ਨਸ਼ੇ ਵਾਲੇ ਪਦਾਰਥ ਬਰਾਮਦ
Tuesday, Jan 30, 2018 - 02:41 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸੰਗਰੂਰ ਪੁਲਸ ਨੇ ਵੱਖ-ਵੱਖ ਮਾਮਲਿਆਂ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ 'ਚ ਜੰਡਾਲੀ ਪੁਲ ਅਹਿਮਦਗੜ੍ਹ ਨੂੰ ਜਾ ਰਹੇ ਸਨ ਜਦੋਂ ਪੁਲਸ ਪਾਰਟੀ ਨੇੜੇ ਸੌਦ ਸਿਨੇਮਾ ਪਹੁੰਚੀ ਤਾਂ ਦੋਸ਼ੀ ਅਨਵਰ ਖਾਨ ਉਰਫ ਗੁੱਗੂ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 9 ਕਾਲੂ ਐੱਮ. ਸੀ. ਵਾਲੀ ਗਲੀ ਅਹਿਮਦਗੜ੍ਹ ਨੂੰ ਸ਼ੱਕ ਦੇ ਆਧਾਰ 'ਤੇ ਚੈੱਕ ਕਰਨ 'ਤੇ ਉਸ ਨੂੰ 11 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕੀਤਾ।
ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਬਸੰਤ ਸਿੰਘ ਸਮੇਤ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ 'ਚ ਪਿੰਡ ਮਾਲੇਰਕੋਟਲਾ ਤੋਂ ਲਿੰਕ ਰੋਡ ਈਮਾਮਗੜ੍ਹ ਪੱਕੀ ਸੜਕ 'ਤੇ ਰੇਲਵੇ ਫਾਟਕ ਤੋਂ ਕਰੀਬ 100 ਗਜ਼ ਅੱਗੇ ਖੜ੍ਹੇ ਸਨ ਤਾਂ ਸਾਹਮਣੇ ਤੋਂ ਇਕ ਕੈਂਟਰ ਆਇਆ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਰੁਕ ਗਿਆ ਅਤੇ ਕੈਂਟਰ ਭਜਾਉਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਦੇ ਆਧਾਰ 'ਤੇ ਚੈੱਕ ਕਰਨ 'ਤੇ ਦੋਸ਼ੀ ਮੁਹੰਮਦ ਰਹਿਮਾਨ ਪੁੱਤਰ ਮੁਹੰਮਦ ਤਫੈਲ ਵਾਸੀ ਮੁਹੱਲਾ ਨਜ਼ਦੀਕ ਮਤੋਈ ਰੋਡ ਉਸਮਾਨ ਬਸਤੀ ਮਾਲੇਰਕੋਟਲਾ ਨੂੰ 55 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਦਿਆਂ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ।
ਥਾਣਾ ਭਵਾਨੀਗੜ੍ਹ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਸਮਾਣਾ ਰੋਡ ਬਾਲਦ ਕੈਂਚੀਆਂ ਭਵਾਨੀਗੜ੍ਹ ਮੌਜੂਦ ਸੀ ਤਾਂ ਇਕ ਵਿਅਕਤੀ ਨੂੰ ਆਉਂਦਾ ਦੇਖ ਕੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਤੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਛਾਣ ਕਰਨਵੀਰ ਸਿੰਘ ਉਰਫ ਕਰਨ ਪੁੱਤਰ ਸੁਰਜੀਤ ਸਿੰਘ ਵਾਸੀ ਦੀਪ ਕਾਲੋਨੀ ਭਵਾਨੀਗੜ੍ਹ ਦੇ ਰੂਪ ਵਿਚ ਹੋਈ।
ਚੌਕੀ ਕੌਹਰੀਆਂ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਰਜਨ ਸਿੰਘ ਨੇ ਸਮੇਤ ਪੁਲਸ ਪਾਰਟੀ ਬਾਹੱਦ ਪਿੰਡ ਕੌਹਰੀਆਂ ਵਿਖੇ ਦੌਰਾਨੇ ਨਾਕਾਬੰਦੀ ਮੌਕੇ ਇਕ ਨੰਬਰੀ ਟਰਾਲੇ ਦੇ ਡਰਾਈਵਰ ਸਤਪਾਲ ਸਿੰਘ ਪੁੱਤਰ ਪ੍ਰੀਤਮ ਚੰਦ ਵਾਸੀ ਪਿੰਡ ਹਲੇੜ ਥਾਣਾ ਦਸੂਹਾ ਜ਼ਿਲਾ ਹੁਸ਼ਿਆਰਪੁਰ ਅਤੇ ਕੰਡਕਟਰ ਸੁਖਵੀਰਪਾਲ ਪੁੱਤਰ ਜਗਤ ਰਾਮ ਵਾਸੀ ਪਿੰਡ ਔਡ ਜ਼ਿਲਾ ਨਵਾਂ ਸ਼ਹਿਰ ਤੋਂ 8 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਥਾਣਾ ਦਿੜ੍ਹਬਾ ਵਿਚ ਮੁਕੱਦਮਾ ਦਰਜ ਕੀਤਾ ਗਿਆ।
ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਬੱਸ ਸਟੈਂਡ ਛਾਜਲਾ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਦੋਸ਼ੀ ਜਗਤਾਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਛਾਜਲਾ ਸ਼ਰਾਬ ਠੇਕਾ ਦੇਸੀ ਹਰਿਆਣਾ ਸਸਤੇ ਭਾਅ 'ਤੇ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਰੇਡ ਕਰਦੇ ਹੋਏ ਉਕਤ ਦੋਸ਼ੀ ਨੂੰ 20 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਕਾਬੂ ਕੀਤਾ।
ਥਾਣਾ ਲਹਿਰਾ ਦੇ ਐੱਸ. ਆਈ. ਹਰਸਿਮਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਜਾਲਖ ਰੋਡ ਤੋਂ ਤਲਵਾੜਾ ਵਾਲੇ ਰੋਡ 'ਤੇ ਬਾਹਰ ਗੁਰੂ ਨਾਨਕ ਨਗਰ ਚੂਲੜ ਕਲਾਂ ਮੌਜੂਦ ਸੀ ਤਾਂ ਰਾਤ ਕਰੀਬ 8.15 ਵਜੇ ਤਲਵਾੜਾ ਸਾਈਡ ਤੋਂ ਦੋਸ਼ੀ ਆਕਾਸ਼ ਗਰਗ ਪੁੱਤਰ ਅਸ਼ੋਕ ਕੁਮਾਰ ਵਾਸੀ ਹਾਊਸ ਵਾਸੀ ਨੰਬਰ 812 ਬੱਲਰਾਂ ਰੋਡ ਜਾਖਲ ਥਾਣਾ ਜ਼ਿਲਾ ਫਤਿਹਾਬਾਦ, ਹਰਿਆਣਾ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਉਕਤ ਦੋਸ਼ੀ ਦੀ ਤਲਾਸ਼ੀ ਲੈਣ 'ਤੇ ਉਸ ਨੂੰ 3000 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
