ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਨ ਇਕ ਦੀ ਮੌਤ, 64 ਪਾਜ਼ੇਟਿਵ

12/10/2020 2:38:43 AM

ਅੰਮ੍ਰਿਤਸਰ, (ਦਲਜੀਤ)- ਅੰਮ੍ਰਿਤਸਰ ਵਾਸੀ ਸਾਵਧਾਨ ਹੋ ਜਾਣ। ਜ਼ਿਲੇ ਵਿਚ ਅੱਜ ਹੋਈ ਕਿਣਮਿਣ ਤੋਂ ਬਾਅਦ ਠੰਡ ਵਧਣ ਨਾਲ ਕੋਰੋਨਾ ਵਾਇਰਸ ਦਾ ਡੰਗ ਫਿਰ ਤੇਜ ਹੋ ਗਿਆ ਹੈ। ਜ਼ਿਲੇ ਵਿਚ ਅੱਜ 64 ਨਵੇਂ ਕੋਰੋਨਾ ਮਰੀਜ਼ ਆਏ ਹਨ। ਇਸ ਦੌਰਾਨ ਇਕ ਮਰੀਜ਼ ਦੀ ਮੌਤ ਹੋ ਗਈ ਹੈ । ਪੀੜਤ ਮਰੀਜ਼ਾਂ ਵਿਚ ਕਮਿਊਨਿਟੀ ਤੋਂ 44 ਅਤੇ ਸੰਪਰਕ ਵਾਲੇ 20 ਹਨ ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਅੰਮ੍ਰਿਤਸਰ ਵਿਚ ਆਪਣਾ ਕਹਿਰ ਵਿਖਾ ਚੁੱਕਾ ਹੈ ਅਤੇ ਹੁਣ ਠੰਡ ਵਧਣ ਤੋਂ ਬਾਅਦ ਦੂਜੀ ਵੇਵ ਵਿਚ ਜ਼ਿਆਦਾ ਮਾਮਲੇ ਆਉਣ ਦੀ ਸੰਭਾਵਨਾ ਵਧ ਗਈ ਹੈ। ਅੰਮ੍ਰਿਤਸਰ ਵਾਸੀ ਜੇਕਰ ਹੁਣ ਵੀ ਸਾਵਧਾਨ ਨਾ ਹੋਏ ਤਾਂ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ।

ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਬਚਾਅ ਲਈ ਆਈਸੋਲੇਸ਼ਨ ਵਾਰਡ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਹਰ ਇਕ ਹਸਪਤਾਲ ਵਿਚ ਖੰਘ, ਜੁਕਾਮ ਅਤੇ ਬੁਖਾਰ ਵਾਲੇ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ। ਲੋਕਾਂ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਹੈ ਅਤੇ ਕੋਈ ਵੀ ਲੱਛਣ ਪਾਏ ਜਾਣ ’ਤੇ ਤੁਰੰਤ ਸਰਕਾਰੀ ਹਸਪਤਾਲ ਵਿਚ ਸੰਪਰਕ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲੇ ’ਚ ਹੁਣ ਤਕ ਕੁੱਲ 13700 ਵਿਅਕਤੀ ਪਾਜ਼ੇਟਿਵ ਆ ਚੁੱਕੇ ਹਨ ਅਤੇ 12409 ਠੀਕ ਹੋ ਚੁੱਕੇ ਹਨ। ਹਸਪਤਾਲਾਂ ਵਿਚ ਦਾਖਲ 775 ਹਨ ਅਤੇ 516 ਦੀ ਮੌਤ ਹੋ ਚੁੱਕੀ ਹੈ।

ਇਸ ਦੀ ਹੋਈ ਮੌਤ

ਨਾਂ/ਉਮਰ , ਇਲਾਕਾ, ਹਸਪਤਾਲ

ਹਰਜਿੰਦਰ ਸਿੰਘ (59) , ਰਾਮ ਨਗਰ ਕਾਲੋਨੀ, ਗੁਰੂ ਨਾਨਕ ਦੇਵ ਹਸਪਤਾਲ

ਆਈਸੋਲੇਸ਼ਨ ਵਾਰਡ ’ਚ ਦਾਖਲ ਮਰੀਜ਼ਾਂ ਨੂੰ ਮਿਲੇਗਾ ਹੁਣ ਗਰਮ ਭੋਜਨ : ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦਾ ਖਾਣਾ ਗਰਮ ਰੱਖਣ ਲਈ 3 ਓਵਨ ਲਾ ਦਿੱਤੇ ਗਏ ਹਨ । ਮੈਡੀਕਲ ਸੁਪਰਡੈਂਟ ਡਾ. ਜੇ. ਪੀ. ਅੱਤਰੀ ਨੇ ਦੱਸਿਆ ਕਿ ਅਜੇ ਉਨ੍ਹਾਂ ਕੋਲ ਮਰੀਜ਼ਾਂ ਦੇ ਹਿਸਾਬ ਨਾਲ ਇਹ ਓਵਨ ਕਾਫੀ ਹਨ ਅਤੇ ਜ਼ਰੂਰਤ ਪਈ ਤਾਂ ਹੋਰ ਮੰਗਵਾਏ ਜਾਣਗੇ । ਮੈਡੀਕਲ ਐਜ਼ੂਕੇਸ਼ਨ ਐਂਡ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹਸਪਤਾਲ ਮੈਨੇਜਮੈਂਟ ਨੂੰ ਮਰੀਜ਼ਾਂ ਨੂੰ ਗਰਮ ਪਾਣੀ ਅਤੇ ਖਾਣਾ ਦੇਣ ਦਾ ਹੁਕਮ ਦਿੱਤਾ ਸੀ ।


Bharat Thapa

Content Editor

Related News