‘ਆਪ’ ਕੋਲ ਹੁਣ ਕੋਈ ਮੁੱਦਾ ਨਹੀਂ, ਕਾਂਗਰਸ ਦਾ ਸੀ. ਐੱਮ. ਚਿਹਰਾ ਵੀ ਸਾਹਮਣੇ ਆ ਗਿਆ: ਸੋਨੀ
Tuesday, Feb 08, 2022 - 10:47 AM (IST)
ਜਲੰਧਰ (ਧਵਨ)- ਪੰਜਾਬ ਦੇ ਉੱਪ-ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਆਪ’ਕੋਲ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਹ ਪਾਰਟੀ ਲਗਾਤਾਰ ਕਾਂਗਰਸ ਖ਼ਿਲਾਫ਼ ਪ੍ਰਚਾਰ ਕਰ ਰਹੀ ਸੀ ਕਿ ਉਸ ਦੇ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਅਤੇ ਉਹ ਵੱਖ-ਵੱਖ ਚਿਹਰਿਆਂ ਦੇ ਆਧਾਰ ’ਤੇ ਚੋਣ ਲੜ ਰਹੀ ਹੈ ਪਰ ਰਾਹੁਲ ਗਾਂਧੀ ਨੇ ਕੱਲ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਮੋਹਰ ਲਗਾ ਕੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਜ਼ੁਬਾਨ ਬੰਦ ਕਰ ਦਿੱਤੀ ਹੈ।
ਸੋਨੀ ਨੇ ਕਿਹਾ ਕਿ ਜੇ ਪੰਜਾਬ ਦੇ ਲੋਕ ਹੁਣ ਭਗਵੰਤ ਮਾਨ ਅਤੇ ਚਰਨਜੀਤ ਸਿੰਘ ਚੰਨੀ ਦੀ ਆਪਸ ’ਚ ਤੁਲਨਾ ਕਰਨਗੇ ਤਾਂ ਲੋਕਾਂ ਦੇ ਸਾਹਮਣੇ ਚੰਨੀ ਦਾ ਪੱਲੜਾ ਭਾਰੀ ਰਹੇਗਾ। ਚੰਨੀ ਦੀ ਕਾਰਗੁਜ਼ਾਰੀ ਪੰਜਾਬ ਦੀ ਜਨਤਾ ਪਿਛਲੇ ਤਿਨ ਮਹੀਨਿਆਂ ’ਚ ਵੇਖ ਚੁੱਕੀ ਹੈ। ਚੰਨੀ ਨੇ ਗਰੀਬਾਂ ਅਤੇ ਦਰਮਿਆਨੇ ਵਰਗ ਅਤੇ ਵਪਾਰੀਆਂ ਨੂੰ ਵੱਧ ਤੋਂ ਵੱਧ ਰਿਆਇਤਾਂ ਦਿੱਤੀਆਂ ਹਨ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵੱਲੋਂ ਚੰਨੀ ਨੂੰ ਸੀ. ਐੱਮ. ਫੇਸ ਐਲਾਨ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਗੁਬਾਰਾ ਵੀ ਫਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਹਿੰਦੂ ਅਤੇ ਜਾਟ ਸਿੱਖ ਮਿਲ ਕੇ ਹੁਣ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਗੇ। ਸੋਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਦੋ ਚੋਣ ਦੌਰਿਆਂ ਦੌਰਾਨ ਪੰਜਾਬ ’ਚ ਕਾਂਗਰਸ ਦੇ ਅੰਦਰ ਨਵੀਂ ਜਾਨ ਫੂਕ ਦਿੱਤੀ ਹੈ ਅਤੇ ਕਾਂਗਰਸ ਦੇ ਵਰਕਰ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੁੜ ਸੱਤਾ ’ਚ ਆਉਣ ’ਤੇ ਆਪਣੇ ਬਾਕੀ ਅਧੂਰੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰੇਗੀ, ਜਿਸ ’ਚ ਸੂਬਿਆਂ ’ਚ ਨਸ਼ਿਆਂ ’ਤੇ ਰੋਕ ਲਗਾਉਣਾ ਅਤੇ ਸ਼ਹਿਰੀ ਖੇਤਰਾਂ ’ਚ ਵਿਕਾਸ ਦੇ ਨਵੇਂ ਪ੍ਰਾਜੈਕਟ ਲਿਆਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਕਾਸ ਦੇ ਆਧਾਰ ’ਤੇ ਚੋਣ ਮੈਦਾਨ ’ਚ ਉਤਰੀ ਹੋਈ ਹੈ।
ਇਹ ਵੀ ਪੜ੍ਹੋ: ‘ਆਪ’ ਆਗੂ ਜਰਨੈਲ ਸਿੰਘ ਦਾ ਕਾਂਗਰਸ ’ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈੱਸ
ਉਨ੍ਹਾਂ ਕਿਹਾ ਕਿ ਕਾਂਗਰਸ ਹੀ ਪੰਜਾਬ ਨੂੰ ਆਰਥਿਕ ਵਿਕਾਸ ਦੇ ਮਾਰਗ ’ਤੇ ਲਿਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਕਿਉਂਕਿ ਪਾਕਿਸਤਾਨ ਨਾਲ ਲਗਦੀਆਂ ਹਨ, ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵਰਗੀ ਬਾਹਰੀ ਪਾਰਟੀ ਨੂੰ ਅੱਗੇ ਲਿਆ ਕੇ ਨਵਾਂ ਪ੍ਰਯੋਗ ਨਹੀਂ ਕਰਨਗੇ ਕਿਉਂਕਿ ਤਜ਼ਰਬੇਕਾਰ ਲੋਕਾਂ ਦੇ ਹੱਥਾਂ ’ਚ ਹੀ ਸ਼ਾਸਨ ਸੱਤਾ ਪੰਜਾਬੀਆਂ ਵਲੋਂ ਸੌਂਪੀ ਜਾਏਗੀ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ