ਦੇਸ਼ ਦੇ ਲੋਕਾਂ ਕੋਲ ਹੀ ਅਸਲ ਤਾਕਤ
Friday, Jan 26, 2018 - 07:01 AM (IST)
ਚੰਡੀਗੜ੍ਹ (ਜ. ਬ.) - 69ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ 'ਤੇ ਮੈਂ ਪੰਜਾਬ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ ਸਮੂਹ ਲੋਕਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਮੈਂ ਹਥਿਆਰਬੰਦ ਫੌਜਾਂ ਦੇ ਬਹਾਦਰ ਜਵਾਨਾਂ ਨੂੰ ਵੀ ਵਧਾਈ ਦਿੰਦਾ ਹਾਂ ਜੋ ਕਿ ਸਾਡੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਕੇ ਇਸ ਦੀ ਏਕਤਾ ਤੇ ਅਖੰਡਤਾ ਨੂੰ ਯਕੀਨੀ ਬਣਾਉਂਦੇ ਹਨ। ਇਸ ਪਵਿੱਤਰ ਦਿਹਾੜੇ ਮੌਕੇ ਮੈਂ ਆਜ਼ਾਦੀ ਅੰਦੋਲਨ ਦੇ ਉਨ੍ਹਾਂ ਅਨੇਕਾਂ ਹੀ ਗੁਮਨਾਮ ਸ਼ਹੀਦਾਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਂਦੇ ਹੋਏ ਸ਼ਹੀਦੀਆਂ ਦਿੱਤੀਆਂ ਅਤੇ ਮੈਂ ਉਨ੍ਹਾਂ ਅਣਗਿਣਤ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਖਾਤਰ ਅਨੇਕਾਂ ਮੁਸੀਬਤਾਂ ਝੱਲੀਆਂ।
'ਗਣਤੰਤਰ' ਕੋਈ ਸਾਧਾਰਨ ਸ਼ਬਦ ਨਹੀਂ ਹੈ। ਇਹ ਇਸ ਗੱਲ ਦੀ ਤਰਜ਼ਮਾਨੀ ਕਰਦਾ ਹੈ ਕਿ ਸਾਡੇ ਦੇਸ਼ ਵਿਚ ਲੋਕਾਂ ਕੋਲ ਹੀ ਅਸਲ ਤਾਕਤ ਹੈ। ਇਹ ਇਤਿਹਾਸਕ ਦਿਹਾੜਾ ਬੇਹੱਦ ਖੁਸ਼ੀਆਂ ਭਰਿਆ ਹੈ ਜਦੋਂ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਾਂ।
ਦੇਸ਼ ਦੀ ਆਜ਼ਾਦੀ ਲਈ ਪੰਜਾਬ ਦਾ ਯੋਗਦਾਨ ਬੇਹੱਦ ਸ਼ਾਨਦਾਰ ਹੈ, ਜਿਸ ਦੀ ਮਿਸਾਲ ਦੁਨੀਆ ਵਿਚ ਕਿਧਰੇ ਵੀ ਨਹੀਂ ਮਿਲਦੀ। ਹਾਲਾਂਕਿ ਇਹ ਜਸ਼ਨ ਮਨਾਉਣ ਦਾ ਮੌਕਾ ਹੈ ਪਰ ਇਸ ਮੌਕੇ ਸਾਨੂੰ ਅੰਤਰ-ਝਾਤ ਰਾਹੀਂ ਸਾਡੇ ਸੰਵਿਧਾਨ ਵਿਚ ਤੈਅ ਕੀਤੇ ਗਏ ਟੀਚਿਆਂ ਨੂੰ ਹਾਸਲ ਕਰਨ ਦੇ ਰਾਹ ਵਿਚ ਅਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਵਾਨਿਆਂ ਦੇ ਸੁਪਨਿਆਂ ਦੀ ਪੂਰਤੀ ਦੇ ਮਕਸਦ ਵਿਚ ਸਾਨੂੰ ਮਿਲੀਆਂ ਕਾਮਯਾਬੀਆਂ ਅਤੇ ਨਾ-ਕਾਮੀਆਂ ਦੀ ਪੜਚੋਲ ਕਰਨੀ ਚਾਹੀਦੀ ਹੈ।
ਇਸ ਮੌਕੇ ਮੈਂ ਤੁਹਾਡਾ ਧਿਆਨ ਸਮਾਜ ਵਲੋਂ ਤਕਨੀਕੀ ਖੇਤਰ ਵਿਚ ਕੀਤੀ ਗਈ ਤਰੱਕੀ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਇਸ ਵਰਤਾਰੇ ਨੇ ਸਾਡੇ ਰੋਜ਼ਾਨਾ ਜ਼ਿੰਦਗੀ ਉੱਤੇ ਅਸਰ ਪਾਇਆ ਹੈ। ਸਾਡੇ ਪ੍ਰਧਾਨ ਮੰਤਰੀ ਵੱਲੋਂ ਸਾਡੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਲੈਣ-ਦੇਣ ਦੀ ਅਦਾਇਗੀ ਸੰਬੰਧੀ ਡਿਜੀਟਲ ਤਰੀਕਾ ਅਪਣਾਏ ਜਾਣ ਦੇ ਚੁੱਕੇ ਗਏ ਕਦਮ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਸਾਡੇ ਲਈ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਅਸੀਂ ਈ-ਬੈਂਕਿੰਗ ਦੀ ਨਵੀਂ ਡਿਜੀਟਲ ਪ੍ਰਣਾਲੀ ਨੂੰ ਅਪਣਾਈਏ ਅਤੇ ਦੇਸ਼ ਦੇ ਵਿਕਾਸ ਦੇ ਰਾਹ ਵਿਚ ਆਪਣਾ ਸਾਕਾਰਾਤਮਕ ਯੋਗਦਾਨ ਪਾਈਏ।
ਪ੍ਰਧਾਨ ਮੰਤਰੀ ਜਨ-ਧਨ ਅਤੇ ਜਨ-ਮੁਦਰਾ ਯੋਜਨਾ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵਿੱਤੀ ਸੁਰੱਖਿਆ ਦੇ ਘੇਰੇ ਵਿਚ ਲਿਆਉਣ ਲਈ ਮੋਹਰੀ ਰੋਲ ਅਦਾ ਕੀਤਾ ਹੈ। ਇਸ ਤੋਂ ਇਲਾਵਾ 'ਮੇਕ ਇਨ ਇੰਡੀਆ', 'ਸਟਾਰਟ ਅੱਪ ਇੰਡੀਆ' ਅਤੇ 'ਡਿਜੀਟਲ ਇੰਡੀਆ' ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਨੇ ਭਾਰਤ ਦੇ ਰੁਜ਼ਗਾਰਮੁਖੀ ਵਿਕਾਸ ਦੀ ਕਹਾਣੀ ਵਿਚ ਸ਼ਾਨਦਾਰ ਅਧਿਆਏ ਜੋੜੇ ਹਨ।
ਆਓ, ਅਸੀਂ ਇਸ ਇਤਿਹਾਸਕ ਦਿਹਾੜੇ 'ਤੇ ਧਰਮ-ਨਿਰਪੱਖਤਾ, ਰਾਸ਼ਟਰਵਾਦ ਅਤੇ ਦੇਸ਼ਭਗਤੀ ਦੇ ਉੱਚੇ ਅਤੇ ਸੁੱਚੇ ਆਦਰਸ਼ਾਂ ਵੱਲ ਆਪਣੀ ਪ੍ਰਤੀਬੱਧਤਾ ਦੁਹਰਾਈਏ ਅਤੇ ਪੰਜਾਬ ਤੇ ਦੇਸ਼ ਨੂੰ ਮਜ਼ਬੂਤ ਤੇ ਖੁਸ਼ਹਾਲ ਬਣਾਉਣ ਪ੍ਰਤੀ ਕੰਮ ਕਰਨ ਲਈ ਸਮਰਪਿਤ ਹੋਈਏ।
—ਵੀ. ਪੀ. ਸਿੰਘ ਬਦਨੌਰ, ਰਾਜਪਾਲ ਪੰਜਾਬ, ਪ੍ਰਸ਼ਾਸਕ ਯੂ. ਟੀ. ਚੰਡੀਗੜ੍ਹ
