ਪੰਜਾਬ ''ਚ ਪੈਟਰੋਲ ''ਤੇ ਤੁਹਾਡੀ ਜੇਬ ''ਚੋਂ ਇੰਨਾ ਕੱਟ ਰਿਹੈ ਟੈਕਸ, ਫਿਰ ਵੀ ਕਮਾਈ ''ਚ ਹਰਿਆਣਾ ਮੋਹਰੀ
Monday, Oct 08, 2018 - 12:29 PM (IST)

ਚੰਡੀਗੜ੍ਹ— ਪੈਟਰੋਲ-ਡੀਜ਼ਲ ਕੀਮਤਾਂ ਨੂੰ ਲੈ ਕੇ ਪੰਜਾਬ ਇਸ ਵਾਰ ਕਾਫੀ ਚਰਚਾ 'ਚ ਹੈ। ਵਿਰੋਧੀ ਦਲ ਅਤੇ ਸਰਕਾਰ ਸਭ ਇਕ-ਦੂਜੇ ਨੂੰ ਘੇਰ ਰਹੇ ਹਨ ਪਰ ਇਸ ਵਿਚਕਾਰ ਕਿਸਾਨ, ਕਾਰੋਬਾਰੀ ਅਤੇ ਆਮ ਜਨਤਾ ਪਿਸ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਧਮਕੀ ਦਿੱਤੀ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਉੱਤਰੀ ਭਾਰਤ 'ਚ ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਜ਼ਿਆਦਾ ਟੈਕਸ ਹੈ ਅਤੇ ਡੀਜ਼ਲ ਵੀ ਕੁਝ ਗੁਆਂਢੀ ਸੂਬਿਆਂ ਨਾਲੋਂ ਮਹਿੰਗਾ ਹੈ ਪਰ ਹਕੀਕਤ ਇਹ ਵੀ ਹੈ ਕਿ ਅਕਾਲੀ ਸਰਕਾਰ ਸਮੇਂ ਹੀ ਸੂਬਾ ਟੈਕਸ 'ਚ ਵੱਡਾ ਵਾਧਾ ਹੋਇਆ। 2007 'ਚ ਅਕਾਲੀ-ਭਾਜਪਾ ਸੱਤਾ 'ਤੇ ਕਾਬਜ਼ ਹੋਏ ਸਨ ਅਤੇ 2008 'ਚ ਪੈਟਰੋਲ 'ਤੇ 27.5 ਫੀਸਦੀ ਅਤੇ ਡੀਜ਼ਲ 'ਤੇ 8.8 ਫੀਸਦੀ ਵੈਟ ਸੀ। 2017 'ਚ ਜਦੋਂ ਅਕਾਲੀ ਸੱਤਾ ਤੋਂ ਬਾਹਰ ਹੋਏ ਤਾਂ ਡੀਜ਼ਲ 'ਤੇ ਵੈਟ ਦੁੱਗਣਾ ਵਧ ਕੇ 17 ਫੀਸਦੀ ਹੋ ਚੁੱਕਾ ਸੀ ਅਤੇ ਪੈਟਰੋਲ 'ਤੇ ਵੈਟ 37 ਫੀਸਦੀ 'ਤੇ ਪਹੁੰਚ ਚੁੱਕਾ ਸੀ। ਕਾਂਗਰਸ ਦੀ ਸਰਕਾਰ ਬਣਨ 'ਤੇ ਵੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ। ਮੌਜੂਦਾ ਸਮੇਂ ਪੈਟਰੋਲ 'ਤੇ 36 ਫੀਸਦੀ ਵੈਟ ਹੈ, ਜਦੋਂ ਕਿ ਡੀਜ਼ਲ 'ਤੇ 17.3 ਫੀਸਦੀ।
ਪੈਟਰੋਲ 'ਤੇ 36% ਵੈਟ, ਫਿਰ ਵੀ ਰੈਵੇਨਿਊ 'ਤੇ ਪੰਜਾਬ ਖਾ ਰਿਹੈ ਮਾਤ :
ਪੈਟਰੋਲ 'ਤੇ 36 ਫੀਸਦੀ ਅਤੇ ਡੀਜ਼ਲ 'ਤੇ 17.3 ਫੀਸਦੀ ਵੈਟ ਹੋਣ ਦੇ ਬਾਵਜੂਦ ਪੰਜਾਬ ਨੂੰ ਰੈਵੇਨਿਊ ਹਰਿਆਣਾ ਨਾਲੋਂ ਘਟ ਮਿਲ ਰਿਹਾ ਹੈ। 2014-15 'ਚ ਪੰਜਾਬ ਨੂੰ ਇਸ ਜ਼ਰੀਏ 4,179 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜੋ 2017-18 'ਚ ਵਧ ਕੇ 5,658 ਕਰੋੜ ਰੁਪਏ 'ਤੇ ਪਹੁੰਚ ਗਈ ਪਰ ਗੁਆਂਢੀ ਸੂਬਿਆਂ 'ਚ ਪੈਟਰੋਲ-ਡੀਜ਼ਲ ਸਸਤਾ ਹੋਣ ਕਾਰਨ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਹੋ ਰਿਹਾ ਹੈ। ਸਾਲ 2014-2017 ਦੌਰਾਨ ਹਰਿਆਣਾ ਦੀ ਆਮਦਨ 5,112 ਕਰੋੜ ਰੁਪਏ ਤੋਂ ਵਧ ਕੇ 7,655 ਕਰੋੜ ਰੁਪਏ ਹੋ ਗਈ ਹੈ, ਜੋ ਕਿ ਪੰਜਾਬ ਨਾਲੋਂ 2,000 ਕਰੋੜ ਰੁਪਏ ਜ਼ਿਆਦਾ ਹੈ। ਚੰਡੀਗੜ੍ਹ 'ਚ ਤੇਲ ਸਸਤਾ ਹੋਣ ਕਾਰਨ ਵੀ ਪੰਜਾਬ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਚੰਡੀਗੜ੍ਹ 'ਚ ਪੈਟਰੋਲ 10.55 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 3.91 ਰੁਪਏ ਪ੍ਰਤੀ ਲਿਟਰ ਸਸਤਾ ਹੈ।
ਪੰਜਾਬ ਪੈਟਰੋਲ ਪੰਪ ਡੀਲਰ ਸੰਗਠਨ ਦਾ ਕਹਿਣਾ ਹੈ ਕਿ ਚੰਡੀਗੜ੍ਹ 'ਚ ਪੈਟਰੋਲ ਦੀ ਵਿਕਰੀ 'ਚ 19 ਫੀਸਦੀ ਅਤੇ ਡੀਜ਼ਲ ਦੀ ਵਿਕਰੀ 'ਚ 78 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਸਾਲ 2017-18 'ਚ ਪੰਜਾਬ 'ਚ ਖਪਤ 10.5 ਫੀਸਦੀ ਘਟੀ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਕਾਰਨ ਪੰਜਾਬ ਦੇ ਡੀਲਰਾਂ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ। ਸੰਗਠਨ ਮੁਤਾਬਕ, ਨੇੜਲੇ ਸੂਬਿਆਂ 'ਚ ਟੈਕਸ ਘਟ ਹੋਣ ਨਾਲ ਪੰਜਾਬ 'ਚ 'ਤੇਲ ਮਾਫੀਆ' ਵਧ ਫੁੱਲ ਰਿਹਾ ਹੈ। ਪੰਜਾਬ ਦੇ ਗੁਆਂਢੀ ਸੂਬਿਆਂ 'ਚ ਪਹਿਲਾਂ ਹੀ ਵੈਟ ਦਰਾਂ ਘਟ ਸਨ, ਹੁਣ ਉਨ੍ਹਾਂ ਨੇ 2.50 ਰੁਪਏ ਦੀ ਹੋਰ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਸੂਬੇ 'ਚ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ 'ਚ ਵੱਡੀ ਗਿਰਾਵਟ ਆ ਸਕਦੀ ਹੈ ਅਤੇ ਡੀਲਰਾਂ ਤੇ ਸਰਕਾਰ ਦੋਹਾਂ ਨੂੰ ਨੁਕਸਾਨ ਹੋਵੇਗਾ।ਸੰਗਠਨ ਨੇ ਕਿਹਾ ਕਿ ਜੇਕਰ ਪੰਜਾਬ 'ਚ ਵੈਟ 'ਚ ਕਟੌਤੀ ਨਾ ਹੋਈ ਤਾਂ ਇੱਥੇ ਪੈਟਰੋਲ ਦੀ ਵਿਕਰੀ 'ਚ 15 ਫੀਸਦੀ ਅਤੇ ਡੀਜ਼ਲ ਦੀ ਵਿਕਰੀ 'ਚ 50 ਫੀਸਦੀ ਤਕ ਕਮੀ ਆ ਸਕਦੀ ਹੈ। ਇਸ ਨਾਲ ਸਰਕਾਰ ਦੇ ਮਾਲੀਏ ਨੂੰ ਵੀ ਝਟਕਾ ਲੱਗੇਗਾ।