ਚੰਡੀਗੜ੍ਹ ''ਚ ਪਹਿਲੀ ਵਾਰ 11 ਕਾਲਜਾਂ ਦਾ ਦਾਖਲਾ ਪ੍ਰੋਸੈੱਸ ਹੋਵੇਗਾ ਆਨਲਾਈਨ

Friday, Apr 20, 2018 - 08:04 AM (IST)

ਚੰਡੀਗੜ੍ਹ ''ਚ ਪਹਿਲੀ ਵਾਰ 11 ਕਾਲਜਾਂ ਦਾ ਦਾਖਲਾ ਪ੍ਰੋਸੈੱਸ ਹੋਵੇਗਾ ਆਨਲਾਈਨ

ਚੰਡੀਗੜ੍ਹ  (ਵਿਜੇ) - ਸ਼ਹਿਰ ਦੇ ਕਾਲਜਾਂ ਵਿਚ ਦਾਖਲਾ ਲੈਣ ਲਈ ਇਸ ਵਾਰ ਵਿਦਿਆਰਥੀਆਂ ਨੂੰ ਧੱਕੇ ਨਹੀਂ ਖਾਣੇ ਪੈਣਗੇ। ਚੰਡੀਗੜ੍ਹ ਪ੍ਰਸ਼ਾਸਨ ਹੁਣ ਕਾਲਜਾਂ ਦਾ ਦਾਖਲਾ ਪ੍ਰੋਸੈੱਸ ਆਨਲਾਈਨ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਦਾਖਲਾ ਮਿਲ ਸਕੇਗਾ। ਇਸ ਲਈ ਜਲਦੀ ਹੀ ਯੂ. ਟੀ. ਦਾ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨਵੀਂ ਵੈੱਬਸਾਈਟ ਤਿਆਰ ਕਰਨ ਜਾ ਰਿਹਾ ਹੈ। ਵੈੱਬਸਾਈਟ ਰਾਹੀਂ ਇਸ ਸਾਲ ਦਾ ਪੂਰਾ ਦਾਖਲਾ ਪ੍ਰੋਸੈੱਸ ਚੱਲੇਗਾ। ਦੱਸਣਯੋਗ ਹੈ ਕਿ ਸਾਰੇ 11 ਕਾਲਜਾਂ ਵਿਚ ਕਿੰਨੀਆਂ ਸੀਟਾਂ ਹਨ? ਕਿਹੜੀ ਸਟ੍ਰੀਮ ਵਿਚ ਕਿੰਨੀਆਂ ਸੀਟਾਂ ਹਨ? ਇਸ ਦੇ ਨਾਲ ਹੀ ਹਰ ਤਰ੍ਹਾਂ ਦੀ ਜਾਣਕਾਰੀ ਵੈੱਬਸਾਈਟ 'ਤੇ ਮੁਹੱਈਆ ਹੋਵੇਗੀ। ਵਿਦਿਆਰਥੀ ਨੂੰ ਸਿਰਫ ਆਪਣੇ ਡਾਕੂਮੈਂਟਸ ਸਕੈਨ ਕਰ ਕੇ ਆਪਣੇ ਮਨਪਸੰਦ ਦੇ ਤਿੰਨ ਕਾਲਜਾਂ ਦੀ ਡੀਟੇਲ ਇਸ ਵੈੱਬਸਾਈਟ ਵਿਚ ਭਰਨੀ ਹੋਵੇਗੀ। ਇਸ ਤੋਂ ਬਾਅਦ ਪੂਰਾ ਪ੍ਰੋਸੈੱਸ ਡਿਪਾਰਟਮੈਂਟ ਦੇ ਹੱਥ ਵਿਚ ਹੋਵੇਗਾ।
ਇਕ ਵਾਰ ਕਾਲਜ ਦੀ ਮੈਰਿਟ ਲਿਸਟ ਬਣਨ ਤੋਂ ਬਾਅਦ ਜਿਸ ਵੀ ਕਾਲਜ ਵਿਚ ਵਿਦਿਆਰਥੀ ਦਾ ਨੰਬਰ ਆਵੇਗਾ, ਉਸ ਨੂੰ ਈਮੇਲ ਜਾਂ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਵਿਦਿਆਰਥੀ ਨੂੰ ਆਪਣੇ ਅਸਲੀ ਦਸਤਾਵੇਜ਼ ਨਾਲ ਲੈ ਕੇ ਕਾਲਜ ਵਿਚ ਫੀਸ ਜਮ੍ਹਾ ਕਰਵਾਉਣ ਲਈ ਜਾਣਾ ਹੋਵੇਗਾ।
ਬੀ. ਏ. ਨੂੰ ਛੱਡ ਕੇ ਬਾਕੀ ਸਭ ਲਈ ਇਹੀ ਪ੍ਰਕਿਰਿਆ
ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਾਲ ਬੀ. ਏ. ਨੂੰ ਆਨਲਾਈਨ ਸਿਸਟਮ ਤੋਂ ਬਾਹਰ ਰੱਖਿਆ ਹੈ। ਜਾਣਕਾਰੀ ਮੁਤਾਬਿਕ ਹਰ ਸਾਲ 60 ਤੋਂ 70 ਹਜ਼ਾਰ ਵਿਦਿਆਰਥੀ ਚੰਡੀਗੜ੍ਹ ਦੇ ਕਾਲਜਾਂ ਵਿਚ ਦਾਖਲਾ ਪ੍ਰਕਿਰਿਆ ਵਿਚ ਭਾਗ ਲੈਂਦੇ ਹਨ। ਇਸ ਸਾਲ ਆਨਲਾਈਨ ਦਾਖਲਾ ਪ੍ਰਕਿਰਿਆ ਨਾਲ 20 ਤੋਂ 25 ਹਜ਼ਾਰ ਵਿਦਿਆਰਥੀਆਂ ਨੂੰ ਲਾਭ ਮਿਲੇਗਾ।
ਇਨ੍ਹਾਂ ਵਿਚ ਬੀ. ਐੱਸ. ਸੀ. (ਮੈਡੀਕਲ), ਬੀ. ਐੱਸ. ਸੀ. (ਨਾਨ ਮੈਡੀਕਲ), ਬੀ. ਕਾਮ. ਤੇ ਬੀ. ਬੀ. ਏ. ਸਮੇਤ ਹੋਰ ਸ਼ਾਰਟ ਟਰਮ ਕੋਰਸ ਸ਼ਾਮਲ ਹਨ।
ਅਧਿਕਾਰੀਆਂ ਦੀ ਮੰਨੀਏ ਤਾਂ ਅਗਲੇ ਸਾਲ ਤੋਂ ਬੀ. ਏ. ਨੂੰ ਵੀ ਇਸ ਪ੍ਰੋਸੈੱਸ ਵਿਚ ਸ਼ਾਮਲ ਕਰ ਲਿਆ ਜਾਵੇਗਾ।
ਵੈਰੀਫਿਕੇਸ਼ਨ ਵੀ ਹੋਵੇਗੀ ਆਨਲਾਈਨ
ਆਨਲਾਈਨ ਦਾਖਲਾ ਪ੍ਰਕਿਰਿਆ ਵਿਚ ਜਿੰਨੇ ਵੀ ਦਸਤਾਵੇਜ਼ ਵਿਦਿਆਰਥੀਆਂ ਵਲੋਂ ਅਪਲੋਡ ਕੀਤੇ ਜਾਣਗੇ, ਉਨ੍ਹਾਂ ਦੀ ਵੈਰੀਫਿਕੇਸ਼ਨ ਵੀ ਡਿਪਾਰਟਮੈਂਟ ਵਲੋਂ ਆਨਲਾਈਨ ਹੀ ਕੀਤੀ ਜਾਵੇਗੀ। ਇਸ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗ ਕਰ ਕੇ ਟਾਈਅਪ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਸ਼ਹਿਰ ਦੇ 80 ਫੀਸਦੀ ਬੱਚੇ ਸੀ. ਬੀ. ਐੱਸ. ਈ. ਤੋਂ ਹੀ ਪਾਸਆਊਟ ਹੁੰਦੇ ਹਨ। ਬਾਕੀ ਪੰਜਾਬ, ਹਰਿਆਣਾ ਤੇ ਹਿਮਾਚਲ ਬੋਰਡ ਦੇ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਮੈਨੂਅਲ ਕੀਤੀ ਜਾਵੇਗੀ।
ਇਸੇ ਮਹੀਨੇ ਤਿਆਰ ਹੋ ਜਾਵੇਗੀ ਵੈੱਬਸਾਈਟ
ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵਲੋਂ ਆਨਲਾਈਨ ਦਾਖਲਾ ਪ੍ਰਕਿਰਿਆ ਲਈ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਆਈ. ਟੀ. ਇਨ ਚੰਡੀਗੜ੍ਹ (ਸਿਪਕ) ਤੋਂ ਪੋਰਟਲ ਬਣਾਉਣ ਲਈ ਕਿਹਾ ਹੈ। ਇਸੇ ਮਹੀਨੇ ਦੇ ਅਖੀਰ ਤਕ ਇਹ ਪੋਰਟਲ ਬਣ ਕੇ ਤਿਆਰ ਹੋ ਜਾਵੇਗਾ। ਕਾਲਜਾਂ ਦੀ ਆਨਲਾਈਨ ਦਾਖਲਾ ਪ੍ਰਕਿਰਿਆ ਨੂੰ ਪ੍ਰਸ਼ਾਸਨ ਨੇ ਤੇਲੰਗਾਨਾ ਤੋਂ ਅਡਾਪਟ ਕੀਤਾ ਹੈ। ਪਿਛਲੇ ਸਾਲ ਤੇਲੰਗਾਨਾ ਨੇ ਵੀ ਇਸ ਸਿਸਟਮ ਨਾਲ ਕਾਲਜਾਂ ਵਿਚ ਦਾਖਲੇ ਕੀਤੇ ਸਨ। ਹੁਣ ਹਾਇਰ ਐਜੂਕੇਸ਼ਨ ਨੇ ਵੀ ਇਹੀ ਸਿਸਟਮ ਫਾਲੋ ਕੀਤਾ ਹੈ ਤਾਂ ਕਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਪੇਰੈਂਟਸ ਨੂੰ ਕਾਲਜਾਂ ਵਿਚ ਭਟਕਣਾ ਨਾ ਪਵੇ।


Related News