ਭਗਤ ਸਿੰਘ ਨਗਰ ''ਚ ਗੰਦੇ ਪਾਣੀ ਨੇ ਲਈ ਇਕ ਜਾਨ
Wednesday, Feb 07, 2018 - 06:31 AM (IST)
ਜਲੰਧਰ, (ਖੁਰਾਣਾ)- ਮਾਡਲ ਹਾਊਸ ਨਾਲ ਲੱਗਦੇ ਭਗਤ ਸਿੰਘ ਨਗਰ ਦੇ ਵਾਸੀ ਪਿਛਲੇ ਕਰੀਬ 6 ਮਹੀਨਿਆਂ ਤੋਂ ਇਲਾਕੇ ਵਿਚ ਗੰਦਾ ਪਾਣੀ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ ਪਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਲਾਕੇ ਵਿਚ ਗੰਦੇ ਪਾਣੀ ਦਾ ਫਾਲਟ ਦੂਰ ਨਹੀਂ ਹੋਇਆ, ਜਿਸ ਨਾਲ ਮੁਹੱਲੇ ਵਿਚ ਪੀਲੀਆ ਫੈਲਣ ਕਾਰਨ ਅੱਜ ਇਕ 50 ਸਾਲਾ ਵਿਅਕਤੀ ਸ਼ਾਮ ਲਾਲ ਦੀ ਮੌਤ ਹੋ ਗਈ। ਉਸ ਨੂੰ ਹੈਪੇਟਾਈਟਿਸ-ਸੀ ਹੋਇਆ ਸੀ, ਜੋ ਜਾਨਲੇਵਾ ਸਾਬਿਤ ਹੋਇਆ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਕਰੀਬ 6 ਮਹੀਨੇ ਤੋਂ ਇਸ ਮੁਹੱਲੇ ਵਿਚ ਸੀਵਰੇਜ ਮਿਕਸ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਬਾਰੇ ਸਾਬਕਾ ਕੌਂਸਲਰ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਨਿਗਮ ਚੋਣਾਂ ਹੋਈਆਂ ਤੇ ਕਰੀਬ 4 ਮਹੀਨੇ ਨਿਗਮ 'ਤੇ ਅਫਸਰਾਂ ਦਾ ਰਾਜ ਰਿਹਾ। ਇਨ੍ਹਾਂ 4 ਮਹੀਨਿਆਂ ਵਿਚ ਅਫਸਰਾਂ ਨੇ 200 ਫੁੱਟ ਪਾਈਪ ਤੱਕ ਨਹੀਂ ਬਦਲੀ ਤੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਕ ਘਰ ਦਾ ਮੁਖੀਆ ਚਲਾ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਕੌਂਸਲਰ ਓਂਕਾਰ ਰਾਜੀਵ ਨੂੰ ਵੀ ਇਸ ਸਮੱਸਿਆ ਬਾਰੇ ਕਈ ਵਾਰ ਦੱਸਿਆ ਗਿਆ ਪਰ ਫਿਰ ਵੀ ਸਮੱਸਿਆ ਜਿਉਂ ਦੀ ਤਿਉਂ ਹੈ। ਦਸੰਬਰ ਤੋਂ ਸਮੱਸਿਆ ਹੋਰ ਜ਼ਿਆਦਾ ਵਧ ਗਈ ਹੈ। ਮੁਹੱਲੇ ਦੇ ਕਈ ਹੋਰ ਲੋਕ ਵੀ ਪੀਲੀਆ ਦੀ ਲਪੇਟ ਵਿਚ ਹਨ।

ਮੇਅਰ ਰਾਜਾ ਨੇ ਦਿੱਤੇ ਜਾਂਚ ਦੇ ਹੁਕਮ
ਮੇਅਰ ਜਗਦੀਸ਼ ਰਾਜ ਰਾਜਾ ਨੇ ਗੰਦੇ ਪਾਣੀ ਨਾਲ ਹੋਈ ਮੌਤ ਦੀ ਜਾਂਚ ਦੇ ਹੁਕਮ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਜਾਂ ਮੌਤ ਦੇ ਕਾਰਨਾਂ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜੇਕਰ ਅਧਿਕਾਰੀਆਂ ਦੀ ਲਾਪ੍ਰਵਾਹੀ ਹੈ ਤਾਂ ਜ਼ਰੂਰ ਐਕਸ਼ਨ ਹੋਵੇਗਾ।
ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕੀਤੀ : ਕੌਂਸਲਰ
ਇਲਾਕੇ ਦੇ ਮੌਜੂਦਾ ਕੌਂਸਲਰ ਓਂਕਾਰ ਰਾਜੀਵ ਟਿੱਕਾ ਨੇ ਕਿਹਾ ਕਿ ਭਗਤ ਸਿੰਘ ਨਗਰ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਦਾ ਇਹ ਕਹਿਣਾ ਗਲਤ ਹੈ ਕਿ ਉਨ੍ਹਾਂ ਨੇ ਇਸ ਨੂੰ ਸੁਲਝਾਉਣ ਬਾਰੇ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਿਗਮ ਤੋਂ ਟੀਮ ਬਣਾ ਕੇ ਪੱਕੀ ਗਲੀ ਨੂੰ ਕਈ ਥਾਵਾਂ ਤੋਂ ਤੁੜਵਾਇਆ ਗਿਆ। ਕੌਂਸਲਰ ਨੇ ਮੰਨਿਆ ਕਿ ਪਹਿਲਾਂ ਲਏ ਗਏ ਪਾਣੀ ਦੇ ਸੈਂਪਲ ਫੇਲ ਹੋਏ ਪਰ ਨਾਲ ਹੀ ਕਿਹਾ ਕਿ ਦੋ ਘਰਾਂ ਦੀਆਂ ਗਲੀਆਂ ਹੋਈਆਂ ਪਾਈਪਾਂ ਨੂੰ ਬਦਲਣ ਤੋਂ ਬਾਅਦ ਜਦੋਂ ਸੈਂਪਲ ਲਏ ਗਏ ਤਾਂ ਉਹ ਪਾਸ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੌਤ ਦੇ ਕਾਰਨਾਂ ਦਾ ਨਹੀਂ ਪਤਾ।
