ਅਕਾਲੀ ਆਗੂ ਚੇਅਰਮੈਨ ਦੀ ਰਿਸ਼ਤੇਦਾਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਚੜ੍ਹੀ ਪੁਲਸ ਅੜਿੱਕੇ

09/24/2017 7:07:29 PM

ਸੁਲਤਾਨਪੁਰ ਲੋਧੀ(ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਸ਼ਿਆਂ ਦੇ ਸਮੱਗਲਰਾਂ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਬੀਤੀ ਰਾਤ ਪੁਲਸ ਨੇ ਇਕ ਹੋਰ ਨਸ਼ਾ ਸਮੱਗਲਰ ਔਰਤ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ ਪੁਲਸ ਪਾਰਟੀ ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਰਜਿੰਦਰ ਕੁਮਾਰ ਲੇਡੀ ਕਾਂਸਟੇਬਲ ਰਾਜਬੀਰ ਕੌਰ ਦੇ ਦੌਰਾਨ ਗਸ਼ਤ ਕਰ ਰਹੇ ਸਨ ਤਾਂ ਪਿੰਡ ਤੋਤੀ ਵੱਲ ਨੂੰ ਜਾ ਰਹੇ ਸਨ ਅਤੇ ਪਿੰਡ ਮਨਿਆਲ ਦੇ ਕੋਲ ਪਿੰਡ ਸ਼ੇਰਪੁਰ ਦੋਨਾ ਵੱਲੋਂ ਇਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਕੇ ਤੇਜ਼ ਭੱਜਣ ਲੱਗੀ, ਜਿਸ ਨੂੰ ਪੁਲਸ ਪਾਰਟੀ ਨੇ ਰੋਕਿਆ ਤਾਂ ਉਸ ਨੇ ਆਪਣਾ ਨਾਮ ਕਰਮ ਕੌਰ ਪਤਨੀ ਚੰਨਾ ਸਿੰਘ ਵਾਸੀ ਤੋਤੀ ਦੱਸਿਆ, ਜੋ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਆਗੂ ਬਲਾਕ ਸੰਮਤੀ ਦੇ ਚੇਅਰਮੈਨ ਕੱਥਾ ਦੀ ਸਾਲੇਹਾਰ ਹੈ। ਲੇਡੀ ਕਾਂਸਟੇਬਲ ਰਾਜਬੀਰ ਕੌਰ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਚੁੰਨੀ 'ਚੋਂ ਇਕ ਮੋਮੀ ਲਿਫਾਫੇ 'ਚ ਲਪੇਟਿਆ ਹੋਇਆ 50 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। 
ਥਾਣਾ ਮੁਖੀ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਸਿਟੀ ਇੰਚਾਰਜ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੌਰਾਨ ਗਸ਼ਤ ਇਕ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੋਂ ਇਕ ਵਿਅਕਤੀ ਗੁਰਨਾਮ ਸਿੰਘ ਉਰਫ ਮੰਗਾ ਪੁੱਤਰ ਮਲਕੀਤ ਸਿੰਘ ਸੱਦੂਵਾਲ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਸ ਪਾਸੋਂ 125 ਨਸ਼ੀਲੇ ਕੈਪਸੂਲ ਬਰਾਮਦ ਹੋਏ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਉਕਤ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਲੇਡੀ ਕਾਂਸਟੇਬਲ ਰਾਜਬੀਰ ਕੌਰ, ਐੱਚ. ਸੀ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।


Related News