ਵਿਦਿਆਰਥਣਾਂ ਤੇ ਮਾਪਿਆਂ ਕੀਤਾ ਇਕ ਘੰਟਾ ਰੋਡ ਜਾਮ
Thursday, Nov 23, 2017 - 02:36 AM (IST)
ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਬੀਤੀ ਸ਼ਾਮ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲਾ ਫਾਜ਼ਿਲਕਾ ਦੇ ਚਾਰ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਦੇ ਹੱਕ 'ਚ ਲੋਕ ਰੋਹ ਉੱਠਣ ਲੱਗਾ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਬਦਲੀਆਂ ਰੱਦ ਕਰਨ ਲਈ ਅੱਜ ਸਕੂਲ ਅੱਗੇ ਰੋਸ-ਪ੍ਰਦਰਸ਼ਨ ਕੀਤਾ ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਪੱਤਰ 'ਚ ਬਦਲੀਆਂ ਦਾ ਕਾਰਨ ਪਿਛਲੇ ਸਮੇਂ ਦੌਰਾਨ ਹੋਈ ਇਕ ਪ੍ਰੀਖਿਆ 'ਚ ਕੀਤੀਆਂ ਗਈਆਂ ਧਾਂਦਲੀਆਂ 'ਚ ਪ੍ਰਾਪਤ ਸ਼ਿਕਾਇਤ ਨੂੰ ਦੱਸਿਆ ਗਿਆ ਹੈ। ਬੁੱਧਵਾਰ ਸਵੇਰੇ ਤੜਕਸਾਰ ਪ੍ਰਦਰਸ਼ਨਕਾਰੀ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਮੇਨ ਗੇਟ 'ਤੇ ਇਕ ਘੰਟਾ ਧਰਨਾ ਦਿੱਤਾ, ਜਿਸ 'ਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸਕੂਲ ਦੇ ਬਾਹਰ ਜਾਮ ਲਾਇਆ ਗਿਆ, ਜਿਸ 'ਚ ਰਾਹਗੀਰਾਂ ਅਤੇ ਖਾਸ ਕਰ ਕੇ ਅਧਿਆਪਕਾਂ ਨੂੰ ਵੀ ਸਕੂਲ ਤੱਕ ਨਹੀਂ ਪਹੁੰਚਣ ਦਿੱਤਾ ਗਿਆ। ਵਿਦਿਆਰਥਣਾਂ ਦੇ ਮਾਪਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਿੰਸੀ. ਸੰਦੀਪ ਕੁਮਾਰ ਧੂੜੀਆ ਸਮੇਤ ਹੋਰਨਾਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਸਰਾਸਰ ਗਲਤ ਹਨ, ਇਹ ਇਕ ਕੋਝੀ ਰਾਜਨੀਤਕ ਸਾਜ਼ਿਸ਼ ਹੈ।
ਉਹ ਸਭ ਇਸ ਗੱਲ ਤੋਂ ਨਿੱਜੀ ਤੌਰ 'ਤੇ ਪ੍ਰੇਸ਼ਾਨ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਸ ਈਮਾਨਦਾਰ ਪ੍ਰਿੰਸੀਪਲ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ, ਜਿਸ ਦੀ ਅਗਵਾਈ 'ਚ 2 ਹਜ਼ਾਰ ਤੋਂ ਵਧ ਵਿਦਿਆਰਥਣਾਂ ਦਾ ਸਰਕਾਰੀ ਕੰਨਿਆ ਸਕੂਲ ਇਕ ਨਿੱਜੀ ਸਕੂਲ ਵਾਂਗ ਚੱਲ ਰਿਹਾ ਹੈ।
ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਗਲਤ
ਤਰੀਕੇ ਕੀਤੀਆਂ ਗਈਆਂ ਬਦਲੀਆਂ ਰੱਦ ਕੀਤੀਆਂ ਜਾਣ, ਜੇਕਰ ਬਦਲੀਆਂ ਰੱਦ ਨਹੀਂ ਹੁੰਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
