ਸ਼ਗਨ ਸਕੀਮ ਦਾ ਚੈੱਕ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ

Wednesday, Sep 20, 2017 - 08:21 AM (IST)

ਸ਼ਗਨ ਸਕੀਮ ਦਾ ਚੈੱਕ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਅੱਜ ਸਮਾਜ ਭਲਾਈ ਦਫਤਰ ਮੋਗਾ ਵਿਖੇ ਆਪਣੀ ਵਿੱਥਿਆ ਸੁਣਾਉਂਦਿਆਂ ਮੇਜਰ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦੀ ਲੜਕੀ ਦਾ ਵਿਆਹ ਹੋਇਆ ਸੀ ਅਤੇ ਉਸ ਨੇ 2 ਫਰਵਰੀ, 2010 ਨੂੰ ਸ਼ਗਨ ਸਕੀਮ ਦਾ ਚੈੱਕ ਹਾਸਲ ਕਰਨ ਲਈ ਸਾਰੀ ਕਾਰਵਾਈ ਕਰਵਾ ਕੇ ਦਫਤਰ ਵਿਖੇ ਫਾਈਲ ਜਮ੍ਹਾ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਪਹਿਲਾਂ ਤਾਂ 4 ਸਾਲ ਉਸ ਦੀ ਫਾਈਲ ਦਫਤਰ ਦੀਆਂ ਫਾਈਲਾਂ ਥੱਲੇ ਦੱਬੀ ਰਹੀ ਪਰ ਹੁਣ 2 ਸਾਲਾਂ ਤੋਂ ਦਫਤਰ ਵੱਲੋਂ ਇਕੋ-ਇਕ ਘੜਿਆ-ਘੜਾਇਆ ਜਵਾਬ ਦੇ ਕੇ ਮੋੜ ਦਿੱਤਾ ਜਾਂਦਾ ਹੈ ਕਿ ਤੁਹਾਡਾ ਚੈੱਕ ਪਿਛਲੀ ਅਕਾਲੀ ਹਕੂਮਤ ਵੇਲੇ ਇਕ ਵਿਧਾਇਕ ਨੂੰ ਦੇ ਦਿੱਤਾ ਸੀ।
ਉਸ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਸ਼ਗਨ ਸਕੀਮ ਦਾ ਚੈੱਕ ਹਾਸਲ ਨਹੀਂ ਹੋਇਆ, ਜਿਸ ਕਰ ਕੇ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਇਹ ਵੀ ਲਗਾਇਆ ਕਿ ਪਹਿਲਾਂ ਹੀ ਅੰਤਾਂ ਦੀ ਗਰੀਬੀ ਕਰ ਕੇ ਉਸ ਦੀ ਆਰਥਿਕ ਹਾਲਾਤ ਪਤਲੀ ਹੈ ਪਰ ਉਸ ਦੀ ਕਿਤੇ ਸੁਣਵਾਈ ਨਾ ਹੋਣ ਕਾਰਨ ਚੈੱਕ ਹਾਸਲ ਕਰਨ ਲਈ ਉਸ ਦਾ ਖਰਚਾ ਹੋ ਰਿਹਾ ਹੈ। ਉਸ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ।
ਮਾਮਲੇ ਦੀ ਅਜੇ ਪੜਤਾਲ ਚੱਲ ਰਹੀ ਹੈ : ਹਰਪਾਲ ਸਿੰਘ
ਇਸ ਮਾਮਲੇ ਸਬੰਧੀ ਜਦੋਂ ਸਮਾਜ ਭਲਾਈ ਵਿਭਾਗ ਮੋਗਾ ਦੇ ਅਧਿਕਾਰੀ ਹਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਪੀੜਤ ਵਿਅਕਤੀ ਨੂੰ ਆਇਆ ਸ਼ਗਨ ਸਕੀਮ ਦਾ ਚੈੱਕ ਪਤਾ ਨਹੀਂ ਕਿਤੇ ਗੁੰਮ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਚੰਡੀਗੜ੍ਹ ਦੇ ਬੈਂਕ ਤੋਂ ਜਾਰੀ ਹੋਏ ਇਸ ਚੈੱਕ ਸਬੰਧੀ ਪਤਾ ਲਾਇਆ ਜਾ ਰਿਹਾ ਹੈ। ਅਜੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਤੇ ਇਸ ਦੇ ਮੁਕੰਮਲ ਹੋਣ ਮਗਰੋਂ ਹੀ ਇਸ ਮਾਮਲੇ ਬਾਰੇ ਸਹੀ ਪਤਾ ਲੱਗੇਗਾ।


Related News