56 ਕਰੋੜ ਦੀ ਲਾਗਤ ਵਾਲੇ ਓਵਰਬ੍ਰਿਜ ਦਾ ਕੰਮ ਲਟਕਿਆ

Sunday, Dec 17, 2017 - 08:13 AM (IST)

ਫ਼ਰੀਦਕੋਟ  (ਹਾਲੀ) - ਫ਼ਰੀਦਕੋਟ-ਤਲਵੰਡੀ ਸੜਕ ਉਪਰ ਰੇਲਵੇ ਲਾਈਨ 'ਤੇ 56 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਓਵਰਬ੍ਰਿਜ ਦਾ ਕੰਮ ਤਕਨੀਕੀ ਕਾਰਨਾਂ ਕਰ ਕੇ ਅੱਧ-ਵਿਚਕਾਰ ਲਟਕ ਗਿਆ ਹੈ। ਤੇਜ਼ ਰਫ਼ਤਾਰ ਨਾਲ ਚੱਲ ਰਹੇ ਇਸ ਓਵਰਬ੍ਰਿਜ ਦਾ ਕੰਮ ਦਸੰਬਰ ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਸੀ ਪਰ ਹੁਣ ਇਸ ਪ੍ਰਾਜੈਕਟ ਦੇ ਨੇੜਲੇ ਭਵਿੱਖ 'ਚ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ ਜਾਪ ਰਹੀ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਕੰਪਨੀ ਨੇ ਨਹਿਰਾਂ ਤੋਂ ਲੈ ਕੇ ਦਸਮੇਸ਼ ਸਕੂਲ ਤੱਕ ਓਵਰਬ੍ਰਿਜ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ, ਜਦਕਿ ਦੂਜੇ ਪਾਸੇ ਰੇਲਵੇ ਫਾਟਕ ਤੋਂ ਲੈ ਕੇ ਸੈਸ਼ਨ ਹਾਊਸ ਤੱਕ ਇਸ ਪੁਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓਵਰਬ੍ਰਿਜ ਬਣਾਉਣ ਲਈ 6 ਕਰਮਾਂ ਜਗ੍ਹਾ ਸੈਸ਼ਨ ਹਾਊਸ 'ਚੋਂ ਲਈ ਜਾਣੀ ਹੈ ਅਤੇ ਇਹ ਜਗ੍ਹਾ ਹਾਸਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਬਿਲਡਿੰਗ ਕਮੇਟੀ ਦੀ ਮਨਜ਼ੂਰੀ ਲਾਜ਼ਮੀ ਹੈ।
ਮਾਮਲਾ ਧਿਆਨ 'ਚ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਇਸ ਪ੍ਰਾਜੈਕਟ ਬਾਰੇ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ ਅਤੇ ਹਾਈਕੋਰਟ ਨੂੰ ਭੇਜ ਦਿੱਤੀ ਹੈ ਤੇ ਹਾਈਕੋਰਟ ਦੀ ਬਿਲਡਿੰਗ ਕਮੇਟੀ ਨੇ ਹੁਣ ਇਸ ਬਾਰੇ ਕੋਈ ਅੰਤਿਮ ਫੈਸਲਾ ਲੈਣਾ ਹੈ। ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਐੱਸ. ਡੀ. ਓ. ਮਨਪ੍ਰੀਤਮ ਸਿੰਘ ਨੇ ਕਿਹਾ ਕਿ ਰੇਲਵੇ ਫਾਟਕ ਤੋਂ ਲੈ ਕੇ ਸੈਸ਼ਨ ਹਾਊਸ ਤੱਕ ਪੁਲ ਬਣਾਉਣ ਲਈ ਕਰੀਬ 6 ਕਰਮਾਂ ਜਗ੍ਹਾ ਦੀ ਹੋਰ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਜ਼ਮੀਨ ਸੈਸ਼ਨ ਹਾਊਸ ਵਾਲੇ ਪਾਸਿਓਂ ਲਈ ਜਾਣੀ ਹੈ ਅਤੇ ਕੁਝ ਜ਼ਮੀਨ ਇਸ ਦੇ ਦੂਜੇ ਪਾਸਿਓਂ ਲਈ ਜਾਣੀ ਹੈ। ਇਹ ਕਾਗਜ਼ੀ ਕਾਰਵਾਈ ਜਲਦ ਹੀ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਪੁਲ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਇਸ ਪੁਲ ਦੀ ਉਸਾਰੀ ਕਰ ਕੇ ਫਰੀਦਕੋਟ-ਤਲਵੰਡੀ ਰੋਡ 'ਤੇ ਟ੍ਰੈਫਿਕ ਬੰਦ ਕੀਤਾ ਹੋਇਆ ਹੈ, ਜਦਕਿ ਚਹਿਲ ਰੋਡ 'ਤੇ ਰਾਜਸਥਾਨ ਫੀਡਰ ਦਾ ਪੁਲ ਖਸਤਾ ਹੋਣ ਕਾਰਨ ਉੱਥੇ ਵੀ ਟ੍ਰੈਫਿਕ ਬੰਦ ਕੀਤਾ ਹੋਇਆ ਹੈ। ਇਸ ਕਰ ਕੇ ਫ਼ਰੀਦਕੋਟ ਤੋਂ ਤਰਨਤਾਰਨ, ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਇਸ ਤੋਂ ਅੱਗੇ ਜਾਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੇ ਹਾਲ ਦੀ ਘੜੀ ਇਸ ਪਾਸੇ ਜਾਣ ਵਾਲੇ ਟ੍ਰੈਫਿਕ ਨੂੰ ਕੋਟਕਪੂਰਾ ਸੜਕ ਵਾਲੇ ਪਾਸਿਓਂ ਕੱਢਿਆ ਹੈ, ਜਿਸ ਕਰ ਕੇ ਫ਼ਰੀਦਕੋਟ-ਕੋਟਕਪੂਰਾ ਰੋਡ 'ਤੇ ਪੂਰਾ ਦਿਨ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਦਾ ਸਭ ਤੋਂ ਵੱਧ ਖਮਿਆਜ਼ਾ ਵਿਦਿਆਰਥੀਆਂ ਅਤੇ ਐਮਰਜੈਂਸੀ ਸੇਵਾਵਾਂ 'ਤੇ ਪੈਂਦਾ ਹੈ।


Related News