ਨਰਸਾਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ, ਮੰਨੀਆਂ ਮੰਗਾਂ
Saturday, Mar 02, 2019 - 06:37 PM (IST)
ਪਟਿਆਲਾ (ਰਾਜੇਸ਼ ਪੰਜੋਲਾ) : ਪਿਛਲੇ ਕਈ ਦਿਨਾਂ ਤੋਂ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ 7 ਮਾਰਚ ਤੱਕ ਨਰਸਾਂ ਅਤੇ ਆਨ ਸੈਲਰੀ ਸਟਾਫ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਵਲੋਂ ਲਿਖਤ ਵਿਚ ਦਿੱਤੇ ਪੱਤਰ ਵਿਚ ਕਿਹਾ ਗਿਆ ਹੈ ਕਿ ਨਰਸਿੰਗ, ਆਨ ਸੈਲਰੀ ਤੇ ਦਰਜਾ ਚਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਹੋਇਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਉਕਤ ਦੀਆਂ ਮੰਗਾਂ ਲਈ ਸਰਕਾਰ ਸੰਜੀਦਾ ਹੈ ਅਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ 7 ਮਾਰਚ ਤਕ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਦੇ 651 ਸਟਾਫ ਨਰਸਾਂ, 130 ਚੌਥਾ ਦਰਜਾ ਅਤੇ 75 ਆਨ ਸੈਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ।