ਪ੍ਰੋਗਰਾਮ ਰੱਦ ਹੋਇਆ ਤਾਂ ਆਰਕੈਸਟਰਾ ਵਾਲੀ ਕੁੜੀ ਨੇ ਅੱਧੀ ਰਾਤ ਨੂੰ ਬੁੱਕ ਕੀਤੀ ਟੈਕਸੀ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼

12/07/2022 12:16:53 PM

ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਨੇ ਜ਼ੀਰਕਪੁਰ ਤੋਂ ਟੈਕਸੀ ਹਾਇਰ ਕਰਕੇ ਲੁਧਿਆਣਾ ਆ ਕੇ ਲੁੱਟਣ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਸ ਵਿਚ ਇਕ ਕੁੜੀ ਵੀ ਸ਼ਾਮਲ ਹੈ, ਜਦੋਂਕਿ ਗਿਰੋਹ ਦੇ 5 ਮੈਂਬਰ ਅਜੇ ਫਰਾਰ ਹਨ। ਫੜੇ ਗਏ ਮੁਲਜ਼ਮ ਰਣਜੀਤ ਸਿੰਘ ਅਤੇ ਲਵਪ੍ਰੀਤ ਕੌਰ ਉਰਫ ਪ੍ਰੀਤੀ ਹਨ। ਦੋਵੇਂ ਮੁਲਜ਼ਮ ਢਿੱਲੋਂ ਨਗਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਮੋਬਾਇਲ, ਲੁੱਟੀ ਹੋਈ ਸਵਿਫਟ ਕਾਰ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ, ਜਦੋਂਕਿ ਫਰਾਰ ਮੁਲਜ਼ਮ ਸੋਨੂੰ ਗੁਪਤਾ ਉਰਫ ਸੋਨੂੰ ਸ਼ੂਟਰ, ਮਨਜੋਤ ਸਿੰਘ ਉਰਫ ਜੋਤੀ, ਇੰਦਰਜੀਤ ਸਿੰਘ ਉਰਫ ਗਾਂਧੀ ਅਤੇ 2 ਅਣਪਛਾਤੇ ਹਨ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਪ੍ਰੀਤੀ ਜ਼ੀਰਕਪੁਰ ’ਚ ਆਰਕੈਸਟਰਾ ਦਾ ਸ਼ੋਅ ਲਗਾਉਣ ਆਈ ਸੀ। ਸ਼ੋਅ ਰੱਦ ਹੋ ਜਾਣ ’ਤੇ ਉਸ ਨੇ 5 ਦਸੰਬਰ ਦੀ ਰਾਤ ਨੂੰ 2500 ਰੁਪਏ ’ਚ ਆਨਲਾਈਨ ਟੈਕਸੀ ਬੁੱਕ ਕੀਤੀ। ਬੁਕਿੰਗ ’ਤੇ ਡਰਾਈਵਰ ਸੰਦੀਪ ਕੁਮਾਰ ਨਿਵਾਸੀ ਡੇਰਾ ਬੱਸੀ, ਸਵਿਫਟ ਕਾਰ ਲੈ ਕੇ ਜ਼ੀਰਕਪੁਰ ਤੋਂ ਲੁਧਿਆਣਾ ਔਰਤ ਨੂੰ ਛੱਡਣ ਲਈ ਆ ਰਿਹਾ ਸੀ।

ਇਹ ਵੀ ਪੜ੍ਹੋ : ਵਿਦੇਸ਼ ਬੈਠੇ ਗੈਂਗਸਟਰ ਹੈਰੀ ਚੱਠਾ ਨੇ ਕਰਵਾਈ ਵੱਡੀ ਵਾਰਦਾਤ, ਆਈਲੈਟਸ ਸੈਂਟਰ ’ਤੇ ਚਲਵਾਈਆਂ ਗੋਲ਼ੀਆਂ

ਔਰਤ ਜ਼ੀਰਕਪੁਰ ਤੋਂ ਲੁਧਿਆਣਾ ਤੱਕ ਸ਼ਰਾਬ ਪੀਂਦੀ ਆਈ। ਰਸਤੇ ’ਚ ਉਸ ਨੇ ਡਰਾਈਵਰ ਨੂੰ ਵੀ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ। ਜਦੋਂ ਉਹ ਡਾਬਾ ਦੇ ਲੋਹਾਰਾ ਕੋਲ ਪੁੱਜਾ ਤਾਂ ਪ੍ਰੀਤੀ ਨੇ ਬਹਾਨਾ ਬਣਾਇਆ ਕਿ ਉਸ ਕੋਲ ਕੈਸ਼ ਨਹੀਂ ਹੈ ਅਤੇ ਉਸ ਦਾ ਗੂਗਲ-ਪੇ ਨਹੀਂ ਚੱਲ ਰਿਹਾ ਅਤੇ ਉਹ ਇੱਥੇ ਰੁਕੇ ਅਤੇ ਉਹ ਆਪਣੇ ਭਰਾ ਨੂੰ ਬੁਲਾ ਲੈਂਦੀ ਹੈ। ਇਸੇ ਦੌਰਾਨ ਮੁਲਜ਼ਮ ਔਰਤ ਨੇ ਆਪਣੇ ਸਾਥੀਆਂ ਨੂੰ ਫੋਨ ਕਰ ਕੇ ਲੋਕੇਸ਼ਨ ਭੇਜ ਦਿੱਤੀ। ਲੋਹਾਰਾ ਪਿੰਡ ਨੇੜੇ 2 ਬਾਈਕਾਂ ’ਤੇ ਪੰਜ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਪੁੱਜ ਗਏ। ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੀ ਚਾਬੀ ਸਮੇਤ ਉਸ ਦਾ ਪਰਸ, ਮੋਬਾਇਲ ਫੋਨ ਅਤੇ 8500 ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਬਠਿੰਡਾ ਦੇ ਸਿਵਲ ਹਸਪਤਾਲ ’ਚੋਂ ਦਿਨ-ਦਿਹਾੜੇ ਨਵਜੰਮਿਆ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਗ੍ਰਿਫ਼ਤਾਰ

ਕਾਰ ਦਾ ਪੈਟਰੋਲ ਕੀਤਾ ਬੰਦ, 500 ਮੀਟਰ ਜਾ ਕੇ ਰੁਕੀ ਕਾਰ

ਡਰਾਈਵਰ ਸੰਦੀਪ ਦੀ ਸਮਝਦਾਰੀ ਨਾਲ ਵਾਰਦਾਤ ਜਲਦ ਹੱਲ ਹੋ ਗਈ। ਸੰਦੀਪ ਨੇ ਗੱਡੀ ’ਚ ਇਕ ਵੱਖਰਾ ਬਟਨ ਲਗਵਾਇਆ ਸੀ। ਉਸ ਬਟਨ ਦੀ ਮਦਦ ਨਾਲ ਟੈਂਕ ’ਚੋਂ ਆਉਣ ਵਾਲਾ ਪੈਟਰੋਲ ਬੰਦ ਹੋ ਜਾਂਦਾ ਸੀ। ਬਦਮਾਸ਼ ਜਦੋਂ ਗੱਡੀ ਉਸ ਤੋਂ ਖੋਹਣ ਲੱਗੇ ਤਾਂ ਸੰਦੀਪ ਨੇ ਹੁਸ਼ਿਆਰੀ ਨਾਲ ਬਟਨ ਦਬਾ ਦਿੱਤਾ। ਕਰੀਬ 500 ਮੀਟਰ ਦੂਰ ਜਾ ਕੇ ਗੱਡੀ ਖੁਦ ਹੀ ਬੰਦ ਹੋ ਗਈ। ਬਦਮਾਸ਼ਾਂ ਨੇ ਸੋਚਿਆ ਕਿ ਸ਼ਾਇਦ ਤੇਲ ਖਤਮ ਹੋ ਗਿਆ। ਇਸੇ ਦੌਰਾਨ ਬਦਮਾਸ਼ ਉੱਥੇ ਹੀ ਸੜਕ ’ਤੇ ਗੱਡੀ ਛੱਡ ਕੇ ਫਰਾਰ ਹੋ ਗਏੇ, ਜਿਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਐੱਸ. ਐੱਚ. ਓ. ਇੰਸ. ਰਣਧੀਰ ਸਿੰਘ ਨੇ ਪੁਲਸ ਪਾਰਟੀ ਨਾਲ ਇਲਾਕੇ ਵਿਚ ਗੱਡੀ ਲੱਭਣੀ ਸ਼ੁਰੂ ਕੀਤੀ ਤਾਂ ਕੁਝ ਦੂਰ ਗੱਡੀ ਬਰਾਮਦ ਹੋ ਗਈ, ਜਿਸ ਤੋਂ ਬਾਅਦ ਪ੍ਰੀਤੀ ਨੂੰ ਫੜ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਰਣਜੀਤ ਨੂੰ ਵੀ ਫੜ ਲਿਆ ਗਿਆ।

ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੇ ਜਾਣ ਵਾਲੇ 5-5 ਮਰਲੇ ਦੇ ਪਲਾਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਰਣਜੀਤ ਸਿੰਘ ’ਤੇ ਅੱਧਾ ਦਰਜਨ ਤੋਂ ਵੱਧ ਪਰਚੇ ਦਰਜ

ਪੁਲਸ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਹਾਰਡਕੋਰ ਅਪਰਾਧੀ ਹੈ। ਉਸ ਦੇ ਖ਼ਿਲਾਫ ਅੱਧਾ ਦਰਜਨ ਕੇਸ ਦਰਜ ਹਨ। ਉਸ ’ਤੇ ਥਾਣਾ ਸ਼ਿਮਲਾਪੁਰੀ, ਥਾਣਾ ਡਾਬਾ, ਡਵੀਜ਼ਨ ਨੰ. 6 ਅਤੇ 5 ਵਿਚ ਲੁੱਟ ਅਤੇ ਚੋਰੀ ਦੇ ਕੇਸ ਦਰਜ ਹਨ।

ਇਹ ਵੀ ਪੜ੍ਹੋ : ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ, ਮਦਦ ਲਈ ਅੱਗੇ ਆਏ ਪੰਜਾਬੀਆਂ ਨੇ ਪੇਸ਼ ਕੀਤੀ ਮਿਸਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News