ਚੰਡੀਗੜ੍ਹ : ਹਸਪਤਾਲ ਦੀ ਨਰਸ ਨੇ ਤੋੜਿਆ 'ਕੁਆਰੰਟਾਈਨ', ਮਿਲੀ ਸਖਤ ਚਿਤਾਵਨੀ

Friday, Apr 03, 2020 - 11:43 AM (IST)

ਚੰਡੀਗੜ੍ਹ : ਹਸਪਤਾਲ ਦੀ ਨਰਸ ਨੇ ਤੋੜਿਆ 'ਕੁਆਰੰਟਾਈਨ', ਮਿਲੀ ਸਖਤ ਚਿਤਾਵਨੀ

ਚੰਡੀਗੜ੍ਹ (ਅਰਚਨਾ) : ਕੋਰੋਨਾ ਵਾਇਰਸ ਦੇ ਕਹਿਰ ਦੀ ਇਸ ਔਖੀ ਘੜੀ 'ਚ ਮੈਡੀਕਲ ਹੈਲਥ ਵਰਕਰਜ਼ ਵੀ ਕਾਬੂ ’ਚ ਨਹੀਂ ਆ ਰਹੇ। ਵਰਕਰਜ਼ ਵਲੋਂ ਕੁਆਰੰਟਾਈਨ ਦੀ ਉਲੰਘਣਾ ਕਰਨਾ ਨਾ ਸਿਰਫ ਉਨ੍ਹਾਂ ਦੀ ਸਗੋਂ ਦੂਜੇ ਲੋਕਾਂ ਦੀ ਜਾਨ ਨੂੰ ਵੀ ਖਤਰੇ ’ਚ ਪਾ ਸਕਦਾ ਹੈ। ਹਸਪਤਾਲਾਂ ਨੂੰ ਅਜਿਹੇ ਵਰਕਰਜ਼ ਦੀ ਖਬਰ ਲੈਣ ਲਈ ਪੁਲਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਬਕਾਇਦਾ ਕੁੱਝ ਵਿਭਾਗਾਂ ਦੀ ਡਿਊਟੀ ਕੁਆਰੰਟਾਈਨ ’ਚ ਰਹਿਣ ਵਾਲੇ ਵਰਕਰਜ਼ ’ਤੇ ਨਜ਼ਰ ਰੱਖਣ ਲਈ ਲਾਈ ਗਈ ਹੈ। ਇਕ ਤਾਜ਼ਾ ਮਾਮਲਾ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਨਰਸ ਦਾ ਸਾਹਮਣੇ ਆਇਆ ਹੈ। ਨਰਸ ਨੂੰ ਹਸਪਤਾਲ ਅਥਾਰਿਟੀ ਨੇ ਕੁਆਰੰਟਾਈਨ ’ਚ ਰਹਿਣ ਦੇ ਨਿਰਦੇਸ਼ ਦਿੱਤੇ ਸਨ ਪਰ ਉਸ ਨੇ ਉਨ੍ਹਾਂ ਨਿਰਦੇਸ਼ਾਂ ਦੀਆਂ ਨਾ ਸਿਰਫ ਧੱਜੀਆਂ ਉਡਾਈਆਂ, ਸਗੋਂ ਚੰਡੀਗੜ੍ਹ ’ਚ ਆਪਣੇ ਘਰ ਨੂੰ ਛੱਡ ਕੇ ਮੋਹਾਲੀ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਪਹੁੰਚ ਗਈ। ਹਾਲਾਤ ਅਜਿਹੇ ਬਣੇ ਕਿ ਨਰਸ ਨੂੰ ਲੱਭਣ ਲਈ ਹਸਪਤਾਲ ਨੂੰ ਚੰਡੀਗੜ੍ਹ ਪੁਲਸ ਦੀ ਵੀ ਮਦਦ ਲੈਣੀ ਪਈ। ਹਾਲਾਂਕਿ ਹਸਪਤਾਲ ਨੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਡਾਕਟਰਾਂ ਨੂੰ ਕੁਆਰੰਟਾਈਨ ’ਚ ਰੱਖੇ ਗਏ ਹੈਲਥ ਵਰਕਰਾਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਅਮਰੀਕਾ ਬੈਠੇ ਪੰਜਾਬੀਆਂ 'ਤੇ ਕਹਿਰ, ਪਿੰਡ ਗਿਲਜੀਆਂ ਦੇ 2 ਲੋਕਾਂ ਦੀ ਮੌਤ
ਲੱਛਣਾਂ ਨੂੰ ਦੇਖਦੇ ਨਰਸ ਦਾ ਆਈਸੋਲੇਸ਼ਨ 'ਚ ਰਹਿਣਾ ਜ਼ਰੂਰੀ ਸੀ
ਨਰਸ ਨੂੰ ਕੋਵਿਡ-19 ਨਿਯਮਾਂ ਅਨੁਸਾਰ 14 ਦਿਨਾਂ ਲਈ ਕੁਆਰੰਟਾਈਨ ’ਤੇ ਭੇਜਿਆ ਗਿਆ ਸੀ। ਨਰਸ ਦੀ ਟੈਸਟ ਰਿਪੋਰਟ ਨੈਗੇਟਿਵ ਸੀ ਪਰ ਉਸ ਦੇ ਲੱਛਣਾਂ ਨੂੰ ਧਿਆਨ ’ਚ ਰੱਖਦੇ ਹੋਏ ਨਰਸ ਦਾ ਆਈਸੋਲੇਸ਼ਨ ’ਚ ਰਹਿਣਾ ਜ਼ਰੂਰੀ ਸੀ। ਨਰਸ ਨੂੰ ਦੇਖਣ ਲਈ ਜਦੋਂ ਡਾਕਟਰ ਨਰਸ ਦੇ ਘਰ ਪਹੁੰਚੇ ਤਾਂ ਉੱਥੇ ਤਾਲਾ ਲੱਗਾ ਸੀ ਅਤੇ ਫੋਨ ’ਤੇ ਗੱਲ ਕਰਨ ’ਤੇ ਪਤਾ ਲੱਗਾ ਕਿ ਉਹ ਮੋਹਾਲੀ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ’ਚ ਰਹਿਣ ਲਈ ਚਲੀ ਗਈ ਹੈ। ਨਰਸ ਦੀ ਇਸ ਹਰਕਤ ਤੋਂ ਪਰੇਸ਼ਾਨ ਹੋ ਕੇ ਹਸਪਤਾਲ ਨੇ ਪੁਲਸ ਨੂੰ ਸੰਪਰਕ ਕੀਤਾ ਅਤੇ ਨਰਸ ਖਿਲਾਫ ਐੱਫ. ਆਈ. ਆਰ. ਦਰਜ ਕਰਨ ਲਈ ਵੀ ਕਿਹਾ ਪਰ ਚੰਡੀਗੜ੍ਹ ਪੁਲਸ ਨੇ ਨਰਸ ਦੇ ਕਰੀਅਰ ਨੂੰ ਧਿਆਨ ’ਚ ਰੱਖਦੇ ਹੋਏ ਨਰਸ ਨੂੰ ਚਿਤਾਵਨੀ ਦੇ ਕੇ ਆਈਸੋਲੇਸ਼ਨ ’ਚ ਰਹਿਣ ਲਈ ਕਿਹਾ ਹੈ। ਨਰਸ ਦੇ ਕੁਆਰੰਟਾਈਨ ਨੂੰ ਤੋੜਨ ਤੋਂ ਬਾਅਦ ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ. ਐੱਸ. ਚਵਨ ਨੇ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਕੋਈ ਵੀ ਹੈਲਥ ਵਰਕਰ ਅਜਿਹੀ ਐਮਰਜੈਂਸੀ ਸਥਿਤੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰੇ ਅਤੇ ਅਜਿਹੀ ਲਾਪਰਵਾਹੀ ਨਾ ਕਰੇ, ਜਿਸ ਕਾਰਨ ਦੂਜਿਆਂ ਦੀ ਜਾਨ ਖਤਰੇ ’ਚ ਆ ਜਾਵੇ।
ਨਰਸ ਨੂੰ ਦੇ ਦਿੱਤੀ ਹੈ ਚਿਤਾਵਨੀ
ਜੀ. ਐੱਮ. ਸੀ. ਐੱਚ-32 ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਰਸ ਨੇ ਕੋਵਿਡ-19 ਦੇ ਮਰੀਜ਼ਾਂ ਦੀ ਸੇਵਾ ਕੀਤੀ ਸੀ, ਇਸ ਲਈ ਉਸ ਨੂੰ ਕੁਆਰੰਟਾਈਨ ’ਚ ਭੇਜਿਆ ਗਿਆ ਸੀ, ਉਸ ’ਚ ਵਾਇਰਸ ਦੇ ਕੋਈ ਲੱਛਣ ਨਹੀਂ ਸਨ ਪਰ ਹੁਣ ਨਰਸ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਉਹ ਆਪਣੇ ਘਰ ’ਚ ਆ ਕੇ ਆਈਸੋਲੇਸ਼ਨ ’ਚ ਰਹਿਣ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 14 ਦਿਨਾਂ ਬਾਅਦ ਵੀ ਜਾਰੀ ਰਹੇਗਾ ਕਰਫਿਊ


author

Babita

Content Editor

Related News