ਨਿਯਮਾਂ ਤੋਂ ਉਲਟ ਵਾਹਨ ਨੰਬਰ ਪਲੇਟਾਂ ਤਿਆਰ ਕਰਨ ਵਾਲਿਆਂ ''ਤੇ ਹੋਵੇਗੀ ਕਾਰਵਾਈ

09/26/2017 3:59:25 PM

ਲੁਧਿਆਣਾ : ਵਾਹਨਾਂ 'ਤੇ ਲਾਈਆਂ ਨਿਯਮਾਂ ਤੋਂ ਉਲਟ ਨੰਬਰ ਪਲੇਟਾਂ ਦੇ ਸਿਰ 'ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਪੁਲਸ ਕਮਿਸ਼ਨਰ ਲੁਧਿਆਣਾ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਜੇਕਰ ਦੁਕਾਨਦਾਰਾਂ/ਪੇਂਟਰਾਂ ਵੱਲੋਂ ਵਾਹਨਾਂ ਦੀਆਂ ਨੰਬਰ ਪਲੇਟਾਂ ਨਿਯਮਾਂ ਅਨੁਸਾਰ ਤਿਆਰ ਨਹੀਂ ਕੀਤੀਆਂ ਜਾਂਦੀਆਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜਾਰੀ ਹੁਕਮਾਂ ਵਿੱਚ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਕੰਮ ਕਰਦੇ ਦੁਕਾਨਦਾਰਾਂ/ਪੇਂਟਰਾਂ ਵੱਲੋਂ ਵਾਹਨਾਂ ਦੀਆਂ ਨੰਬਰ ਪਲੇਟਾਂ ਨਿਯਮਾਂ ਅਨੁਸਾਰ ਤਿਆਰ ਨਹੀਂ ਕੀਤੀਆਂ ਜਾਂਦੀਆਂ ਹਨ। ਨਿਯਮਾਂ ਤੋਂ ਉਲਟ ਨੰਬਰ ਪਲੇਟਾਂ ਵਾਹਨਾਂ 'ਤੇ ਵਰਤਣ ਨਾਲ ਸ਼ਰਾਰਤੀ ਅਨਸਰ ਵਾਰਦਾਤ ਕਰਨ ਉਪਰੰਤ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਗਲਤ ਤਰੀਕੇ ਨਾਲ ਲਿਖੀ ਨੰਬਰ ਪਲੇਟ ਪੜ੍ਹਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਲਈ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਦੁਕਾਨਦਾਰਾਂ/ਪੇਂਟਰਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਗੈਰਕਾਨੂੰਨੀ ਨੰਬਰ ਪਲੇਟਾਂ 'ਤੇ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। 
ਇਸ ਤੋਂ ਇਲਾਵਾ ਇੱਕ ਹੋਰ ਹੁਕਮ ਜਾਰੀ ਕਰਦਿਆਂ ਢੋਕੇ ਨੇ ਸੜਕਾਂ/ਫੁੱਟਪਾਥ ਉੱਪਰ ਰੇਹੜੀਆਂ/ਫੜ੍ਹੀਆਂ ਲਾਉਣ, ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਉੱਪਰ ਸਮਾਨ ਰੱਖਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸੜਕਾਂ 'ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਜਨਤਾ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
 


Related News