ਕੰਮਕਾਜ ਠੱਪ, 3 ਘੰਟੇ ਰੋਸ ਪ੍ਰਦਰਸ਼ਨ

Tuesday, Jul 11, 2017 - 04:30 AM (IST)

ਕੰਮਕਾਜ ਠੱਪ, 3 ਘੰਟੇ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,  (ਵੜੈਚ)-  ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਖਿਲਾਫ ਨਿਗਮ ਦੀਆਂ ਯੂਨੀਅਨਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਨਿਗਮ ਯੂਨੀਅਨਾਂ ਅਤੇ ਕਰਮਚਾਰੀ ਦੋ ਗੁੱਟਾਂ ਵਿਚ ਨਜ਼ਰ ਆਏ। ਸਾਂਝੀ ਸੰਘਰਸ਼ ਕਮੇਟੀ ਦੀਆਂ ਯੂਨੀਅਨਾਂ ਨੇ ਕਰਮਚਾਰੀ ਸਾਥੀਆਂ ਸਹਿਤ ਕੰਮਕਾਜ ਠੱਪ ਕਰਦਿਆਂ ਕਰੀਬ ਤਿੰਨ ਘੰਟੇ ਗਰਮੀ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦੇ ਫੈਸਲੇ ਖਿਲਾਫ ਭੜਾਸ ਕੱਢੀ ਉਥੇ ਸਾਂਝਾ ਸੰਘਰਸ਼ ਮੋਰਚੇ ਨਾਲ ਸੰਬੰਧਿਤ ਯੂਨੀਅਨਾਂ ਅਤੇ ਸਾਥੀ ਮੁਲਾਜ਼ਮਾਂ ਨੇ ਸੀਟਾਂ 'ਤੇ ਬੈਠ ਕੇ ਕੰਮ ਵੀ ਕੀਤਾ। ਕੁਲ ਮਿਲਾ ਕੇ ਨਿਗਮ ਦਫਤਰਾਂ ਵਿਚ ਗੁੱਟਾਂ ਵਿਚ ਵੰਡੀਆਂ ਯੂਨੀਅਨਾਂ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਪਰ ਸ਼ਹਿਰ ਵਿਚੋਂ ਗੰਦਗੀ ਉਠਾਉਣ ਵਾਲੀਆਂ ਗੱਡੀਆਂ ਦੇ ਲਗਭਗ ਚੱਕੇ ਜਾਮ ਰਹੇ। ਸਾਲਿਡ ਵੇਸਟ ਪ੍ਰਾਜੈਕਟ ਤਹਿਤ ਘਰਾਂ ਵਿਚੋਂ ਕੂੜਾ ਉਠਾਉਣ ਵਾਲੀਆਂ ਗੱਡੀਆਂ ਕਾਫੀ ਘੱਟ ਨਜ਼ਰ ਆਈਆਂ। 
ਸੂਤਰਾਂ ਮੁਤਾਬਕ ਗੰਦਗੀ ਉਠਾਉਣ ਵਾਲੀਆਂ 45 ਟਰੈਕਟਰ ਟਰਾਲੀਆਂ ਵਿਚੋਂ 40, 8 ਜੇ.ਸੀ.ਬੀ. ਮਸ਼ੀਨਾਂ ਵਿਚੋਂ 6, 10 ਟਿੱਪਰਾਂ ਵਿਚੋਂ 9, 5 ਜੈਡਿੰਗ ਮਸ਼ੀਨਾਂ ਵਿਚੋਂ 5 ਦੇ ਹੀ ਚੱਕੇ ਜਾਮ ਰਹੇ ਹਨ ਜਿਸ ਕਰ ਕੇ ਹੜਤਾਲ ਦੇ ਪਹਿਲੇ ਦਿਨ ਹੀ ਗਲੀਆਂ, ਬਾਜ਼ਾਰਾਂ, ਸੜਕਾਂ 'ਤੇ ਕੂੜੇ ਦੇ ਢੇਰ ਅਤੇ ਡੱਬੇ ਭਰੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਨਿਗਮ ਦੇ ਅਧਿਕਾਰੀ ਹੜਤਾਲ ਦੇ ਸਮਰਥਨ ਵਿਚ ਨਜ਼ਰ ਆਏ ਜਦ ਕਿ ਦੋ ਗੁੱਟਾਂ ਵਿਚ ਵੰਡੀਆਂ ਯੂਨੀਅਨਾਂ ਦੇ ਆਗੂ ਆਪਣੇ-ਆਪ ਨੂੰ ਸਫਲ ਕਰਨ ਲਈ ਤਰਲੋਮੱਛੀ ਹੁੰਦੇ ਨਜ਼ਰ ਆਏ। ਕਈ ਅਧਿਕਾਰੀ ਕਰਮਚਾਰੀਆਂ ਨੂੰ ਹੜਤਾਲ ਵਿਚ ਸ਼ਾਮਲ ਹੋਣ ਲਈ ਜੱਦੋਜਹਿਦ ਵਿਚ ਸਨ ਅਤੇ ਕਈ ਕਰਮਚਾਰੀਆਂ ਨੂੰ ਹੜਤਾਲ ਵਿਚ ਸ਼ਾਮਲ ਨਾ ਹੋਣ ਲਈ ਪ੍ਰੇਰਿਤ ਕਰ ਰਹੇ ਸਨ। 
ਵਰਕਸ਼ਾਪ ਵਿਚ ਖੜ੍ਹੀਆਂ ਰਹੀਆਂ ਗੱਡੀਆਂ : ਨਾਹਰ
ਮਿਊਂਸੀਪਲ ਯੂਥ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਵਰਕਸ਼ਾਪ ਵਿਚ ਦਰਜਨਾਂ ਗੱਡੀਆਂ ਖੜ੍ਹੀਆਂ ਰਹੀਆਂ। ਹੜਤਾਲ ਵਿਚ ਸ਼ਾਮਲ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ ਰੱਖਦਿਆਂ ਸਸਪੈਂਡ ਕੀਤੇ ਅਧਿਕਾਰੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਵਾਹਨ ਚਾਲਕ ਕਰਮਚਾਰੀਆਂ ਵੱਲੋਂ ਗੰਦਗੀ ਨਹੀਂ ਉਠਾਈ ਗਈ ਅਤੇ ਜ਼ੋਨਾਂ ਦੇ ਖੜ੍ਹੇ ਵਾਹਨਾਂ ਦੇ ਕੰਮਕਾਜ ਵੀ ਠੱਪ ਰਹੇ। 
ਦਫਤਰਾਂ 'ਚ ਹੋਇਆ ਕੰਮਕਾਜ, ਗੰਦਗੀ ਵੀ ਹਟਾਈ ਗਈ : ਮੋਰਚਾ
ਸਾਂਝਾ ਸੰਘਰਸ਼ ਮੋਰਚੇ ਨਾਲ ਸੰਬੰਧਿਤ ਯੂਨੀਅਨਾਂ ਦੇ ਆਗੂਆਂ ਨੇ ਹੜਤਾਲ ਦਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਆਟੋ ਵਰਕਸ਼ਾਪ, ਲੈਂਡ ਵਿਭਾਗ, ਆਰ.ਟੀ.ਆਈ. ਸੈੱਲ, ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਸਮੇਤ ਕਮਿਸ਼ਨਰ ਅਤੇ ਮੇਅਰ ਦਫਤਰ ਵਿਚ ਕੰਮ ਚਲਦੇ ਰਹੇ। ਪ੍ਰਾਪਰਟੀ ਟੈਕਸ ਦੇ ਰੂਪ ਵਿਚ 4 ਲੱਖ 82 ਹਜ਼ਾਰ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਸ.ਈ. ਪੀ.ਕੇ. ਗੋਇਲ ਨੂੰ ਕਰੋੜਾਂ ਦੇ ਘਪਲੇ ਵਿਚ ਦੋਸ਼ੀ ਹੋਣ ਕਰ ਕੇ ਮੁਅੱਤਲ ਕੀਤਾ ਗਿਆ ਹੈ। ਜੋ ਯੂਨੀਅਨਾਂ ਭ੍ਰਿਸ਼ਟਾਚਾਰ ਅਧਿਕਾਰੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਦਾ ਯਤਨ ਕਰ ਰਹੀਆਂ ਹਨ ਉਨ੍ਹਾਂ ਨੇ ਕਰੀਬ ਇਕ ਸਾਲ ਪਹਿਲਾਂ ਮੁਅੱਤਲ ਕੀਤੇ 29 ਸਫਾਈ ਸੇਵਕਾਂ ਦੇ ਹੱਕ ਵਿਚ ਖੜ੍ਹੀਆਂ ਨਹੀਂ ਹੋਈਆਂ। 
ਮੋਰਚੇ ਦੇ ਪ੍ਰਧਾਨ ਦਵਿੰਦਰ ਰਾਜਾ, ਸੁਰਿੰਦਰ ਚੇਅਰਮੈਨ, ਰਾਜ ਕੁਮਾਰ ਰਾਜੂ ਨੇ ਕਿਹਾ ਕਿ ਗੱਡੀਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਇਲਾਕਿਆਂ ਵਿਚ ਗੰਦਗੀ ਉਠਾਉਣ ਲਈ ਭੇਜਿਆ ਗਿਆ ਹੈ। ਅਮਰਜੀਤ ਪੇੜਾ, ਨਰਿੰਦਰ ਗੋਲਡੀ, ਤ੍ਰਿਲੋਕ ਗਿੱਲ ਦੀ ਦੇਖਰੇਖ ਵਿਚ ਸਫਾਈ ਕਰਨ ਦੇ ਕੰਮ ਸੁਚਾਰੂ ਢੰਗ ਨਾਲ ਕਰਵਾਏ ਗਏ। ਸੰਜੇ ਖੋਸਲਾ, ਵੀਰ ਇੰਦਰਜੀਤ ਸਿੰਘ, ਕੁਲਜੀਤ ਗਿੱਲ, ਦਵਿੰਦਰ ਪੱਟੀ, ਸੁਰਿੰਦਰ, ਜਤਿੰਦਰ ਸ਼ਰਮਾ, ਮਹਾਬੀਰ, ਹਰਬੰਸ ਲਾਲ ਦੀ ਦੇਖਰੇਖ ਵਿਚ ਦਫਤਰਾਂ ਵਿਚ ਕੰਮ ਜਾਰੀ ਰੱਖਿਆ ਗਿਆ। ਸੁੱਚਾ ਸਿੰਘ, ਜਗਦੀਸ਼ ਸਿੰਘ ਨੇ ਵੀ ਆਪਣੀਆਂ ਸੇਵਾਵਾਂ  ਦਿੱਤੀਆਂ। 


Related News