25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

Saturday, Aug 29, 2020 - 10:18 AM (IST)

25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਇਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਕੇਸ 'ਚ ਫਰਾਰ ਚੱਲ ਰਿਹਾ ਕੰਪਨੀ ਦਾ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਇਕ ਵਿਅਕਤੀ ਨੂੰ ਆਪਣੀ ਆਡੀ ਕਾਰ ਲੱਖਾਂ ਰੁਪਏ 'ਚ ਵੇਚ ਗਿਆ ਪਰ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਜਾਂਚ ਕਰ ਰਹੀ ਐੱਸ. ਆਈ. ਟੀ. ਨੂੰ ਕਾਫ਼ੀ ਆਸਾਨੀ ਨਾਲ ਝਕਾਨੀ ਦੇ ਕੇ ਆਦਿੱਤਿਆ ਸੇਠੀ ਫਿਰ ਤੋਂ ਗਾਇਬ ਹੋ ਗਿਆ। ਉਕਤ ਆਡੀ ਕਾਰ (0026) 18 ਅਗਸਤ ਨੂੰ ਕਪੂਰਥਲਾ ਦੇ ਇਕ ਵਿਅਕਤੀ ਦੇ ਨਾਂ 'ਤੇ ਟਰਾਂਸਫਰ ਹੋਈ ਹੈ, ਜੋ ਪਹਿਲਾਂ ਆਦਿੱਤਿਆ ਸੇਠੀ ਦੇ ਨਾਂ 'ਤੇ ਸੀ।
ਇਸ ਤੋਂ ਪਹਿਲਾਂ ਵੀ ਥਾਣਾ ਨੰਬਰ 7 ਦੇ ਇੰਚਾਰਜ ਦੀ ਲਾਪਰਵਾਹੀ ਸਾਹਮਣੇ ਆਈ ਸੀ, ਜਿਸ 'ਚ ਕੰਪਨੀ ਦੇ ਫਰਾਰ ਹੋਣ ਤੋਂ ਇਕ ਦਿਨ ਪਹਿਲਾਂ ਕੰਪਨੀ ਦੇ ਦਫ਼ਤਰ 'ਚ ਹੰਗਾਮਾ ਹੋਣ ਦੀ ਸੂਚਨਾ ਪਾ ਕੇ ਜਦੋਂ ਉਹ ਉੱਥੇ ਪਹੁੰਚੇ ਸਨ।

ਉਨ੍ਹਾਂ ਰਣਜੀਤ ਸਿੰਘ ਨੂੰ ਉਥੋਂ ਜਾਣ ਦਿੱਤਾ ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਕੰਪਨੀ ਦੇ ਮਾਲਕਾਂ ਅਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕੀਤਾ ਗਿਆ ਹੈ। ਇਸ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਦੇ ਸਾਫਟਵੇਅਰ 'ਚ ਸਿਰਫ ਆਮਦਨੀ ਹੀ ਸ਼ੋਅ ਹੋ ਰਹੀ ਹੈ ਅਤੇ ਇਨਪੁੱਟ ਵਿਚ ਸਾਫਟਵੇਅਰ ਨਹੀਂ ਮਿਲ ਸਕਿਆ। ਇਸ ਮਾਮਲੇ 'ਚ ਪੁਲਸ ਅਜੇ ਤੱਕ ਸ਼ੀਲਾ ਦੇਵੀ ਅਤੇ ਪੁਨੀਤ ਵਰਮਾ ਤੋਂ ਇਲਾਵਾ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਦੀਆਂ ਹੀ ਲਗਜ਼ਰੀ ਗੱਡੀਆਂ ਜ਼ਬਤ ਕਰ ਸਕੀ ਹੈ, ਜਦਕਿ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਸਮੇਤ ਆਸ਼ੀਸ਼ ਸ਼ਰਮਾ ਅਤੇ ਆਦਿੱਤਿਆ ਸੇਠੀ ਦੀਆਂ ਲਗਜ਼ਰੀ ਗੱਡੀਆਂ ਦੀ ਪੁਲਸ ਨੂੰ ਭਿਣਕ ਤੱਕ ਨਹੀਂ ਲੱਗੀ। ਅਜੇ ਵੀ ਐੱਸ. ਆਈ. ਟੀ. ਦਾਅਵਾ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ਰਮਨਾਕ! ਹੁਣ ਜਲੰਧਰ 'ਚ ਨੂੰਹ ਨੇ ਘਰੋਂ ਕੱਢੀ ਸੱਸ, ਜਾਣੋ ਕੀ ਹੈ ਮਾਮਲਾ (ਵੀਡੀਓ)

ਫਿਲਹਾਲ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਦੇ ਪਿਤਾ ਅਤੇ ਭਰਾ ਅਜੇ ਵੀ ਪੁਲਸ ਦੀ ਜਾਂਚ ਵਿਚ ਸ਼ਾਮਲ ਨਹੀਂ ਹੋਏ ਹਨ, ਜਿਸ ਤੋਂ ਸਾਫ ਹੈ ਕਿ ਰਾਜਨੀਤਕ ਸਬੰਧਾਂ ਦਾ ਉਹ ਪੂਰਾ ਫਾਇਦਾ ਉਠਾ ਰਹੇ ਹਨ। ਦੋਵਾਂ ਨੂੰ ਪੁਲਸ ਨੇ ਜਾਂਚ 'ਚ ਸ਼ਾਮਲ ਹੋਣ ਲਈ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਸ ਨੂੰ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ। ਪੀੜਤ ਨਿਵੇਸ਼ਕ ਦੋਸ਼ ਲਾ ਚੁੱਕੇ ਹਨ ਕਿ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਸਮੇਤ ਹੋਰ ਮੈਂਬਰ ਆਪਣੇ ਘਰਾਂ 'ਚੋਂ ਵੀ ਸਾਮਾਨ ਚੁੱਕ ਕੇ ਕਿਤੇ ਹੋਰ ਸ਼ਿਫਟ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਸੂਚਨਾ ਦੇਣ ਵਾਲੇ ਪੀੜਤਾਂ ਨੂੰ ਹੀ ਥਾਣਾ ਨੰਬਰ 7 ਦੇ ਇੰਚਾਰਜ ਨੇ ਬੁਰਾ-ਭਲਾ ਕਹਿ ਦਿੱਤਾ ਸੀ, ਜਿਸ ਦੀ ਆਡੀਓ ਵੀ ਵਾਇਰਲ ਹੋਈ ਸੀ। ਪੀੜਤਾਂ ਵਲੋਂ ਸੂਚਨਾ ਦੇਣ 'ਤੇ ਵੀ ਕਾਰਵਾਈ ਨਾ ਕਰਨ ਦਾ ਹੀ ਨਤੀਜਾ ਹੈ ਕਿ ਆਦਿੱਤਿਆ ਸੇਠੀ ਲੋਕਾਂ ਦੇ ਪੈਸਿਆਂ ਨਾਲ ਖਰੀਦੀ ਲਗਜ਼ਰੀ ਕਾਰ ਵੇਚ ਗਿਆ ਅਤੇ ਪੁਲਸ ਵੇਖਦੀ ਹੀ ਰਹਿ ਗਈ।

ਤਾਸ਼ਕੰਦ ਤੇ ਮਾਸਕੋ ਲਿਜਾਣ ਲਈ ਡਿਸਟਰੀਬਿਊਟਰਾਂ ਕੋਲੋਂ ਲਏ ਗਏ ਸਨ 2-2 ਲੱਖ
ਪੀੜਤ ਨਿਵੇਸ਼ਕਾਂ ਅਨੁਸਾਰ ਕੰਪਨੀ ਨੇ ਤਾਸ਼ਕੰਦ ਅਤੇ ਮਾਸਕੋ ਟਰਿੱਪ 'ਤੇ ਲਿਜਾਣ ਲਈ ਉਨ੍ਹਾਂ ਕੋਲੋਂ 2-2 ਲੱਖ ਰੁਪਏ ਲਏ ਸਨ। ਲਗਭਗ 300 ਡਿਸਟਰੀਬਿਊਟਰਾਂ ਨੇ ਤਾਸ਼ਕੰਦ ਅਤੇ 50 ਦੇ ਕਰੀਬ ਡਿਸਟਰੀਬਿਊਟਰਾਂ ਨੇ ਮਾਸਕੋ ਜਾਣ ਲਈ ਕੰਪਨੀ ਕੋਲ 2-2 ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ ਸਨ। ਤਾਸ਼ਕੰਦ ਲਈ ਕੰਪਨੀ ਦਾ ਟਰਿੱਪ ਜੁਲਾਈ ਮਹੀਨੇ ਜਾਣਾ ਸੀ, ਜਦੋਂ ਕਿ ਮਾਸਕੋ ਲਈ ਸਤੰਬਰ 2020 ਮਹੀਨਾ ਤੈਅ ਕੀਤਾ ਗਿਆ ਸੀ।

ਰਣਜੀਤ ਸਿੰਘ ਨੇ ਜਲੰਧਰ ਦੇ ਇਕ ਫਾਈਨਾਂਸਰ ਕੋਲੋਂ ਮੰਗੇ ਸਨ 90 ਲੱਖ
ਸੂਤਰਾਂ ਦਾ ਦਾਅਵਾ ਹੈ ਕਿ ਉਕਤ ਠੱਗੀ ਜ਼ਾਹਰ ਹੋਣ ਤੋਂ ਕੁਝ ਦਿਨ ਪਹਿਲਾਂ ਰਣਜੀਤ ਸਿੰਘ ਨੇ ਜਲੰਧਰ ਦੇ ਇਕ ਵੱਡੇ ਫਾਈਨਾਂਸਰ ਕੋਲ ਜਾ ਕੇ 90 ਲੱਖ ਰੁਪਏ ਮੰਗੇ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਹੁਸ਼ਿਆਰਪੁਰ ਵਿਚ ਆਪਣੀ ਜਗ੍ਹਾ ਹੈ, ਜਿਸ ਦੀ ਰਜਿਸਟਰੀ ਉਸ ਨੇ ਗਹਿਣੇ ਰੱਖ ਕੇ ਪੈਸੇ ਲੈਣੇ ਸਨ ਪਰ ਉਹ ਜਗ੍ਹਾ ਕਮਰਸ਼ੀਅਲ ਨਿਕਲੀ, ਜਿਸ ਕਾਰਨ ਫਾਈਨਾਂਸਰ ਨੇ ਉਸ ਨੂੰ ਰਕਮ ਦੇਣ ਤੋਂ ਮਨ੍ਹਾ ਕਰ ਦਿੱਤਾ।

ਦੋਬਾਰਾ ਈ. ਡੀ. ਨੂੰ ਭੇਜੀ ਸ਼ਿਕਾਇਤ
ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਦੀ ਜਾਂਚ ਤੋਂ ਅਸੰਤੁਸ਼ਟ ਪੀੜਤਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਦੋਬਾਰਾ ਈ. ਡੀ. ਨੂੰ ਭੇਜੀ ਹੈ ਅਤੇ ਇਸ ਕੇਸ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪੀੜਤਾਂ ਵੱਲੋਂ ਸੀ. ਐੱਮ., ਡੀ. ਜੀ. ਪੀ., ਈ. ਡੀ. ਅਤੇ ਹੋਰ ਵਿਭਾਗਾਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਪੀੜਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਵੀ ਟਵੀਟ ਕੀਤਾ ਗਿਆ ਸੀ ਪਰ ਉਸ 'ਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ। ਪੀੜਤਾਂ ਦਾ ਦੋਸ਼ ਹੈ ਕਿ ਜਲੰਧਰ ਪੁਲਸ ਦੋਸ਼ੀ ਧਿਰ ਦੀ ਬਜਾਏ ਉਨ੍ਹਾਂ ਨੂੰ ਹੀ ਪਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼


author

shivani attri

Content Editor

Related News