ਪੁਰਾਣੀ ਰੀਤ ਤੋੜੀ : ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ

12/9/2019 12:15:45 AM

ਗੜ੍ਹਦੀਵਾਲਾ,(ਜਤਿੰਦਰ)- ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਅਤੇ ਉਨ੍ਹਾਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੰਦੇ ਹੋਏ ਗੜ੍ਹਦੀਵਾਲਾ ਵਿਚ ਪੁਰਾਣੀ ਰੀਤ ਨੂੰ ਤੋੜਦਿਆਂ ਇਕ ਛੋਟੀ ਬੱਚੀ, ਜਿਸ ਦਾ ਨਾਂ ਸੁਦੀਕਸ਼ਾ ਹੈ, ਨੂੰ ਲਾੜੇ ਦੇ ਨਾਲ ਸਰਵਾਲਾ ਬਣਾਇਆ ਗਿਆ। ਸਮਾਜ ਵਿਚ ਕਾਫ਼ੀ ਸਮੇਂ ਤੋਂ ਇਹ ਰੀਤ ਚੱਲ ਰਹੀ ਹੈ, ਜਿਸ ਵਿਚ ਲਾੜੇ ਦੇ ਨਾਲ ਮੁੰਡੇ ਨੂੰ ਉਸ ਦਾ ਸਰਵਾਲਾ ਬਣਾਇਆ ਜਾਂਦਾ ਹੈ। ਇਸ ਰੀਤ ਨੂੰ ਤੋੜਦਿਆਂ ਸਵਰਗਵਾਸੀ ਮੋਹਨ ਲਾਲ ਅਤੇ ਰਾਜ ਰਾਣੀ ਨਿਵਾਸੀ ਹੰਸ ਨਗਰ ਦੇ ਪਰਿਵਾਰ ਨੇ ਪ੍ਰਵੀਨ ਕੁਮਾਰ ਦੀ ਧੀ ਸੁਦੀਕਸ਼ਾ ਨੂੰ ਆਪਣੇ ਲਾੜੇ ਬੇਟੇ ਯੋਗੇਸ਼ ਕੁਮਾਰ ਨਾਲ ਸਰਵਾਲਾ ਬਣਾਇਆ। ਸੁਦੀਕਸ਼ਾ ਨੂੰ ਮੁੰਡਿਆਂ ਵਾਂਗ ਸੁੰਦਰ ਸ਼ੇਰਵਾਨੀ ਪਹਿਨਾਈ ਹੋਈ ਸੀ ਅਤੇ ਮੁੰਡਿਆਂ ਵਾਂਗ ਹੀ ਪੱਗ ਵੀ ਸਿਰ ਉੱਤੇ ਰੱਖੀ ਹੋਈ ਸੀ। ਇਸ ਸਬੰਧ ਵਿਚ ਲਾੜੇ ਦੀ ਭੈਣ ਅਤੇ ਆਂਗਣਵਾੜੀ ਵਰਕਰ ਪ੍ਰਵੀਨ ਕੁਮਾਰੀ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਇਕ ਛੋਟੀ ਬੱਚੀ ਨੂੰ ਸਰਵਾਲਾ ਬਣਾਇਆ ਹੈ ਅਤੇ ਸਮਾਜ ਵਿਚ ਇਕ ਨਵਾਂ ਸੁਨੇਹਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ. ਮੋਹਨ ਲਾਲ ਵੀ ਉਨ੍ਹਾਂ ਨੂੰ ਹਮੇਸ਼ਾ ਆਪਣਾ ਪੁੱਤਰ ਹੀ ਮੰਨਦੇ ਸਨ।

ਰਾਜ ਰਾਣੀ ਦੇ ਪਰਿਵਾਰ ਵੱਲੋਂ ਕੀਤੀ ਗਈ ਇਸ ਨਵੀਂ ਪਹਿਲ ਦੀ ਸ਼ਲਾਘਾ ਕਰਦਿਆਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜ਼ਰ ਹਰਪਾਲ ਕੌਰ ਨੇ ਕਿਹਾ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਭਿਆਨ ਤਹਿਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਜਾਗਰੂਕ ਕੀਤਾ ਗਿਆ ਸੀ, ਜਿਸ ਤਹਿਤ ਉਨ੍ਹਾਂ ਇਹ ਨਵਾਂ ਕਦਮ ਚੁੱਕਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜ੍ਹਦੀਵਾਲਾ ਦੇ ਮੁਖੀ ਮਹਾਤਮਾ ਅਵਤਾਰ ਸਿੰਘ ਅਤੇ ਪ੍ਰਸਿੱਧ ਸਮਾਜ-ਸੇਵਕ ਸੁਦੇਸ਼ ਕੁਮਾਰ ਟੋਨੀ ਨੇ ਪਰਿਵਾਰ ਦੀ ਨਵੀਂ ਸੋਚ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਵੀਨ ਕੁਮਾਰੀ ਨੇ ਸਾਨੂੰ ਸਨਮਾਨ ਦੇ ਕੇ ਅਹਿਸਾਸ ਦੁਆਇਆ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਇਸ ਦੌਰਾਨ ਸਰਵਾਲਾ ਬਣੀ ਸੁਦੀਕਸ਼ਾ ਦੀ ਪਰਿਵਾਰਕ ਮੈਂਬਰ ਜਸਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਆਂਗਣਵਾੜੀ ਵਰਕਰ ਪ੍ਰਵੀਨ ਕੁਮਾਰੀ ਉੱਤੇ ਮਾਣ ਹੈ, ਜਿਨ੍ਹਾਂ ਬੱਚੀ ਨੂੰ ਸਰਵਾਲਾ ਬਣਾ ਕੇ ਸਾਨੂੰ ਇਹ ਅਹਿਸਾਸ ਦਿਵਾਇਆ ਹੈ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa