ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
Tuesday, Apr 14, 2020 - 03:51 PM (IST)
ਗੁਰਦਾਸਪੁਰ (ਵਿਨੋਦ) : ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ 'ਚ ਲਗਾਤਾਰ ਵਧ ਰਹੀ ਹੈ। ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ 60 ਸਾਲਾ ਵਿਅਕਤੀ ਕੋਰੋਨਾ ਦੀ ਲਪੇਟ 'ਚ ਆਇਆ ਹੈ। ਕੋਰੋਨਾ ਪੀੜਤ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ 'ਚ ਕੋਰੋਨਾ ਨੋਡਲ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਗੁਰਦਾਸਪੁਰ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਬੱਬਰ ਨੇ ਦੱਸਿਆ ਕਿ ਪੀੜਤ ਕਾਹਨੁਵਾਨ ਪੁਲਸ ਸਟੇਸ਼ਨ ਦੇ ਨੇੜਲੇ ਪਿੰਡ ਭੈਣੀ ਪਸਵਾਲ ਦਾ ਰਹਿਣ ਵਾਲਾ ਹੈ ਅਤੇ ਸਾਬਕਾ ਫੌਜੀ ਹੈ। ਇਸ ਦੇ ਭਰਾ ਦੀ ਮੌਤ ਕੁਝ ਦਿਨ ਪਹਿਲੇ ਹੋਈ ਸੀ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। ਕੋਰੋਨਾ ਪੀੜਤ ਦੀ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਦੋਂਕਿ ਉਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਕੋਰੋਨਾ ਪੀੜਤ ਨੂੰ ਦਾਖਲ ਕਰਵਾ ਦਿੱਤਾ।
ਇਹ ਵੀ ਪੜ੍ਹੋ ► ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ ► ਜਲੰਧਰੀਆਂ ਨੂੰ ਰਾਹਤ : ਮੰਗਲਵਾਰ ਕੋਈ ਨਵਾਂ ਮਾਮਲਾ ਨਹੀਂ, 14 ਰਿਪੋਰਟਾਂ ਨੈਗੇਟਿਵ
ਕੋਰੋਨਾ ਪੀੜਤ ਦੇ ਉੱਥੇ ਟੈਸਟ ਆਦਿ ਲਈ ਸੈਂਪਲ ਵੀ ਲਏ ਗਏ। ਐਤਵਾਰ ਨੂੰ ਤਬੀਅਤ ਖਰਾਬ ਹੋਣ ਕਾਰਨ ਇਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰ ਨੇ ਦੱਸਿਆ ਕਿ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਸੀ। ਪਿੰਡ ਪਸਨਾਵਾਲ ਨੂੰ ਸੀਲ ਕਰਕੇ ਸਾਰੇ ਪਿੰਡ ਦੀ ਜਾਂਚ ਕਰਵਾਈ ਜਾਵੇਗੀ ਅਤੇ ਕੋਰੋਨਾ ਪੀੜਤ ਜਿਸ-ਜਿਸ ਦੇ ਸੰਪਰਕ 'ਚ ਆਇਆ ਹੈ, ਉਸ ਦੀ ਵੀ ਜਲਦ ਹੀ ਜਾਂਚ ਕੀਤੀ ਜਾਵੇਗੀ।
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 183 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 56 ਕੇਸ ਹਨ। ਗੁਰਦਾਸਪੁਰ ਤੋਂ 1 ਕੇਸ, ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 24 ਕੇਸ, ਲੁਧਿਆਣਾ 'ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 2, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 22, ਫਰੀਦਕੋਟ 3 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ ► ਘਰ ਬੈਠੇ ਰਹੋਗੇ ਤਾਂ ਪੰਜ ਹਫ਼ਤੇ ਬਾਅਦ ਨਹੀਂ ਆਵੇਗਾ ਨਵਾਂ ਕੋਰੋਨਾ ਕੇਸ : ਮੁੱਖ ਮੰਤਰੀ
ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ
ਦੁਨੀਆ ਭਰ 'ਚ ਕੋਰੋਨਾ ਕਾਰਨ ਹੁਣ ਤਕ 1,16,814 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ 18,76,810 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ 'ਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ 'ਚ 9152 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 308 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ।