ਟਰੱਕਾਂ ''ਚੋਂ ਅਨਾਜ ਚੋਰੀ ਕਰਨ ਵਾਲਾ ਇਕ ਕਾਬੂ
Tuesday, Aug 22, 2017 - 02:04 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਟਰੱਕਾਂ 'ਚੋਂ ਅਨਾਜ ਚੋਰੀ ਕਰਨ ਵਾਲੇ ਇਕ ਵਿਅਕਤੀ ਦੀ ਟਰੱਕ ਯੂਨੀਅਨ ਬਰਨਾਲਾ ਦੇ ਆਪ੍ਰੇਟਰਾਂ ਵੱਲੋਂ ਭੁਗਤ ਸੰਵਾਰੀ ਗਈ। ਜਾਣਕਾਰੀ ਦਿੰਦਿਆਂ ਟਰੱਕ ਆਪ੍ਰੇਟਰ ਗੁਰਮੇਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਜਿਸ ਦਿਨ ਸਟੇਸ਼ਨ ਦੀ ਪਲੇਟੀ 'ਤੇ ਸਪੈਸ਼ਲ ਭਰਦੀ ਹੈ ਤਾਂ 15-20 ਬੰਦਿਆਂ ਦਾ ਗਿਰੋਹ ਉਨ੍ਹਾਂ ਦੇ ਟਰੱਕਾਂ 'ਚੋਂ ਚਾਕੂ ਨਾਲ ਬੋਰੀਆਂ ਕੱਟ ਕੇ ਅਨਾਜ ਚੋਰੀ ਕਰ ਲੈਂਦੇ ਹਨ। ਕਈ ਵਾਰ ਤਾਂ ਇਹ ਚੱਲਦੇ ਟਰੱਕਾਂ 'ਚੋਂ ਬੋਰੀਆਂ ਵੀ ਚੋਰੀ ਕਰ ਲੈਂਦੇ ਹਨ। ਚੱਲਦੇ ਟਰੱਕ 'ਚ ਚੜ੍ਹਦੇ ਉਤਰਦੇ ਸਮੇਂ ਕਈ ਵਾਰ ਇਹ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਜਿਸ ਦਾ ਹਰਜਾਨਾ ਸਾਨੂੰ ਭੁਗਤਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਇਹ ਕਾਰਵਾਈ ਕੀਤੀ ਹੈ। ਬਾਕੀ ਗਿਰੋਹ ਦੇ ਮੈਂਬਰ ਤਾਂ ਭੱਜ ਗਏ। ਇਕ-ਦੋ ਮੈਂਬਰ ਉਨ੍ਹਾਂ ਦੇ ਹੱਥੀਂ ਚੜ੍ਹ ਗਏ ਜਿਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ, ਜੇਕਰ ਅੱਗੇ ਤੋਂ ਇਹ ਗਿਰੋਹ ਬਾਜ ਨਾ ਆਇਆ ਤਾਂ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਆਪ੍ਰੇਟਰਾਂ ਨੇ ਪੁਲਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਰੋਜ਼ਾਨਾ ਅਨਾਜ ਦੀ ਚੋਰੀ ਹੁੰਦੀ ਹੈ ਤੇ ਮੌਕੇ 'ਤੇ ਖੜ੍ਹੇ ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹਿੰਦੇ ਹਨ।