ਚੌਥੇ ਦਿਨ ਵੀ ਕਥਿੱਤ ਜਬਰ-ਜ਼ਨਾਹ ਦੀ ਸ਼ਿਕਾਰ ਔਰਤ ਦਾ ਡਾਕਟਰਾਂ ਨੇ ਨਹੀਂ ਕੀਤਾ ਮੈਡੀਕਲ
Sunday, Sep 17, 2017 - 04:03 PM (IST)
ਫ਼ਰੀਦਕੋਟ (ਹਾਲੀ) - ਹਮੇਸ਼ਾ ਹੀ ਇਲਾਜ ਪ੍ਰਤੀ ਲਾਪਰਵਾਹੀ ਸੁਰਖੀਆਂ 'ਚ ਰਹਿਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਡਾਕਟਰਾਂ ਨੇ ਗਰੀਬ ਅਤੇ ਬੇਸਹਾਰਾ ਮਰੀਜ਼ਾਂ ਪ੍ਰਤੀ ਇਕ ਵਾਰ ਫਿਰ ਲਾਪਰਵਾਹੀ ਦਿਖਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹਸਪਤਾਲ 'ਚ ਚਾਰ ਦਿਨ ਤੋਂ ਪਹਿਲਾਂ ਦਾਖਲ ਜਬਰ-ਜ਼ਨਾਹ ਤੋਂ ਪੀੜਤ ਦਲਿਤ ਪਰਿਵਾਰ ਦੀ ਇਕ 24 ਸਾਲਾ ਲੜਕੀ ਦਾ ਚਾਰ ਦਿਨ ਬਾਅਦ ਵੀ ਡਾਕਟਰਾਂ ਨੇ ਮੈਡੀਕਲ ਮੁਆਇਨਾ ਨਹੀਂ ਕੀਤਾ ਅਤੇ ਨਾ ਹੀ ਲੋੜੀਂਦੇ ਨਮੂਨੇ ਇਕੱਤਰ ਕੀਤੇ ਹਨ।
ਨਿਯਮਾਂ ਅਨੁਸਾਰ ਜੇਕਰ ਡਾਕਟਰ ਅਜਿਹਾ ਨਹੀਂ ਕਰਦੇ ਤਾਂ ਜਬਰ-ਜ਼ਨਾਹ ਦਾ ਦੋਸ਼ੀ ਸਜ਼ਾ ਤੋਂ ਬਚ ਸਕਦਾ ਹੈ। ਹਸਪਤਾਲ ਚ ਇਲਾਜ ਅਧੀਨ ਪੀੜਤ ਲੜਕੀ ਜਲਾਲਾਬਾਦ ਕਸਬੇ ਨਾਲ ਸੰਬੰਧਤ ਹੈ ਅਤੇ ਜਬਰ-ਜ਼ਨਾਹ ਦੀ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਜਲਾਲਾਬਾਦ ਨੇ ਮੈਡੀਕਲ ਜਾਂਚ ਅਤੇ ਇਲਾਜ ਲਈ ਪੀੜਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਐਮਰਜੈਂਸੀ ਵਿਭਾਗ ਲਈ ਰੈਫ਼ਰ ਕਰ ਦਿੱਤਾ ਸੀ। ਐਮਰਜੈਂਸੀ ਵਿਭਾਗ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਸ ਪੀੜਤ ਲੜਕੀ ਨੂੰ ਗਾਇਨੀ ਵਿਭਾਗ 'ਚ ਸ਼ਿਫਟ ਕਰ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਗੁਆਂਢੀ ਇਕ ਨੌਜਵਾਨ ਨੇ ਉਸ ਨਾਲ ਖਿਲਵਾੜ ਕਰਕੇ ਸ਼ਰੇਆਮ ਬੇਇੱਜ਼ਤੀ ਅਤੇ ਕੁੱਟਮਾਰ ਵੀ ਕੀਤੀ। ਨਿਯਮਾਂ ਮੁਤਾਬਿਕ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਪੀੜਤ ਲੜਕੀ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਤੁਰੰਤ ਬਾਅਦ ਇਸ ਦੀ ਜਾਣਕਾਰੀ ਨੇੜੇ ਦੇ ਥਾਣੇ ਨੂੰ ਲਿਖਤੀ ਤੌਰ 'ਤੇ ਦੇਣੀ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਡਾਕਟਰੀ ਜਾਂਚ ਦੌਰਾਨ ਡੀ. ਐਨ. ਏ ਲਈ ਨਮੂਨੇ ਵੀ ਹਾਸਲ ਕਰਨੇ ਹੁੰਦੇ ਹਨ। ਡਾਕਟਰਾਂ ਲਈ ਇਹ ਸਾਰੀ ਕਾਰਵਾਈ 24 ਘੰਟੇ ਦੇ ਅੰਦਰ-ਅੰਦਰ ਕਰਨੀ ਲਾਜ਼ਮੀ ਹੁੰਦੀ ਹੈ ਪਰ ਹਸਪਤਾਲ ਦੇ ਡਾਕਟਰਾਂ ਨੇ ਅਜਿਹਾ ਕੁਝ ਨਹੀਂ ਕੀਤਾ। ਪੀੜਤ ਲੜਕੀ ਨੇ ਕਿਹਾ ਕਿ ਉਸ ਨੇ ਡਾਕਟਰਾਂ ਨੂੰ ਹਜ਼ਾਰ ਵਾਰ ਕਿਹਾ ਪਰ ਦੋਸ਼ੀਆਂ ਦੇ ਸਿਆਸੀ ਪ੍ਰਭਾਵ ਕਾਰਨ ਪੁਲਸ ਅਤੇ ਡਾਕਟਰ ਕੋਈ ਕਾਰਵਾਈ ਨਹੀਂ ਕਰ ਰਹੇ।
ਕੀ ਕਹਿੰਦੇ ਹਨ ਡਾਕਟਰ ਅਤੇ ਸੁਪਰਡੈਂਟ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੁਪਰਡੈਂਟ ਡਾ. ਰਾਜੀਵ ਜੋਸ਼ੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਪੀੜਤ ਲੜਕੀ ਦਾ ਮੈਡੀਕਲ ਮੁਆਇਨਾ ਹੋ ਗਿਆ ਹੈ ਅਤੇ ਲੋੜੀਂਦੀ ਸਾਰੀ ਕਾਰਵਾਈ ਵੀ ਡਾਕਟਰਾਂ ਨੇ ਮੁਕੰਮਲ ਕਰ ਲਈ ਹੈ। ਮੈਡੀਕਲ ਕਾਲਜ ਦੀ ਸੀਨੀਅਰ ਡਾਕਟਰ ਅਤੇ ਗਾਇਨੀ ਵਿਭਾਗ ਦੀ ਮੁਖੀ ਡਾ. ਲੱਜਾ ਨੇ ਕਿਹਾ ਕਿ ਪੀੜਤ ਲੜਕੀ ਨੂੰ ਇਲਾਜ ਦੀ ਪੂਰੀ ਸਹੂਲਤ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਡਾਕਟਰਾਂ ਦੀ ਇਕ ਟੀਮ ਪੂਰੇ ਮਾਮਲੇ ਨੂੰ ਦੇਖ ਰਹੀ ਹੈ। ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਜ਼ਿਲਾ ਪ੍ਰਧਾਨ ਸਨਕਦੀਪ ਸਿੰਘ, ਸਵਰਨ ਸਿੰਘ, ਅਮਰਜੀਤ ਸਿੰਘ ਪਰਮਾਰ ਅਤੇ ਮਾਸਟਰ ਮੱਖਣ ਸਿੰਘ ਵੱਲੋਂ ਲੜਕੀ ਦੇ ਹੱਕ 'ਚ ਖੜੇ ਹੋਣ ਤੋਂ ਬਾਅਦ ਡਾਕਟਰਾਂ ਨੇ ਇਸ ਮਾਮਲੇ 'ਚ ਹਰਕਤ ਦਿਖਾਈ। ਇਸ ਤੋਂ ਪਹਿਲਾਂ ਡਾਕਟਰਾਂ ਨੇ ਪੀੜਤ ਲੜਕੀ ਪੁੱਛਿਆ ਤੱਕ ਵੀ ਨਹੀਂ ਸੀ।
