਈ ਨੇ ਕਿਰਚਾਂ ਮਾਰ ਕਤਲ ਕੀਤਾ ਸਹੁਰਾ

ਜਿਥੋਂ ਪਤਾ ਲੱਗਿਆ ਕਿ ਉਕਤ ਮੋਟਰਸਾਈਕਲ ਸੁਰਿੰਦਰ ਸਿੰਘ ਉਰਫ ਰਾਜੂ ਦੇ ਘਰ ਕੋਲ ਦੇਖਿਆ ਸੀ, ਜਦੋਂ ਅਸੀ ਸੁਰਿੰਦਰ ਸਿੰਘ ਦੇ ਘਰ ਅੰਦਰ ਗਏ ਤਾਂ ਉਥੇ ਪੰਜ ਸੱਤ ਵਿਅਕਤੀ ਮੌਜੂਦ ਸਨ ਜੋ ਘਬਰਾਏ ਹੋਏ ਸਨ। ਘਰ ਦੇ ਇਕ ਕਮਰੇ ਵਿਚ ਦੋਵੇਂ ਲੜਕੇ ਬੈੱਡ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ, ਜਿਨ੍ਹਾਂ ਦੇ ਚਿਹਰੇ ਨੀਲੇ ਪਏ ਹੋਏ ਸਨ ਅਤੇ ਉਨ੍ਹਾਂ ਕੋਲ ਇੰਜੈਕਸ਼ਨ ਲਗਾਉਣ ਵਾਲੀ ਸਰਿੰਜ ਵੀ ਪਈ ਹੋਈ ਸੀ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਦੀ ਮੌਤ ਸੁਰਿੰਦਰ ਸਿੰਘ ਵਲੋਂ ਜ਼ਿਆਦਾ ਨਸ਼ਾ ਦੇਣ ਕਾਰਣ ਹੋਈ ਹੈ। ਪੁਲਸ ਥਾਣਾ ਰੋੜੀ ਨੇ ਸੁਰਿੰਦਰ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲਾਕਡਾਊਨ ''ਚ ਦੋਸਤ ਨੂੰ ਮਿਲਣ ਆਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਦੋ ਦੀ ਮੌਤ    


Gurminder Singh

Content Editor

Related News