ਸੋਨੀ ਵੱਲੋਂ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਦੀ ਹਦਾਇਤ
Monday, Jul 08, 2019 - 06:49 PM (IST)
ਕਪੂਰਥਲਾ (ਮਹਾਜਨ)— ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ, ਸੁਤੰਤਰਤਾ ਸੰਗਰਾਮੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਕਿਹਾ ਕਿ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਆਪਣੇ ਇਲਾਕਿਆਂ ਨਾਲ ਸਬੰਧਤ ਸ਼ਿਕਾਇਤਾਂ ਲਿਖਤੀ ਤੌਰ 'ਤੇ ਜ਼ਿਲਾ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਤਾਂ ਜੋ ਇਨਾਂ ਦਾ ਸਥਾਈ ਤੌਰ 'ਤੇ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐੱਸ ਖਰਬੰਦਾ, ਐਸ. ਐਸ. ਪੀ ਸਤਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਸ. ਜੋਗਿੰਦਰ ਸਿੰਘ ਮਾਨ ਦੀ ਮੌਜੂਦਗੀ 'ਚ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜ਼ਿਲੇ ਦੇ ਸਮੂਹ ਵਿਭਾਗੀ ਮੁਖੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿੱਥੋਂ ਤੱਕ ਸੰਭਵ ਹੋਵੇ, ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਸ਼ਿਕਾਇਤ ਦਾ ਨਿਪਟਾਰਾ ਵਿਭਾਗੀ ਪੱਧਰ 'ਤੇ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਦੀ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਜ਼ਿਲੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਿਕਾਇਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਥਿਤ ਸ਼ਿਕਾਇਤ ਬ੍ਰਾਂਚ 'ਚ ਲਿਖਿਤ ਰੂਪ 'ਚ ਦਿੱਤੀ ਜਾਵੇ ਅਤੇ ਵਿਭਾਗੀ ਮੁਖੀ ਉਸ 'ਤੇ ਕੀਤੀ ਕਾਰਵਾਈ ਦੀ ਰਿਪੋਰਟ ਮੀਟਿੰਗ 'ਚ ਲੈ ਕੇ ਆਉਣ।
ਉਨ੍ਹਾਂ ਕਿਹਾ ਕਿ ਹਰੇਕ ਮਹੀਨੇ ਦੀ 10 ਤਰੀਕ ਨੂੰ ਇਹ ਮੀਟਿੰਗ ਹੋਇਆ ਕਰੇਗੀ ਅਤੇ ਇਸ ਮੀਟਿੰਗ 'ਚ ਵਿਭਾਗ ਦੇ ਮੁਖੀ ਦਾ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨਾਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਸਟੇਟਸ ਜਾਣਨ ਤੋਂ ਇਲਾਵਾ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਬਕਾਇਆ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਸਿਹਤ, ਸਿੱਖਿਆ, ਬਿਜਲੀ, ਵਾਟਰ ਸਪਲਾਈ, ਡਰੇਨੇਜ ਅਤੇ ਹੋਰਨਾਂ ਮਹਿਕਮਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ।
ਸੋਨੀ ਵੱਲੋਂ ਇਨਾਂ ਸਮੱਸਿਆਵਾਂ ਦੇ ਫੌਰਨ ਨਿਪਟਾਰੇ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਉਨਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਵੀ ਕੀਤੀ, ਜਿਨਾਂ 'ਚ ਸਮੱਗਰ ਸਿੱਖਿਆ ਅਭਿਆਨ, ਮਿਡ-ਡੇ-ਮੀਲ, ਪਾਣੀ ਦੀ ਸਾਂਭ-ਸੰਭਾਲ, ਬੇਟੀ ਬਚਾਓ ਬੇਟੀ ਪੜਾਓ ਅਤੇ ਘਰ-ਘਰ ਰੁਜ਼ਗਾਰ ਆਦਿ ਸਕੀਮਾਂ ਸ਼ਾਮਿਲ ਸਨ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਯੋਗ ਲਾਭਪਾਤਰੀ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਨੂੰ ਰਲ-ਮਿਲ ਕੇ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲੇ ਦੇ ਹਰੇਕ ਬਲਾਕ 'ਚ ਘੱਟੋ-ਘੱਟ ਇਕ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇ ਅਤੇ ਪਾਣੀ ਬਚਾਉਣ ਲਈ 'ਰੇਨ ਵਾਟਰ ਹਾਰਵੈਸਟਿੰਗ ਅਤੇ ਗਰੇ ਵਾਟਰ ਹਾਰਵੈਸਟਿੰਗ ਪ੍ਰਣਾਲੀ ਅਪਣਾਈ ਜਾਵੇ। ਉਨ੍ਹਾਂ ਨਸ਼ਿਆਂ ਦੇ ਖਾਤਮੇ, ਸਵੈ-ਰੁਜ਼ਗਾਰ, ਪਾਣੀ ਬਚਾਉਣ ਅਤੇ ਰੁੱਖ ਲਗਾਉਣ ਸਬੰਧੀ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐੱਸ ਖਰਬੰਦਾ ਦੀ ਅਗਵਾਈ ਹੇਠ ਜ਼ਿਲੇ 'ਚ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਪਹੁੰਚਣ 'ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਬਖਤਾਵਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ, ਐੱਸ. ਡੀ. ਐੱਮ ਵਰਿੰਦਰ ਪਾਲ ਸਿੰਘ ਬਾਜਵਾ, ਨਵਨੀਤ ਕੌਰ ਬੱਲ, ਸਕੱਤਰ ਸਿੰਘ ਬੱਲ ਅਤੇ ਡਾ. ਜੈ ਇੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਹਾਜ਼ਰ ਸਨ।