ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ ਸੁਲਝੀ! 3 ਮੁਲਜ਼ਮ ਗ੍ਰਿਫ਼ਤਾਰ

Wednesday, Sep 30, 2026 - 08:28 PM (IST)

ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ ਸੁਲਝੀ! 3 ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ (ਸਿੰਗਲਾ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸੋਨੂੰ)- ਸੰਗਰੂਰ ਪੁਲਸ ਨੇ ਬਡਰੁੱਖਾਂ ਏਰੀਆ ’ਚ ਪੈਂਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਿੰਡ ਬਡਰੁੱਖਾਂ ਵਿਖੇ ਹੋਈ ਲੁੱਟ-ਖੋਹ ਨੂੰ 12 ਘੰਟਿਆਂ ਦੇ ਅੰਦਰ ਟਰੇਸ ਕਰ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ 1 ਸਵਿੱਫਟ ਕਾਰ , 2 ਦੇਸੀ ਪਿਸਤੌਲ 32 ਬੋਰ ਸਮੇਤ 6 ਜ਼ਿੰਦਾ ਕਾਰਤੂਸ ਬਰਾਮਦ ਕਰਵਾਏ ਗਏ।

ਡਾ. ਗਰੇਵਾਲ ਨੇ ਦੱਸਿਆ ਕਿ 28-29 ਤਾਰੀਖ਼ ਦੀ ਦਰਮਿਆਨੀ ਰਾਤ ਨੂੰ ਕਰੀਬ 1:30 ਵਜੇ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਚਾਰ ਨਾ-ਮਾਲੂਮ ਵਿਅਕਤੀਆਂ ਵੱਲੋਂ ਪਿੰਡ ਬਡਰੁੱਖਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ, ਸੁੱਤੇ ਪਏ ਅਜੈਬ ਸਿੰਘ (ਡਾਲੀ ਕਰਨ ਵਾਲਾ ਸੇਵਾਦਾਰ) ਨੂੰ ਰੱਸੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਆਪਣੇ ਬਚਾਅ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਗੁਰਦੁਆਰਾ ਸਾਹਿਬ ਅੰਦਰ ਸੁੱਤਾ ਪਿਆ ਜਸਵੰਤ ਸਿੰਘ ਸੇਵਾਦਾਰ (ਲਾਂਗਰੀ) ਜਦੋਂ ਬਾਹਰ ਆਇਆ ਤਾਂ ਨਾ-ਮਲੂਮ ਵਿਅਕਤੀ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਜਸਵੰਤ ਸਿੰਘ ਸੇਵਾਦਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਹਸਪਤਾਲ ਦਾਖਲ ਕਰਵਾਇਆ ਗਿਆ। ਜਿਸ ਸਬੰਧੀ ਮੁਕੱਦਮਾ ਨੰਬਰ 177 ਮਿਤੀ 29 ਸਤੰਬਰ 2026 ਨੂੰ ਥਾਣਾ ਲੌਂਗੋਵਾਲ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।

ਮੁਕੱਦਮਾ ਨੂੰ ਟਰੇਸ ਕਰਨ ਲਈ ਸੁਖਅੰਮ੍ਰਿਤ ਸਿੰਘ , ਕਪਤਾਨ ਪੁਲਸ (ਸਥਾਨਕ) ਸੰਗਰੂਰ ਵਾਧੂ ਚਾਰਜ ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਹਰਸਿਮਰਨ ਸਿੰਘ, ਪੀ.ਪੀ.ਐੱਸ, ਉਪ ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਵਾਧੂ ਚਾਰਜ ਸਬ ਡਵੀਜ਼ਨ ਸੁਨਾਮ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਲਾਬ ਸਿੰਘ, ਮੁੱਖ ਅਫਸਰ ਥਾਣਾ ਲੌਂਗੋਵਾਲ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਸੰਗਰੂਰ ਅਤੇ ਸ.ਥ. ਜਸਵਿੰਦਰ ਸਿੰਘ ਇੰਚਾਰਜ ਚੌਕੀ ਬਡਰੁੱਖਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਹਰਨੇਕ ਸਿੰਘ, ਜਗਮੀਤ ਸਿੰਘ ਉਰਫ ਸੀਰਾ ਪੁੱਤਰ ਮਹਿੰਦਰ ਸਿੰਘ ਵਾਸੀ ਕੱਟੂ ਜ਼ਿਲਾ ਬਰਨਾਲਾ ਅਤੇ ਗੁਰਜੀਤ ਸਿੰਘ ਉਰਫ ਬੱਬੀ ਪੁੱਤਰ ਜਰਨੈਲ ਸਿੰਘ ਵਾਸੀ ਕਰਮਚੰਦ ਪੱਤੀ, ਮਹਿਰਾਜ, ਬਠਿੰਡਾ ਨੂੰ ਮਿਤੀ 29 ਸਤੰਬਰ 2026 ਨੂੰ ਮੁਕੱਦਮਾ ਹਜਾ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਜਦਕਿ ਦੋਸ਼ੀ ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਜੇਠੂਕੇ ਬੁਗਰਾਂ, ਰਾਮਪੁਰਾ ਫੂਲ ਜ਼ਿਲਾ ਬਠਿੰਡਾ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤੀ ਗਈ 01 ਸਵਿੱਫਟ , 2 ਦੇਸੀ ਪਿਸਤੌਲ .32 ਬੋਰ ਸਮੇਤ 6 ਜ਼ਿੰਦਾ ਕਾਰਤੂਸ ਬਰਾਮਦ ਕਰਵਾਏ ਗਏ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Anmol Tagra

Content Editor

Related News