ਸੰਤ ਸੀਚੇਵਾਲ ਵਲੋਂ ਕੈਨੇਡਾ ''ਚ ਵਿਸ਼ਵ ਪੰਜਾਬੀ ਕਾਨਫਰੰਸ ਦਾ ਉਦਘਾਟਨ

06/29/2019 7:27:17 PM

ਸੁਲਤਾਨਪੁਰ ਲੋਧੀ/ਟੋਰਾਂਟੋ(ਸੋਢੀ)—ਕੈਨੇਡਾ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆ ਅਪੀਲ ਕੀਤੀ ਕਿ ਉਹ ਇੰਨ੍ਹਾਂ ਯਾਦਗਾਰੀ ਤੇ ਇਤਿਹਾਸਕ ਸਮਾਗਮਾਂ 'ਚ ਵੱਡੀ ਗਿਣਤੀ 'ਚ ਪਹੁੰਚਣ। ਉਨ੍ਹਾਂ ਨੇ ਟਰੰਟੋਂ 'ਚ ਤਿੰਨ ਦਿਨਾਂ ਪੰਜਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਉਦਘਾਟਨ ਕਰਦਿਆ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹ ਸੱਤ ਸਮੁੰਦਰੋਂ ਪਾਰ ਆ ਕੇ  ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਹਨ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮਾਂ ਬੋਲੀ ਨਾਲ ਜੋੜੀ ਰੱਖਣ ਦੇ ਸੁਹਿਰਦ ਯਤਨ ਕਰ ਰਹੇ ਹਨ।

ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨਾਲ ਪੰਜਾਬ ਦੇ ਪਲੀਤ ਹੋ ਰਹੇ ਦਰਿਆਵਾਂ ਦੇ ਦਰਦ ਦਾ ਜ਼ਿਕਰ ਛੇੜਦਿਆ ਕਿਹਾ ਕਿ ਗੁਰੂਆਂ ਪੀਰਾਂ ਦੇ ਨਾਂਅ 'ਤੇ ਵੱਸਦੀ ਪੰਜਾਬ ਦੀ ਧਰਤੀ 'ਤੇ ਹੁਣ ਜਿੰਨ੍ਹੀ ਤੇਜ਼ੀ ਨਾਲ ਕੈਂਸਰ ਫੈਲ ਰਿਹਾ ਹੈ ਇਹ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਦਰਿਆਵਾਂ 'ਚ ਪਿੰਡਾਂ 'ਤੇ ਸ਼ਹਿਰਾਂ ਦੇ ਜ਼ਹਿਰੀਲੇ 'ਤੇ ਗੰਦੇ ਪਾਣੀ ਪਾ ਕੇ ਇਸ ਨੂੰ ਪਲੀਤ ਕੀਤਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ 'ਚ ਆਉਣ ਵਾਲੀਆਂ ਪੀੜ੍ਹੀਆਂ ਦਾ ਪਾਣੀ ਅਸੀਂ ਪਹਿਲਾਂ ਹੀ ਖਤਮ ਕਰ ਚੁੱਕੇ ਹਾਂ। ਅਜਿਹੀਆਂ ਰਿਪੋਰਟਾਂ ਆ ਰਹੀਆਂ ਕਿ 10 ਸਾਲਾਂ ਤੱਕ 300 ਫੁੱਟ ਤੱਕ ਪਾਣੀ ਮੁੱਕ ਜਾਵੇਗਾ ਤੇ ਆਉਂਦੇ 25 ਤੋਂ 30 ਸਾਲਾਂ ਤੱਕ 400 ਫੁੱਟ  ਤੱਕ ਵਾਲਾ ਪਾਣੀ ਵੀ ਮੁੱਕ ਜਾਵੇਗਾ। ਪੰਜਾਬ ਤਾਂ ਜਿਊਂਦਾ ਹੀ ਪਾਣੀਆਂ ਦੇ ਸਿਰ 'ਤੇ ਹੈ।

ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਿੰਡ ਦੇ ਪਾਣੀਆਂ ਨੂੰ ਖੇਤੀ ਤੱਕ ਲੱਗਦਾ ਕਰਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 125 ਤੋਂ ਵੱਧ ਪਿੰਡਾਂ ਵਿੱਚ ਸੀਵਰੇਜ ਪਾ ਕੇ ਪਾਣੀ ਖੇਤੀ ਨੂੰ ਲੱਗਦਾ ਕੀਤਾ ਹੈ। ਹੋਰ ਬਹੁਤ ਸਾਰੇ ਪਿੰਡ ਹਨ ਜਿੱਥੇ ਸੀਵਰੇਜ ਪਾਏ ਜਾਣੇ ਹਨ।ਉਨ੍ਹਾਂ ਕਿਹਾ ਕਿ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਵੈੱਬਸਾਈਟ 'ਤੇ ਜਾ ਕੇ ਆਪਣੇ ਲਈ ਜਿੱਥੇ ਰਿਹਾਇਸ਼ ਦਾ ਮੁਫਤ ਪ੍ਰਬੰਧ ਕਰ ਸਕਦੇ ਹਨ ਉਥੇ ਸੇਵਾ ਵਿੱਚ ਵੀ ਹਿੱਸਾ ਪਾ ਸਕਦੇ ਹਨ। ਸੰਗਤਾਂ ਨੰ ਠਹਿਰਾਉਣ ਲਈ ਲੋਕਾਂ ਦੇ ਘਰਾਂ 'ਚ ਬੇਹਤਰੀਨ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਸੂਬੇ ਦਾ ਹਰ ਪਿੰਡ ਹਰਿਆ-ਭਰਿਆ ਬਣਾਉਣ ਲਈ ਬਰਸਾਤਾਂ ਵਿੱਚ 8 ਲੱਖ ਬੂਟੇ ਵੰਡੇ ਜਾ ਰਹੇ ਹਨ। ਇਸ ਮੌਕੇ ਅਜੈਬ ਸਿੰਘ ਚੱਠਾ, ਰਵਿੰਦਰ ਸਿੰਘ ਕੰਗ, ਭੁਪਿੰਦਰ ਸਿੰਘ ਬਾਜਵਾ,ਕੰਵਲਜੀਤ ਕੌਰ ਬੈਂਸ, ਡਾ. ਆਸਾ ਸਿੰਘ ਘੁੰਮਣ, ਜਸਬੀਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।  


Baljit Singh

Content Editor

Related News