1 ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਦੀ ਆਨਲਾਈਨ ਬੁਕਿੰਗ ਸ਼ੁਰੂ
Friday, May 22, 2020 - 12:35 AM (IST)
ਜਲੰਧਰ, (ਗੁਲਸ਼ਨ)— ਇਤਿਹਾਸ 'ਚ ਪਹਿਲੀ ਵਾਰ ਕੋਰੋਨਾ ਵਾਇਰਸ ਕਾਰਨ ਲਗਭਗ 2 ਮਹੀਨੇ ਲਈ ਰੇਲ ਆਵਾਜਾਈ ਠੱਪ ਰਹੀ । ਦੇਸ਼ ਭਰ 'ਚ ਚੱਲਣ ਵਾਲੀਆਂ 13,500 ਯਾਤਰੀ ਟਰੇਨਾਂ ਦੇ ਪਹੀਏ ਰੁਕ ਗਏ । ਲਾਕਡਾਊਨ ਦੌਰਾਨ ਸਿਰਫ ਮਾਲਗੱਡੀਆਂ ਹੀ ਚਲਾਈਆਂ ਗਈਆਂ। ਰੇਲ ਗੱਡੀਆਂ ਨਾ ਚੱਲਣ ਕਾਰਨ ਲੱਖਾਂ ਯਾਤਰੀ ਇਧਰ-ਉਧਰ ਫਸੇ ਹੋਏ ਸਨ । ਜਿਨ੍ਹਾਂ 'ਚੋਂ ਵਧੇਰੇ ਯੂ.ਪੀ.-ਬਿਹਾਰ ਵੱਲ ਜਾਣ ਵਾਲੇ ਪ੍ਰਵਾਸੀ ਸਨ।
ਬੀਤੇ ਦਿਨੀਂ ਕੇਂਦਰ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ 'ਚ ਭੇਜਣ ਲਈ ਕੁਝ ਲੇਬਰ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਸਨ । ਰੇਲਵੇ ਮੰਤਰਾਲਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਮੰਗ 'ਤੇ ਹੁਣ 1 ਜੂਨ ਤੋਂ 200 ਟਰੇਨਾਂ (100 ਜੋੜੀਆਂ) ਨੂੰ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ ।
ਇਸ ਸਬੰਧੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐੱਮ. ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਟਰੇਨਾਂ ਦੀ ਬੁਕਿੰਗ ਲਈ ਸਟੇਸ਼ਨਾਂ 'ਤੇ ਕੋਈ ਕਾਊਂਟਰ ਨਹੀਂ ਖੋਲ੍ਹਿਆ ਜਾਵੇਗਾ। ਬੁਕਿੰਗ ਸਿਰਫ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਜਾਂ ਮੋਬਾਈਲ ਐਪ 'ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 200 ਟਰੇਨਾਂ 'ਚੋਂ 7 ਅੰਮ੍ਰਿਤਸਰ ਤੋਂ ਵੀ ਚੱਲਣਗੀਆਂ । ਕੋਵਿਡ -19 ਕਾਰਨ ਟਰੇਨਾਂ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪੂਰੀ ਸਾਵਧਾਨੀ ਵਰਤਣੀ ਪਵੇਗੀ ਅਤੇ ਰੇਲਵੇ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ । ਦੂਜੇ ਪਾਸੇ ਇਹ ਸੂਚਨਾ ਮਿਲੀ ਹੈ ਕਿ ਇਕ ਜਾਂ ਦੋ ਦਿਨਾਂ 'ਚ ਰੇਲਵੇ ਸਟੇਸ਼ਨਾਂ 'ਤੇ ਸਥਿਤ ਰਿਜ਼ਰਵੇਸ਼ਨ ਸੈਂਟਰ ਵੀ ਖੋਲ੍ਹੇ ਜਾ ਸਕਦੇ ਹਨ । ਜਦਕਿ ਡੀ. ਆਰ. ਐੱਮ. ਦਾ ਕਹਿਣਾ ਹੈ ਕਿ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।
ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ
ਟਰੇਨ ਨੰਬਰ ਕਿਥੋਂ ਕਿੱਥੇ ਤਕ
1. 02407/08 ਅੰਮ੍ਰਿਤਸਰ ਨਿਊ ਜਲਪਾਈਗੁੜੀ
2. 02357/58 ਅੰਮ੍ਰਿਤਸਰ ਕੋਲਕਾਤਾ
3. 02903/04 ਅੰਮ੍ਰਿਤਸਰ ਮੁੰਬਈ ਸੈਂਟਰਲ
4. 02925/26 ਅੰਮ੍ਰਿਤਸਰ ਬਾਂਦਰਾ ਟਰਮੀਨਲ
5. 04673/74 ਅੰਮ੍ਰਿਤਸਰ ਜਯਨਗਰ
6. 04649/50 ਅੰਮ੍ਰਿਤਸਰ ਜਯਨਗਰ
7. 02053/54 ਅੰਮ੍ਰਿਤਸਰ ਹਰਿਦੁਆਰ