ਸਫਾਈ ਮੁਹਿੰਮ ਨੂੰ ਲੈ ਕੇ ਪਹਾੜਾਂ ''ਚੋਂ ਕੱਢਿਆ 28 ਬੋਰੀਆਂ ਪਾਲੀਥੀਨ

Wednesday, Oct 04, 2017 - 01:45 AM (IST)

ਸਫਾਈ ਮੁਹਿੰਮ ਨੂੰ ਲੈ ਕੇ ਪਹਾੜਾਂ ''ਚੋਂ ਕੱਢਿਆ 28 ਬੋਰੀਆਂ ਪਾਲੀਥੀਨ

ਨੂਰਪੁਰਬੇਦੀ, (ਭੰਡਾਰੀ)- ਵਿਸ਼ਵ ਭਰ 'ਚ ਸਮਾਜਿਕ ਤੌਰ 'ਤੇ ਕਾਰਜਸ਼ੀਲ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਦੀ ਤਖ਼ਤਗੜ੍ਹ ਇਕਾਈ ਦੇ ਸਮੁੱਚੇ ਮੈਂਬਰਾਂ ਨੇ ਵਾਤਾਵਰਣ ਤੇ ਪਹਾੜੀ ਸੁਹੱਪਣ ਨੂੰ ਬਚਾਏ ਰੱਖਣ ਲਈ ਆਰੰਭ ਕੀਤੀ ਅਨੋਖੀ ਸਫਾਈ ਮੁਹਿੰਮ ਦਾ ਅੱਜ ਦੂਸਰਾ ਗੇੜ ਮੁਕੰਮਲ ਕੀਤਾ। 
ਜ਼ਿਕਰਯੋਗ ਹੈ ਕਿ ਜੰਗਲੀ ਜਾਨਵਰਾਂ ਤੇ ਬਾਂਦਰਾਂ ਨੂੰ ਅਨਾਜ ਸਮੱਗਰੀ ਪਾਉਣ ਉਪਰੰਤ ਰਾਹਗੀਰਾਂ ਵੱਲੋਂ ਪਾਲੀਥੀਨ ਲਿਫਾਫਿਆਂ ਨੂੰ ਅਕਸਰ ਪਹਾੜੀ ਖੇਤਰ 'ਚ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਵਾਤਾਵਰਣ ਨੂੰ ਭਾਰੀ ਖਤਰਾ ਪੈਦਾ ਹੁੰਦਾ ਹੈ। ਪਾਲੀਥੀਨ ਦੇ ਪ੍ਰਦੂਸ਼ਣ ਤੋਂ ਪਹਾੜਾਂ ਤੇ ਮਨੁੱਖਤਾ ਨੂੰ ਬਚਾਉਣ ਲਈ ਉਕਤ ਸੰਸਥਾ ਨੇ ਬੀਤੇ ਦਿਨੀਂ ਸ਼ਿਵਾਲਿਕ ਦੇ ਪਹਾੜਾਂ 'ਚ ਉਕਤ ਅਨੋਖਾ ਸਫਾਈ ਅਭਿਆਨ ਚਲਾ ਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰ ਕੇ ਪ੍ਰਸ਼ਾਸਨ ਦੀ ਸ਼ਾਬਾਸ਼ੀ ਵੀ ਕਬੂਲੀ ਸੀ। ਇਸ ਹੌਸਲਾ ਅਫਜ਼ਾਈ ਕਾਰਨ ਸੰਸਥਾ ਦੇ ਮੈਂਬਰਾਂ ਨੇ ਫੈਸਲਾ ਲਿਆ ਸੀ ਕਿ ਉਹ ਹਰ 3 ਮਹੀਨਿਆਂ ਬਾਅਦ ਭਾਵ ਸਾਲ 'ਚ 4 ਵਾਰੀ ਪਹਾੜੀ ਖੇਤਰਾਂ 'ਚ ਸਫਾਈ ਕਰਨਗੇ ਤੇ ਲੋਕਾਂ ਨੂੰ ਪਾਲੀਥੀਨ ਤੇ ਹੋਰ ਕੂੜਾ ਨਾ ਸੁੱਟਣ ਲਈ ਜਾਗਰੂਕ ਕਰਨਗੇ।
ਇਸੇ ਲੜੀ ਦੇ ਦੂਸਰੇ ਗੇੜ ਤਹਿਤ ਗਾਂਧੀ ਜਯੰਤੀ ਨੂੰ ਸਮਰਪਿਤ ਸੰਸਥਾ ਦੇ 50 ਮੈਂਬਰਾਂ ਨੇ ਅੱਜ ਤੜਕਸਾਰ 5 ਤੋਂ 7 ਵਜੇ ਤੱਕ ਲਗਾਤਾਰ 2 ਘੰਟੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਪਹੁੰਚ ਕੇ ਪਾਲੀਥੀਨ ਦੇ ਲਿਫਾਫੇ ਇਕੱਠੇ ਕੀਤੇ। ਸੰਸਥਾ ਦੇ ਪ੍ਰਧਾਨ ਮਦਨ ਗੋਪਾਲ ਲਖਣੋਂ ਤੇ ਸਾਬਕਾ ਪ੍ਰਧਾਨ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਹਾੜ 'ਚ ਫੈਲੇ ਪਾਲੀਥੀਨ ਪ੍ਰਦੂਸ਼ਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਦਿਨ ਦੇ ਅਭਿਆਨ ਦੌਰਾਨ 28 ਬੋਰੀਆਂ 'ਚ ਪਾਲੀਥੀਨ ਇਕੱਠਾ ਕੀਤਾ ਗਿਆ। ਇਸ ਸਫਾਈ ਅਭਿਆਨ ਦੌਰਾਨ ਪ੍ਰਧਾਨ ਇੰਜੀ. ਮਦਨ ਗੋਪਾਲ ਲਖਣੋਂ, ਡਾ. ਰਕੇਸ਼ ਰਾਣਾ, ਵਰਿੰਦਰ ਸ਼ਰਮਾ, ਰਾਮ ਕੁਮਾਰ ਮਣਕੂ, ਜਗਦੀਪ ਸੈਕਟਰੀ ਮਵਾ, ਸ਼ਸ਼ੀਕਾਂਤ ਚੰਦਨ, ਸੁਰਜੀਤ ਖੱਟੜਾ, ਸੰਜੀਵ ਮੋਠਾਪੁਰ, ਜੇ. ਈ. ਅਸ਼ੋਕ ਕੁਮਾਰ, ਗੌਰਵ ਚੱਢਾ, ਪਵਨ ਪਲਹੋਰਾ ਤੇ ਜੀਵਨ ਕੁਮਾਰ ਵੀ ਹਾਜ਼ਰ ਸਨ।    


Related News