ਮੰਦਾ ਬੋਲਣ ''ਤੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਡੱਕਿਆ ਕਮਰੇ ''ਚ
Tuesday, Jan 09, 2018 - 12:37 AM (IST)
ਨੂਰਪੁਰਬੇਦੀ, (ਭੰਡਾਰੀ, ਸ਼ਰਮਾ ਕਲਮਾਂ)- ਇਕ ਨੈਸ਼ਨਲ ਐਵਾਰਡੀ ਪ੍ਰਾਇਮਰੀ ਅਧਿਆਪਕ ਨੂੰ ਮਾੜੀ ਸ਼ਬਦਾਵਲੀ ਬੋਲਣਾ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਰੂਪਨਗਰ ਦਿਨੇਸ਼ ਕੁਮਾਰ ਨੂੰ ਅੱਜ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਗੁੱਸੇ 'ਚ ਆਏ ਅਧਿਆਪਕਾਂ ਨੇ ਡੀ.ਈ.ਓ. ਨੂੰ ਇਕ ਕਮਰੇ 'ਚ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ।
ਭਾਵੇਂ ਇਕ ਘੰਟੇ ਤੱਕ ਕਮਰੇ 'ਚ ਬੰਦ ਰਹੇ ਜ਼ਿਲਾ ਸਿੱਖਿਆ ਅਫਸਰ ਨੂੰ ਕੁਝ ਸਿੱਖਿਆ ਅਧਿਕਾਰੀਆਂ ਦੇ ਕਹਿਣ 'ਤੇ ਕਮਰੇ 'ਚੋਂ ਬਾਹਰ ਕੱਢ ਲਿਆ ਗਿਆ ਪਰ ਅਧਿਆਪਕਾਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਤੋਂ ਬਾਹਰ ਨਿਕਲਣ ਵਾਲੇ ਸਾਰੇ ਦਰਵਾਜ਼ਿਆਂ ਨੂੰ ਜਿੰਦਰਾ ਲਾ ਲਿਆ। 2 ਘੰਟਿਆਂ ਬਾਅਦ ਜਦੋਂ ਡੀ.ਈ.ਓ. ਨੇ ਮੁਆਫੀ ਮੰਗੀ ਤਾਂ ਜਾ ਕੇ ਅਧਿਆਪਕਾਂ ਨੇ ਸਿੱਖਿਆ ਅਧਿਕਾਰੀ ਨੂੰ ਬਾਹਰ ਜਾਣ ਦਿੱਤਾ।
ਜ਼ਿਕਰਯੋਗ ਹੈ ਕਿ ਡੀ.ਈ.ਓ. ਦਿਨੇਸ਼ ਕੁਮਾਰ ਬੀ.ਪੀ.ਈ.ਓ. ਦਫ਼ਤਰ ਵਿਖੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਮਾੜੇ ਨਤੀਜਿਆਂ ਦੀ ਘੋਖ ਕਰਨ ਆਏ ਹੋਏ ਸਨ, ਜਿਥੇ ਸਿੱਖਿਆ ਬਲਾਕ ਨੂਰਪੁਰਬੇਦੀ ਦੇ ਕਈ ਸਕੂਲਾਂ ਦੇ ਅਧਿਆਪਕ ਪਹੁੰਚੇ ਹੋਏ ਸਨ। ਇਸ ਦੌਰਾਨ ਡੀ.ਈ.ਓ. ਵੱਲੋਂ ਵਾਰੀ-ਵਾਰੀ ਹਰੇਕ ਸਕੂਲ ਦੇ ਅਧਿਆਪਕਾਂ ਤੋਂ ਮਾੜੇ ਨਤੀਜਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਜਦੋਂ ਸੈਦਪੁਰ ਸਕੂਲ ਦੇ ਨੈਸ਼ਨਲ ਐਵਾਰਡੀ ਅਧਿਆਪਕ ਸੋਹਣ ਲਾਲ ਨੂੰ ਡੀ.ਈ.ਓ. ਨੇ ਮਾੜੇ ਨਤੀਜੇ ਆਉਣ 'ਤੇ ਇਹ ਆਖ ਦਿੱਤਾ ਕਿ ਤੈਨੂੰ ਅਧਿਆਪਕ ਕਿਸ ਨੇ ਬਣਾ ਦਿੱਤਾ ਹੈ ਤੇ ਐਵਾਰਡ ਕਿਸ ਨੇ ਦਿੱਤਾ ਹੈ ਤਾਂ ਮਾਮਲਾ ਤੂਲ ਫੜ ਗਿਆ। ਮੌਕੇ 'ਤੇ ਮੌਜੂਦ ਬਾਕੀ ਅਧਿਆਪਕਾਂ ਨੇ ਇਸ ਗੱਲ ਨੂੰ ਸਮੁੱਚੇ ਅਧਿਆਪਕਾਂ ਦਾ ਅਪਮਾਨ ਸਮਝਦਿਆਂ ਡੀ.ਈ.ਓ. ਨੂੰ ਮੀਟਿੰਗ ਵਾਲੇ ਕਮਰੇ 'ਚ ਹੀ ਬੰਦ ਕਰ ਕੇ ਬਾਹਰੋਂ ਕੁੰਡਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਹਾਲਾਤ ਨੂੰ ਕਾਬੂ ਕਰਨ ਲਈ ਮੌਕੇ 'ਤੇ ਪੁਲਸ ਮੁਲਾਜ਼ਮ ਵੀ ਪਹੁੰਚ ਗਏ। ਈ.ਟੀ.ਟੀ. ਯੂਨੀਅਨ ਦੇ ਸੂਬਾ ਸਕੱਤਰ ਹਰਜੀਤ ਸੈਣੀ, ਜ਼ਿਲਾ ਪ੍ਰਧਾਨ ਕਰਮਜੀਤ ਬੈਂਸ, ਸੁਰਿੰਦਰ ਭਟਨਾਗਰ, ਜੀ.ਟੀ.ਯੂ. ਦੇ ਗੁਰਪ੍ਰੀਤ ਸਿੰਘ ਹੈਪੀ, ਕੁਲਦੀਪ ਸਿੰਘ ਗਿੱਲ ਤੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਤਲਵਿੰਦਰ ਸਿੰਘ ਸੈਦਪੁਰ, ਬਖਸ਼ੀਸ਼ ਸਿੰਘ ਮੁਲਤਾਨੀ, ਮਨਜੀਤ ਸਿੰਘ ਮਾਵੀ ਤੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਉਕਤ ਸਿੱਖਿਆ ਅਧਿਕਾਰੀ ਵੱਲੋਂ ਆਪਣੇ-ਆਪ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਨਜ਼ਦੀਕੀ ਦੱਸਦੇ ਅਧਿਆਪਕਾਂ ਨੂੰ ਨਾ ਕੇਵਲ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ, ਸਗੋਂ ਕਈ ਹੋਰਨਾਂ ਸਕੂਲਾਂ 'ਚ ਵੀ ਲੇਡੀ ਅਧਿਆਪਕਾਂ ਨੂੰ ਗਲਤ ਸ਼ਬਦਾਵਲੀ ਬੋਲੀ ਗਈ ਹੈ।
ਅਧਿਆਪਕ ਨੇ ਪ੍ਰਸ਼ੰਸਾ ਪੱਤਰ ਲੈਣ ਤੋਂ ਕੀਤਾ ਇਨਕਾਰ
ਇਸ ਮੌਕੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਵਿਚ ਪਹਿਲੇ 5 ਸਕੂਲਾਂ 'ਚ ਸਥਾਨ ਹਾਸਲ ਕਰਨ ਵਾਲੇ ਸਪਾਲਵਾਂ ਸਕੂਲ ਦੇ ਇਕ ਅਧਿਆਪਕ ਸੁਸ਼ੀਲ ਕੁਮਾਰ ਨੇ ਵੀ ਡੀ.ਈ.ਓ. ਦੀ ਇਸ ਹਰਕਤ ਤੋਂ ਦੁਖੀ ਹੋ ਕੇ ਵਿਭਾਗ ਵੱਲੋਂ ਸਕੂਲ ਨੂੰ ਦਿੱਤੇ ਜਾਣ ਵਾਲੇ ਪ੍ਰਸ਼ੰਸਾ ਪੱਤਰ ਨੂੰ ਲੈਣ ਤੋਂ ਨਾ ਕਰ ਦਿੱਤੀ। ਉਧਰ, ਖਬਰ ਲਿਖੇ ਜਾਣ ਤੱਕ ਨੈਸ਼ਨਲ ਐਵਾਰਡੀ ਅਧਿਆਪਕ ਦੇ ਸਕੂਲ ਦੇ ਪਿੰਡ ਸੈਦਪੁਰ ਦੀ ਪੰਚਾਇਤ ਵੀ ਮੌਕੇ 'ਤੇ ਪਹੁੰਚ ਚੁੱਕੀ ਸੀ, ਜੋ ਜ਼ਿਲਾ ਸਿੱਖਿਆ ਅਫਸਰ ਤੋਂ ਉਕਤ ਮੁੱਦੇ ਤੋਂ ਸਫ਼ਾਈ ਮੰਗ ਰਹੀ ਸੀ।
