ਵੱਖ-ਵੱਖ ਜਥੇਬੰਦੀਆਂ ਨੇ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
Tuesday, Jul 24, 2018 - 02:46 AM (IST)
ਬਾਘਾਪੁਰਾਣਾ, (ਚਟਾਨੀ, ਜ. ਬ., ਰਾਕੇਸ਼)- ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ, ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਸਰਕਾਰੀ ਕਾਲਜਾਂ ’ਚ ਐੱਸ. ਸੀ. ਵਿਦਿਆਰਥੀਆਂ ਦੀ ਪੀ. ਟੀ. ਏ. ਫੰਡ ਸਮੇਤ ਪੂਰੀ ਫੀਸ ਮੁਆਫ ਕਰਵਾਉਣ, ਜਨਰਲ ਬੀ. ਸੀ., ਓ. ਬੀ. ਸੀ. ਵਿਦਿਆਰਥੀਆਂ ਤੋਂ ਲਿਆ ਜਾ ਰਿਹਾ ਪੀ. ਟੀ. ਏ. ਫੰਡ ਬੰਦ ਕਰਵਾਉਣ, ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੀ. ਟੀ. ਏ. ਫੰਡ ਦੀ ਬਜਾਏ ਸਰਕਾਰੀ ਖਜ਼ਾਨੇ ’ਚੋਂ ਤਨਖਾਹ ਦਿਵਾਉਣ ਲਈ ਐੱਸ. ਡੀ. ਦਫਤਰ ਬਾਘਾਪੁਰਾਣਾ ਵਿਖੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਉਕਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਵੱਲੋਂ ਧਰਨਾ ਰਾਤ ਨੂੰ ਜਾਰੀ ਰੱਖਿਆ ਜਾਵੇਗਾ। ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਜਸਵੰਤ ਸਿੰਘ ਸਮਾਲਸਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੋਸਟ ਮੈਟ੍ਰਿਕ ਦੇ ਤਹਿਤ ਐੱਸ. ਸੀ. ਵਿਦਿਆਰਥੀਆਂ ਦੀਆਂ ਸਾਰੀਆਂ ਨਾ ਮੁਡ਼ਣਯੋਗ ਫੀਸਾਂ ਮੁਆਫ ਹਨ ਪਰ ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ਵਿਖੇ ਐੱਸ. ਸੀ. ਵਿਦਿਆਰਥੀਆਂ ਤੋਂ 3000 ਰੁਪਏ ਪੀ. ਟੀ. ਏ. ਫੰਡ ਦੇ ਨਾਮ ’ਤੇ ਫੀਸ ਭਰਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪੀ. ਐੱਸ. ਯੂ. ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੰਘਰਸ਼ ਕੀਤਾ, ਜਿਸ ਦੀ ਬਦੌਲਤ ਰਜਿੰਦਰਾ ਕਾਲਜ ਸਿਰਫ 500 ਰੁਪਏ ਅਤੇ ਮਹਿੰਦਰਾ ਕਾਲਜ ’ਚ ਵੀ ਸਿਰਫ 500 ਰੁਪਏ ਸਕਿਉਰਿਟੀ ਫੀਸ ਹੀ ਐੱਸ. ਸੀ. ਵਿਦਿਆਰਥੀਆਂ ਤੋਂ ਭਰਾਈ ਗਈ ਜਿਹਡ਼ੀ ਕਿ ਨਾ ਮੁਡ਼ਨਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਹਿਜ 30 ਰੁਪਏ ਸਰਕਾਰੀ ਕਾਲਜ ਲੁਧਿਆਣਾ ਵਿਖੇ 500 ਰੁਪਏ ਫੀਸ ਭਰਾ ਕੇ ਪੀ. ਟੀ. ਏ. ਫੰਡ ਪਹਿਲਾ ਹੀ ਮੁਆਫ ਕਰ ਦਿੱਤਾ ਗਿਆ, ਪਰ ਹੋਰਨਾਂ ਕਾਲਜਾਂ ’ਚ ਪੀ. ਟੀ. ਏ. ਫੰਡ ਮੁਆਫ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੇ ਸੂਬਾ ਆਗੂ ਬਖਸ਼ੀਸ਼ ਅਜ਼ਾਦ, ਅਵਤਾਰ ਸਿੰਘ ਬਿਲਾਸਪੁਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਰੋਡੇ ਕਾਲਜ ਵਿਖੇ ਪੰਜਾਬ ਦੇ ਬਾਕੀ ਕਾਲਜਾਂ ਦੀ ਤਰ੍ਹਾਂ ਵਿਦਿਆਰਥੀ ਲਗਾਤਾਰ ਪੀ. ਟੀ. ਏ. ਫੰਡ ਦਾ ਬਾਈਕਾਟ ਕਰਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਹਾਲਾਂਕਿ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਕ ਪੱਤਰ ਵੀ ਜਾਰੀ ਹੋ ਚੁੱਕਾ ਹੈ, ਜਿਸ ’ਚ ਸਪੱਸ਼ਟ ਕੀਤਾ ਗਿਆ ਹੈ, ਐੱਸ. ਸੀ. ਵਿਦਿਆਰਥੀਆਂ ਦੇ ਖਾਤਿਆਂ ’ਚ ਵਜੀਫਾ ਆਉਣ ਤੋਂ ਉਨ੍ਹਾਂ ਤੋਂ ਦਾਖਲਾ ਫੀਸ ਭਰਵਾਉਣ ਦੀ ਤਰੀਕ ਵਧਾਈ ਜਾ ਸਕਦੀ ਹੈ, ਪਰ ਫਿਰ ਵੀ ਪੀ. ਟੀ. ਏ. ਫੰਡ ਦੇ ਨਾਮ ’ਤੇ ਫੀਸ ਭਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਐੱਸ. ਸੀ. ਵਿਦਿਆਰਥੀਆਂ ਦੇ ਵਜੀਫੇ ਰੁਕੇ ਹੋਏ ਹਨ, ਪੀ. ਟੀ. ਏ. ਫੰਡ ਦੇ ਨਾਮ ’ਤੇ ਵਿਦਿਆਰਥੀ ਅਤੇ ਅਧਿਆਪਕ ਦੋਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਧਰਨੇ ’ਚ ਇਹ ਵੀ ਮੰਗਾਂ ਉਭਾਰੀਆਂ ਗਈਆਂ ਕਿ ਛੋਟੀ ਕਿਸਾਨੀ ਅਤੇ ਸਾਲਾਨਾ ਢਾਈ ਲੱਖ ਤੱੱਕ ਆਮਦਨ ਵਾਲੇ ਜਨਰਲ ਬੀ. ਸੀ., ਓ. ਬੀ. ਸੀ. ਵਿਦਿਆਰਥੀਆਂ ਦੀ ਫੀਸ ਵੀ ਮੁਆਫ ਕੀਤੀ ਜਾਵੇ, ਲਡ਼ਕੀਆਂ ਦੀ ਸਮੁੱਚੀ ਵਿਦਿਆ ਮੁਫਤ ਹੋਵੇ, ਮਾਤ ਭਾਸ਼ਾ ਪੰਜਾਬੀ ਨੂੰ ਸਰਕਾਰ ਰੁਜ਼ਗਾਰ ਤੇ ਵਪਾਰ ਦੀ ਭਾਸ਼ਾ ਬਣਾਇਆ ਜਾਵੇ, ਪੰਜਾਬੀ ਨੂੰ ਲਾਜਮੀ ਅਤੇ ਅੰਗਰੇਜੀ ਨੂੰ ਚੋਣਵੇਂ ਵਿਸ਼ੇ ਵਜੋਂ ਪਡ਼੍ਹਾਇਆ ਜਾਵੇ, ਤੂਡ਼ੀ ਬਜ਼ਾਰ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਗੁਪਤ ਟਿਕਾਣੇ ਨੂੰ ਮਿਉਜ਼ੀਅਮ ਅਤੇ ਲਾਇਬ੍ਰੇਰੀ ’ਚ ਵਿਕਸਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਹੱਲ ਨਹੀਂ ਕੱਢਦਾ ਤਾਂ ਧਰਨਾ ਰਾਤ ਨੂੰ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪੀ. ਐੱਸ. ਯੂ. ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਅੌਲਖ, ਕਮਲਪ੍ਰੀਤ ਕੌਰ ਰੋਡੇ, ਹਰਿੰਦਰ ਸਿੰਘ ਘੋਲੀਆ, ਰਜਿੰਦਰ ਸਿੰਘ ਰਾਜੇਆਣਾ, ਬਲਕਰਨ ਵੈਰੋਕੇ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
