ਵਿਜੀਲੈਂਸ ਵੱਲੋਂ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਸਿੱਖਿਆ ਵਿਭਾਗ ਦੇ 2 ਅਧਿਕਾਰੀਆਂ ਸਣੇ 4 ਕਾਬੂ
Tuesday, Nov 01, 2022 - 11:25 PM (IST)
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚੱਲ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਸਮੇਤ ਦੋ ਨਿੱਜੀ ਵਿਅਕਤੀਆਂ ਨੂੰ ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਆਰ.ਐੱਮ.ਐੱਸ.ਏ) ਤਹਿਤ ਪ੍ਰਾਪਤ ਹੋਏ 10,01,120 ਰੁਪਏ ਦੇ ਫੰਡਾਂ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਉਕਤ ਮਾਮਲੇ ਦੇ ਸਬੰਧ 'ਚ ਰਾਕੇਸ਼ ਗੁਪਤਾ, ਪ੍ਰਿੰਸੀਪਲ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ, ਹੁਣ ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ, ਗੁਰਦਾਸਪੁਰ, ਰਾਮਪਾਲ, ਲੈਕਚਰਾਰ, ਸਰਕਾਰੀ ਇਨ-ਸਰਵਿਸ ਸਿਖਲਾਈ ਕੇਂਦਰ ਗੁਰਦਾਸਪੁਰ, ਹੁਣ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੋਰ, ਜ਼ਿਲ੍ਹਾ ਪਠਾਨਕੋਟ ਵਿਖੇ ਤਾਇਨਾਤ , ਕ੍ਰਿਸ਼ਨਾ ਟੈਂਟ ਹਾਊਸ ਦੇ ਮਾਲਕ ਜਤਿੰਦਰ ਕੁਮਾਰ ਅਤੇ ਸਿਗਮਾ ਡੈਕੋਰੇਟ ਨਾਂ ਦੀ ਫਰਮ ਦੇ ਮਾਲਕ, ਤਾਰਾਗੜ੍ਹ ਦੇ ਮੁਕੇਸ਼ ਮਹਾਜਨ ਵਿਰੁੱਧ ਈ.ਓ.ਡਬਲਯੂ ਵਿੰਗ, ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੈਟਰੋਲ ਪੰਪ ਦੀ ਹਿੱਸੇਦਾਰੀ ਨੂੰ ਲੈ ਕੇ ਭਰਾਵਾਂ 'ਚ ਖੜਕੀ, ਇਕ ਦੀ ਮੌਤ
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਇਨ-ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਨੂੰ ਸਿਖਲਾਈ ਲਈ ਰਮਸਾ ਸਕੀਮ ਅਧੀਨ ਉਕਤ ਗ੍ਰਾਂਟ ਪ੍ਰਾਪਤ ਹੋਈ ਸੀ। ਉਕਤ ਸਕੀਮ ਤਹਿਤ ਰਾਕੇਸ਼ ਗੁਪਤਾ, ਪ੍ਰਿੰਸੀਪਲ ਅਤੇ ਲੈਕਚਰਾਰ ਰਾਮਪਾਲ ਨੇ ਹੋਰਨਾਂ ਨਾਲ ਮਿਲ ਕੇ ਫੰਡ ਹੜੱਪਣ ਲਈ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕੀਤੇ। ਦੋਸ਼ੀਆਂ ਨੇ ਸਰਕਾਰੀ ਪੈਸੇ ਨੂੰ ਆਪਣੇ ਨਿੱਜੀ ਬੈਂਕ ਖਾਤੇ ਵਿੱਚ ਟਰਾਂਸਫਰ ਕਰਕੇ ਅਤੇ ਵੱਖ-ਵੱਖ ਤਰਾਂ ਦੀਆਂ ਸੇਵਾਵਾਂ, ਕੁਰਸੀਆਂ, ਮੇਜ, ਟੈਂਟ ਅਤੇ ਹੋਰ ਕਿਰਾਏ ‘ਤੇ ਲੈਣ ਲਈ ਜਾਰੀ ਕੀਤੇ ਕੁੱਲ 10,01,120 ਰੁਪਏ ਦੇ ਫੰਡਾਂ ਦਾ ਗਬਨ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਸ ਜਾਂਚ ਪੜਤਾਲ ਦੇ ਆਧਾਰ 'ਤੇ ਇਹ ਪਾਇਆ ਗਿਆ ਕਿ ਉਕਤ ਦੋਸ਼ੀਆਂ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਇਸ ਸਬੰਧੀ ਬਿਊਰੋ ਨੇ ਉਕਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।