ਦੂਜੇ ਦਿਨ ਵੀ ਰੇਲ ਗੱਡੀਆਂ ਦੇ ਚੱਕੇ ਰਹੇ ਜਾਮ

08/27/2017 5:59:11 AM

ਅੰਮ੍ਰਿਤਸਰ,  (ਜਸ਼ਨ)-  ਸਿਰਸਾ ਦੇ ਗੁਰਮੀਤ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਭਾਵੇਂ 24 ਘੰਟੇ ਗੁਜ਼ਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਹਾਲਾਤ ਕਾਬੂ ਨਹੀਂ ਆ ਰਹੇ ਹਨ। ਇਸ ਸਾਰੇ ਮਾਮਲੇ ਕਾਰਨ ਹਰਿਆਣਾ, ਪੰਜਾਬ, ਰਾਜਸਥਾਨ ਤੇ ਦਿੱਲੀ ਦਾ ਸੜਕ ਅਤੇ ਰੇਲ ਰਸਤਾ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ੁੱਕਰਵਾਰ ਨੂੰ ਗੁਰਮੀਤ ਰਾਮ ਰਹੀਮ ਦੀ ਜਬਰ-ਜ਼ਨਾਹ ਦੇ ਕੇਸ ਵਿਚ ਪੰਚਕੂਲਾ ਦੀ ਸੀ. ਬੀ. ਆਈ. ਕੋਰਟ 'ਚ ਪੇਸ਼ੀ ਸੀ ਪਰ ਹਰਿਆਣਾ ਸਰਕਾਰ ਦੀ ਲਾਪ੍ਰਵਾਹੀ ਅਤੇ ਡੇਰਾ ਪ੍ਰੇਮੀਆਂ ਦੇ ਰੋਹ ਕਾਰਨ ਰੇਲਵੇ ਨੇ ਸ਼ੁੱਕਰਵਾਰ ਦੁਪਹਿਰ ਹੀ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਨਿੱਤ 115 ਦੇ ਲਗਭਗ ਰੇਲ ਗੱਡੀਆਂ ਦੀ ਆਵਾਜਾਈ ਹੁੰਦੀ ਹੈ ਅਤੇ ਰੋਜ਼ ਹੀ ਇਥੋਂ ਇਕ ਤੋਂ ਡੇਢ ਲੱਖ ਯਾਤਰੀ ਆਉਂਦੇ-ਜਾਂਦੇ ਹਨ। ਇਸ ਕਰ ਕੇ ਇਕ ਪਾਸੇ ਜਿਥੇ ਰੇਲਵੇ ਦੇ ਰੈਵੇਨਿਊ ਨੂੰ ਕਾਫ਼ੀ ਨੁਕਸਾਨ ਹੋਇਆ, ਉਥੇ ਹੀ ਸਭ ਤੋਂ ਵੱਧ ਟੂਰਿਜ਼ਮ ਅਤੇ ਰੇਲ ਯਾਤਰੀ ਪ੍ਰਭਾਵਿਤ ਹੋਏ। ਲੋਕ ਆਪਣੀ ਮੰਜ਼ਿਲ ਤੱਕ ਜਾਣ ਲਈ ਮਾਰੇ-ਮਾਰੇ ਫਿਰਦੇ ਰਹੇ ਪਰ ਉਨ੍ਹਾਂ ਨੂੰ ਜਾਣ ਲਈ ਨਾ ਤਾਂ ਕੋਈ ਰੇਲ ਗੱਡੀ ਮਿਲੀ ਤੇ ਨਾ ਹੀ ਕੋਈ ਬੱਸ। ਇਸ ਤੋਂ ਇਲਾਵਾ ਪ੍ਰਾਈਵੇਟ ਟੈਕਸੀ ਵਾਲਿਆਂ ਨੇ ਵੀ ਮੋਟੀ ਰਕਮ ਮਿਲਣ ਦੇ ਚਾਅ ਨੂੰ ਦਰਕਿਨਾਰ ਕਰਦੇ ਹੋਏ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਮੁਨਾਸਿਬ ਨਹੀਂ ਸਮਝਿਆ ਅਤੇ ਉਹ ਵੀ ਖਾਲੀ ਹੀ ਬੈਠੇ ਰਹੇ। ਉਥੇ ਹੀ ਸ਼ਨੀਵਾਰ ਨੂੰ ਦੂਜੇ ਦਿਨ ਵੀ ਅੰਮ੍ਰਿਤਸਰ-ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ ਆਦਿ ਖੇਤਰਾਂ ਤੋਂ ਲੰਘਣ ਵਾਲੀਆਂ ਲਗਭਗ ਸਾਰੀਆਂ ਰੇਲ ਗੱਡੀਆਂ ਨੂੰ ਯਾਤਰੀਆਂ ਦੀ ਜਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ। ਰੇਲਵੇ ਸਟੇਸ਼ਨਾਂ 'ਤੇ ਅਗਜ਼ਨੀ ਦੀਆਂ ਘਟਨਾਵਾਂ ਨਾ ਹੋਣ ਇਸ ਦੇ ਲਈ ਰੇਲ ਮੰਤਰਾਲੇ ਨੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੂੰ ਤੁਰੰਤ ਹੀ ਸਖਤ ਆਦੇਸ਼ ਦਿੱਤੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਦੋਵਾਂ ਪੁਲਸ ਫੋਰਸਾਂ ਨੇ ਆਪਣੀ ਗਸ਼ਤ ਨੂੰ ਤੇਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਅਤੇ ਡਾਗ ਸਕੁਐਡ ਦੀਆਂ ਟੀਮਾਂ ਵੀ ਲਗਾਤਾਰ ਤਲਾਸ਼ੀ ਮੁਹਿੰਮ ਚਲਾਏ ਹੋਏ ਹਨ। ਹੁਣ ਸਾਰੇ ਲੋਕ ਘਰਾਂ ਵਿਚ ਹੀ ਵੜੇ ਰਹਿਣ ਨੂੰ ਮਜਬੂਰ ਹਨ।
ਉਥੇ ਹੀ ਦੂਜੇ ਦਿਨ ਵੀ ਗੁਰੂ ਕੀ ਨਗਰੀ ਦਾ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਸੁੰਨਸਾਨ ਅਤੇ ਉਜੜਿਆ ਹੀ ਦਿਖਾਈ ਦਿੱਤਾ। ਅਜਿਹੀ ਹਾਲਤ ਲੱਗ ਰਹੀ ਸੀ ਜਿਵੇਂ ਕਰਫਿਊ ਲੱਗਾ ਹੋਵੇ। ਸਟੇਸ਼ਨ 'ਤੇ ਇੱਕਾ-ਦੁੱਕਾ ਯਾਤਰੀ ਹੀ ਦਿਸੇ ਅਤੇ ਉਹ ਵੀ ਬਾਹਰੀ ਸੂਬਿਆਂ ਤੋਂ ਆਏ ਟੂਰਿਸਟ ਹੀ ਸਨ। ਉਹ ਇਸ ਹਾਲਤ ਵਿਚ ਆਪਣੇ ਘਰਾਂ ਨੂੰ ਜਾਣ ਲਈ ਕਾਫ਼ੀ ਕਾਹਲੇ ਦਿਸੇ ਪਰ ਉਨ੍ਹਾਂ ਨੂੰ ਜਾਣ ਲਈ ਨਾ ਤਾਂ ਰੇਲ ਗੱਡੀ ਉਪਲਬਧ ਸੀ ਤੇ ਨਾ ਹੀ ਕੋਈ ਬੱਸ। ਇਸ ਤੋਂ ਇਲਾਵਾ ਕੋਈ ਵੀ ਟੈਕਸੀ ਵਾਲਾ ਵੀ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ। ਤਾਮਿਲਨਾਡੂ ਤੋਂ ਆਏ ਹੋਏ ਇਕ ਪਰਿਵਾਰ ਦਾ ਇਕ ਸੁਰ 'ਚ ਕਹਿਣਾ ਸੀ ਕਿ ਉਹ ਇਥੇ ਘੁੰਮਣ ਲਈ 3 ਦਿਨ ਪਹਿਲਾਂ ਆਏ ਸਨ ਪਰ ਹੁਣ ਇਥੇ ਫਸ ਗਏ ਹਨ ਅਤੇ ਆਪਣੇ ਘਰਾਂ ਨੂੰ ਛੇਤੀ ਜਾਣ ਲਈ ਕਾਹਲੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਿਹੋ ਜਿਹੇ ਸਾਥੀ ਹਨ ਜੋ ਇਕ ਦੋਸ਼ੀ ਨੂੰ ਹਮਾਇਤ ਦੇਣ ਦੀ ਗੱਲ ਕਹਿ ਕੇ ਅਜਿਹਾ ਦੰਗਾ-ਫਸਾਦ ਕਰ ਰਹੇ ਹਨ ਅਤੇ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਅਜਿਹਾ ਕਿਹੜਾ ਗੁਰੂ ਹੈ ਜੋ ਆਪਣੇ ਪੈਰੋਕਾਰਾਂ ਨੂੰ ਭੜਕਾਉਂਦਾ ਹੈ ਕਿ ਉਹ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ। ਇਸ ਤੋਂ ਇਲਾਵਾ ਦਿਨ ਅਤੇ ਰਾਤ ਨੂੰ ਅਤਿ-ਵਿਅਸਤ ਰਹਿਣ ਵਾਲੇ ਰੇਲਵੇ ਦੇ ਕਈ ਵਿਭਾਗ ਵੀ ਪੂਰੀ ਤਰ੍ਹਾਂ ਸੁੰਨਸਾਨ ਹੀ ਪਏ ਵਿਖਾਈ ਦਿੱਤੇ। ਟਿਕਟ ਕਾਊਟਰਾਂ 'ਤੇ ਜਿਥੇ ਤੜਕੇ ਤੋਂ ਹੀ ਲੋਕਾਂ ਦੀ ਲੰਬੀ-ਲੰਬੀ ਭੀੜ ਲੱਗੀ ਰਹਿੰਦੀ ਸੀ, ਉਹ ਵੀ ਪੂਰੀ ਤਰ੍ਹਾਂ ਖਾਲੀ ਹੀ ਦਿਸੇ। ਉਥੇ ਹੀ ਰੇਲਵੇ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਐਤਵਾਰ ਨੂੰ ਵੀ ਹਾਲਾਤ ਨਾ ਬਦਲੇ ਤਾਂ ਰੇਲਵੇ ਵਿਭਾਗ ਐਤਵਾਰ ਨੂੰ ਵੀ ਸਾਰੀਆਂ ਰੇਲ ਗੱਡੀਆਂ ਰੱਦ ਕਰ ਦੇਵੇਗਾ। 


Related News