ਆਨਲਾਈਨ ਟ੍ਰੇਡਿੰਗ ਦੇ ਚੱਕਰ ’ਚ 2 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ

Thursday, Aug 01, 2024 - 10:42 AM (IST)

ਆਨਲਾਈਨ ਟ੍ਰੇਡਿੰਗ ਦੇ ਚੱਕਰ ’ਚ 2 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ

ਬਠਿੰਡਾ (ਸੁਖਵਿੰਦਰ) : ਆਨਲਾਈਨ ਟ੍ਰੇਡਿੰਗ ਕਰਨ ਦੇ ਚੱਕਰ ’ਚ 2 ਲੋਕਾਂ ਕੋਲੋਂ 35 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਸ਼ਿਕਾਇਤ ’ਚ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਨੂੰ ਆਨਲਾਈਨ ਸੂਪਰ 888 ਗਰੁੱਪ ਵੱਲੋਂ ਆਨਲਾਈਨ ਵਪਾਰ ਕਰ ਕੇ ਵੱਧ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਉਸ ਨੇ ਇਕ ਵੈੱਬਸਾਈਟ ’ਤੇ ਜਾ ਕੇ ਕੁਝ ਟਾਸਕ ਪੂਰੇ ਕੀਤੇ ਅਤੇ 9.37 ਲੱਖ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਬਾਅਦ ਉਸ ਨੂੰ ਮੁਕੇਸ਼ ਜਾਡਲ ਨਾਂ ਦੇ ਵਿਅਕਤੀ ਦਾ ਦੁਬਾਰਾ ਫੋਨ ਆਇਆ, ਜਿਸ ਨੇ ਉਸ ਨੂੰ ਕਿਸੇ ਹੋਰ ਫਰਮ ਵਿਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਅਤੇ ਉਸ ਨੇ ਕੁੱਝ ਹੀ ਦਿਨਾਂ ਵਿਚ ਉਕਤ ਕੰਪਨੀ ਵਿਚ 13,27,830 ਰੁਪਏ ਵੀ ਨਿਵੇਸ਼ ਕਰ ਲਏ। ਬਾਅਦ ਵਿਚ ਉਕਤ ਮੁਲਜ਼ਮਾਂ ਨੇ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਅਤੇ ਉਸ ਨਾਲ ਠੱਗੀ ਮਾਰੀ।

ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਨਿਸ਼ਾ ਰਾਣੀ ਵਾਸੀ ਬਠਿੰਡਾ ਨੇ ਸਾਈਬਰ ਕ੍ਰਾਈਮ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਇਕ ਇੰਸਟਾਗ੍ਰਾਮ ਆਈ. ਡੀ. ’ਤੇ ਕਿਸੇ ਦੀ ਪੋਸਟ ਦੇਖੀ, ਜਿਸ ਵਿਚ ਲਿਖਿਆ ਸੀ ਕਿ ਤੁਸੀਂ ਘਰ ਬੈਠੇ ਹੀ 5 ਤੋਂ 10 ਹਜ਼ਾਰ ਰੁਪਏ ਕਮਾ ਸਕਦੇ ਹੋ। ਉਹ ਉਕਤ ਕੰਪਨੀ ਦੇ ਟੈਲੀਗ੍ਰਾਫ ਗਰੁੱਪ ਨਾਲ ਜੁੜ ਗਈ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਕੁੱਝ ਕੰਮ ਕਰਵਾਉਣ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਂਝਾ ਕਰ ਕੇ ਉਸ ਤੋਂ 12.43 ਲੱਖ ਰੁਪਏ ਦਾ ਨਿਵੇਸ਼ ਕਰਵਾ ਲਿਆ। ਬਾਅਦ ਵਿਚ ਮੁਲਜ਼ਮ ਨੇ ਉਸ ਦੇ ਪੈਸੇ ਵਾਪਸ ਨਹੀਂ ਕੀਤੇ। ਸਾਈਬਰ ਕ੍ਰਾਈਮ ਸੈੱਲ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News