ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹੈ ਮੰਡੀ ਲੱਖੇਵਾਲੀ ਸਥਿਤ ਪਾਵਰਕਾਮ ਮਹਿਕਮੇ ਦਾ ਦਫਤਰ (ਤਸਵੀਰਾਂ)
Thursday, Sep 21, 2017 - 03:16 PM (IST)
ਮੰਡੀ ਲੱਖੇਵਾਲੀ (ਸੁਖਪਾਲ) - ਮੰਡੀ ਵਿਚ ਪਾਵਰਕਾਮ ਮਹਿਕਮੇ ਦਾ ਜੋ ਦਫਤਰ ਚਲ ਰਿਹਾ ਹੈ, ਉਹ ਦਫਤਰ ਅਨੇਕਾਂ ਸਹੂਲਤਾਂ ਤੋਂ ਸੱਖਣਾ ਪਿਆ ਹੈ। ਅਸਲ ਵਿਚ ਜੇਕਰ ਵੇਖਿਆ ਜਾਵੇ ਤਾਂ ਸਬੰਧਿਤ ਮਹਿਕਮੇ ਤੇ ਪੰਜਾਬ ਸਰਕਾਰ ਨੇ ਉਕਤ ਦਫਤਰ ਨੂੰ ਅੱਖੋਂ ਪਰੋਖੇ ਹੀ ਕੀਤਾ ਹੋਇਆ ਹੈ ਤੇ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਫਤਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਤੇ ਨਾ ਹੀ ਕੰਮ-ਧੰਦਾ ਕਰਵਾਉਣ ਆਏ ਖਪਤਕਾਰਾਂ ਨੂੰ ਕੋਈ ਸਹੂਲਤ ਮਿਲਦੀ ਹੈ। ਇਸ ਦਫਤਰ ਵਿਚ ਮੁਲਾਜ਼ਮਾਂ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਰਕੇ ਸਮੁੱਚੇ ਕੰਮਕਾਜ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਦਫਤਰੀ ਕੰਮ ਚਲਾਉਣ ਵਾਸਤੇ ਸਿਰਫ਼ 2-3 ਮੁਲਾਜ਼ਮ ਹੀ ਕੰਮ ਕਰ ਰਹੇ ਸਨ। ਪਤਾ ਲੱਗਾ ਹੈ ਕਿ ਉਂਝ ਕਾਗਜ਼ਾਂ 'ਚ ਇਸ ਦਫਤਰ ਵਿਚ ਮੁਲਾਜ਼ਮਾਂ ਦੀਆਂ 63 ਅਸਾਮੀਆਂ ਮਨਜ਼ੂਰ ਹਨ ਪਰ ਇਸ ਮੌਕੇ ਸਿਰਫ਼ 12 ਮੁਲਾਜ਼ਮ ਹੀ ਹਨ।
ਦਫਤਰ ਕੋਲ ਸਰਕਾਰੀ ਗੱਡੀ ਵੀ ਨਹੀਂ
ਐੱਸ. ਡੀ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਜੇ. ਈ. ਦੀਆਂ 4 ਅਸਾਮੀਆਂ ਹਨ ਪਰ ਇਸ ਵੇਲੇ ਤਿੰਨ ਖਾਲੀ ਹਨ ਤੇ ਇਕ ਜੇ. ਈ. ਕੰਮ ਕਰ ਰਿਹਾ ਹੈ। ਲਾਈਨਮੈਨਾਂ ਦੀਆਂ 20 ਅਸਾਮੀਆਂ ਵਿਚੋਂ 14 ਖਾਲੀ ਤੇ 6 ਭਰੀਆਂ ਹਨ, ਜਦਕਿ ਸਹਾਇਕ ਲਾਈਨਮੈਨਾਂ ਦੀਆਂ 32 ਅਸਾਮੀਆਂ ਵਿਚੋਂ ਸਿਰਫ਼ 2 ਹੀ ਭਰੀਆਂ ਹਨ। ਐੱਲ. ਡੀ. ਸੀ. ਦੀ ਇਕੋ-ਇਕ ਅਸਾਮੀ ਖਾਲੀ ਪਈ ਹੈ। ਸੇਵਾਦਾਰ ਤੇ ਚੌਕੀਦਾਰਾਂ ਦੀਆਂ ਅਸਾਮੀਆਂ ਖਾਲੀ ਹਨ। ਇਥੇ ਬਿੱਲ ਵੰਡਣ ਵਾਲਾ ਨਹੀਂ ਹੈ ਅਤੇ ਕੈਸ਼ੀਅਰ ਪੱਕੇ ਤੌਰ 'ਤੇ ਨਹੀਂ ਠੇਕੇ ਉੱਪਰ ਰੱਖਿਆ ਹੋਇਆ ਹੈ। ਦਫਤਰ ਕੋਲ ਸਰਕਾਰੀ ਗੱਡੀ ਵੀ ਨਹੀਂ ਹੈ। ਦਫਤਰ 'ਚ ਯੂ. ਡੀ. ਸੀ. ਦੀ ਇਕ ਅਸਾਮੀ 'ਤੇ ਮੁਲਾਜ਼ਮ ਕੰਮ ਸੰਭਾਲ ਰਿਹਾ ਹੈ।

ਖਸਤਾ ਹੋ ਚੁੱਕੀ ਹੈ ਦਫਤਰ ਦੀ ਇਮਾਰਤ
ਦਫਤਰ ਦੀ ਇਮਾਰਤ ਖਸਤਾ ਹੋ ਚੁੱਕੀ ਹੈ ਤੇ ਵੱਡੇ ਖਤਰੇ ਨੂੰ ਵੇਖਦਿਆਂ ਇਕ ਕਮਰੇ ਨੂੰ ਤਾਂ ਪੱਕੇ ਤੌਰ 'ਤੇ ਹੀ ਜਿੰਦਰਾ ਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਦਫਤਰ ਦੀ ਆਪਣੀ ਸਰਕਾਰੀ ਇਮਾਰਤ ਤਾਂ ਅਜੇ ਤੱਕ ਬਣਾਈ ਹੀ ਨਹੀਂ ਗਈ ਤੇ 25 ਸਾਲ ਪਹਿਲਾਂ 1992 'ਚ ਬਿਜਲੀ ਬੋਰਡ ਦੇ ਗਰਿੱਡ ਵਿਚ ਹੀ ਦਫਤਰ ਬਣਾਇਆ ਗਿਆ ਸੀ, ਜੋ ਅੱਜ ਤੱਕ ਇਥੇ ਹੀ ਚਲ ਰਿਹਾ ਹੈ। ਕਮਰਿਆਂ ਦੀਆਂ ਕੰਧਾਂ ਤੇ ਛੱਤਾਂ ਖਰਾਬ ਹੋ ਰਹੀਆਂ ਹਨ ਤੇ ਖਲੇਪੜ ਡਿੱਗ ਰਹੇ ਹਨ। ਸਰਕਾਰ ਨੂੰ ਤੁਰੰਤ ਉਕਤ ਦਫਤਰ ਵਾਸਤੇ ਸਰਕਾਰੀ ਇਮਾਰਤ ਬਣਾਉਣ ਦੀ ਲੋੜ ਹੈ ਤਾਂ ਕਿ ਮੁਲਾਜ਼ਮਾਂ ਅਤੇ ਇਸ ਦਫਤਰ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸਹੂਲਤ ਮਿਲ ਸਕੇ।
ਪੂਰੇ ਪੰਜਾਬ 'ਚ ਇਕੋ-ਇਕ ਸਬ-ਦਫਤਰ
ਹੈਰਾਨੀ ਭਰੀ ਗੱਲ ਹੈ ਕਿ ਪੰਜਾਬ ਦੇ 22 ਜ਼ਿਲਿਆਂ 'ਚ ਕਿਧਰੇ ਪਾਵਰਕਾਮ ਮਹਿਕਮੇ ਦਾ ਸਬ-ਦਫਤਰ ਨਹੀਂ ਹੈ ਤੇ ਸਬ-ਡਵੀਜ਼ਨਾਂ ਹੀ ਹਨ ਪਰ ਲੱਖੇਵਾਲੀ ਮੰਡੀ ਵਿਚ ਹੀ ਮਹਿਕਮੇ ਵੱਲੋਂ ਸਬ-ਦਫਤਰ ਚਲਾਇਆ ਜਾ ਰਿਹਾ ਹੈ। ਇਸ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣਾ ਚਾਹੀਦਾ ਹੈ।
ਰੁਲ ਰਹੀਆਂ ਹਨ ਫਾਈਲਾਂ
ਮਾੜੀ ਤੇ ਖਸਤਾ ਹੋਈ ਇਮਾਰਤ ਕਾਰਨ ਉਕਤ ਦਫਤਰ ਵਿਚ ਪਈਆਂ ਫਾਈਲਾਂ ਮਿੱਟੀ ਘੱਟੇ 'ਚ ਰੁਲ ਰਹੀਆਂ ਹਨ ਕਿਉਂਕਿ ਫਾਈਲਾਂ ਰੱਖਣ ਲਈ ਅਲਮਾਰੀਆਂ ਨਹੀਂ ਹਨ। ਕੰਧਾਂ 'ਤੇ ਸਲਾਬ ਆਈ ਪਈ ਹੈ ਤੇ ਇਥੇ ਪਿਆ ਹੋਇਆ ਕਾਗਜ਼-ਪੱਤਰ ਖਰਾਬ ਹੋ ਸਕਦਾ ਹੈ।

13 ਪਿੰਡ ਹਨ ਦਫਤਰ ਅਧੀਨ
ਪਾਵਰਕਾਮ ਦੇ ਲੱਖੇਵਾਲੀ ਦਫਤਰ ਅਧੀਨ ਇਸ ਖੇਤਰ ਦੇ 13 ਪਿੰਡ ਹਨ, ਜਿਨ੍ਹਾਂ ਵਿਚ ਮੰਡੀ ਲੱਖੇਵਾਲੀ, ਪਿੰਡ ਲੱਖੇਵਾਲੀ, ਭਾਗਸਰ, ਗੰਧੜ, ਸੰਮੇਵਾਲੀ, ਨੰਦਗੜ੍ਹ, ਰੱਤਾਥੇੜ, ਖੜੁੰਜ, ਚੱਕ ਖੜੁੰਜ, ਰੋਹੀਵਾਲਾ, ਰੋੜਾਂਵਾਲੀ, ਤੇਲੂਪੁਰਾ ਤੇ ਹਲੀਮਵਾਲਾ ਸ਼ਾਮਿਲ ਹਨ।
ਬਿਜਲੀ ਦੇ ਕੁਨੈਕਸ਼ਨਾਂ 'ਚ ਹੋਇਆ ਭਾਰੀ ਵਾਧਾ
ਪਿਛਲੇ 25 ਸਾਲਾਂ ਦੇ ਮੁਕਾਬਲੇ ਇਸ ਖੇਤਰ ਵਿਚ ਘਰੇਲੂ, ਟਿਊਬਵੈੱਲ, ਦੁਕਾਨਾਂ ਤੇ ਵਰਕਸ਼ਾਪਾਂ ਦੇ ਬਿਜਲੀ ਕੁਨੈਕਸ਼ਨਾਂ 'ਚ ਭਾਰੀ ਵਾਧਾ ਹੋ ਚੁੱਕਾ ਹੈ। ਕੰਮ ਜ਼ਿਆਦਾ ਵੱਧ ਗਿਆ ਹੈ ਪਰ ਮੁਲਾਜ਼ਮਾਂ ਦੀ ਵੱਡੀ ਘਾਟ ਹੈ, ਜਿਸ ਕਰਕੇ ਜਦ ਮੀਂਹ ਹਨੇਰੀ ਕਾਰਨ ਲਾਈਨਾਂ ਬੰਦ ਹੋ ਜਾਂਦੀਆਂ ਹਨ ਤਾਂ ਮੁੜ ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਸਮਾਂ ਵੱਧ ਲੱਗ ਜਾਂਦਾ ਹੈ ਤੇ ਦੇਰੀ ਹੋ ਜਾਂਦੀ ਹੈ।
ਖਪਤਕਾਰਾਂ ਵੱਲ ਢਾਈ ਕਰੋੜ ਰੁਪਏ ਬਕਾਇਆ ਖੜ੍ਹਾ
ਪਾਵਰਕਾਮ ਮਹਿਕਮੇ ਦੇ ਸੂਤਰਾਂ ਅਨੁਸਾਰ ਉਕਤ ਦਫਤਰ ਦਾ ਇਸ ਖੇਤਰ ਦੇ ਖਪਤਕਾਰਾਂ ਵੱਲ ਕਰੀਬ ਢਾਈ ਕਰੋੜ ਰੁਪਏ ਬਕਾਇਆ ਖੜ੍ਹਾ ਹੈ ਤੇ ਮਹਿਕਮੇ ਨੇ ਸਾਰੇ ਪਿੰਡਾਂ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਹੋਇਆ ਹੈ। ਪਿੰਡਾਂ ਵਿਚ ਜੋ ਜਲਘਰ ਹਨ, ਉਨ੍ਹਾਂ ਵੱਲ ਬਕਾਇਆ ਰਕਮ 65 ਲੱਖ ਰੁਪਏ ਦੱਸੀ ਗਈ ਹੈ।
