ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਅੰਦਰ 24 ਘੰਟੇ ਠੀਕਰੀ ਪਹਿਰਾ ਲਗਾਉਣ ਦੇ ਹੁਕਮ
Tuesday, Aug 26, 2025 - 02:49 PM (IST)

ਫਾਜ਼ਿਲਕਾ (ਲੀਲਾਧਰ) : ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈ. ਏ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 (ਪੁਰਾਣੀ ਸੀ.ਆਰ.ਪੀ.ਸੀ. 1973 ਦੀ ਧਾਰਾ 144) ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਕਿਸੇ ਵੀ ਸ਼ਰਾਰਤੀ ਅਨਸਰਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ 24 ਘੰਟੇ ਗਸ਼ਤ (ਠੀਕਰੀ ਪਹਿਰਾ) ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਪੁੱਲ, ਦਰਿਆ/ ਨਹਿਰ ਦੇ ਟੁੱਟ ਜਾਣ ਦੀ ਸੰਭਾਵਨਾ ਹੋਵੇ ਤਾਂ ਇਸ ਸਬੰਧੀ ਸੂਚਨਾ ਨਜ਼ਦੀਕੀ ਪੁਲਸ ਸਟੇਸ਼ਨ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤੀ ਜਾਵੇ।
ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸੂਬੇ ਅੰਦਰ ਭਾਰੀ ਬਾਰਸ਼ਾਂ ਆਉਣ ਕਾਰਨ ਜ਼ਿਲ੍ਹਾ ਫਾਜ਼ਿਲਕਾ ਵਿਚ ਪੈਂਦੇ ਸਤਲੁਜ ਦਰਿਆ ਵਿਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਕਰਕੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ 1, ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ), ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੂਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ) ਵਿਚ ਕਾਫੀ ਮਾਤਰਾ ਵਿਚ ਪਾਣੀ ਆ ਗਿਆ ਹੈ। ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਉਕਤ ਦਰਸਾਏ ਪਿੰਡਾਂ ਦੀ ਸੁਰੱਖਿਆ ਵਜੋਂ ਠੀਕਰੀ ਪਹਿਰਾ ਲਗਾਉਣ ਦੀ ਲੋੜ ਹੈ ਤਾਂ ਜੋ ਕੋਈ ਅਣ-ਸੁਖਾਵੀ ਘਟਨਾ ਨਾ ਵਾਪਰ ਸਕੇ।