ਜ਼ਿਆਦਤੀਆਂ ਤੋਂ ਅੱਕੀ ਐੱਨ. ਆਰ. ਆਈ. ਔਰਤ ਨੇ ਪੁਲਸ ’ਤੇ ਠੋਕਿਆ 8 ਕਰੋੜ ਮੁਆਵਜ਼ੇ ਦਾ ਕੇਸ

Sunday, Sep 12, 2021 - 01:11 PM (IST)

ਚੰਡੀਗੜ੍ਹ (ਰਮਨਜੀਤ) : ਭੂ-ਮਾਫੀਆ ਵਲੋਂ ਕੋਠੀਆਂ ’ਤੇ ਕਬਜ਼ਾ ਕਰਨ ਅਤੇ ਪੰਜਾਬ ਪੁਲਸ ਵਲੋਂ ਵੀ ਕਈ ਕੇਸਾਂ ਵਿਚ ਉਲਝਾਉਣ ਤੋਂ ਅੱਕ ਕੇ ਲੁਧਿਆਣਾ ਨਾਲ ਸਬੰਧਤ ਐੱਨ. ਆਰ. ਆਈ. ਔਰਤ ਜੋਗਿੰਦਰ ਕੌਰ ਸੰਧੂ ਨੇ ਪੰਜਾਬ ਪੁਲਸ ’ਤੇ ਹੀ 8 ਕਰੋੜ ਰੁਪਏ ਦੇ ਮੁਆਵਜ਼ੇ ਦਾ ਕੇਸ ਠੋਕ ਦਿੱਤਾ ਹੈ। ਐੱਨ. ਆਰ. ਆਈ. ਔਰਤ ਸੰਧੂ ਤਕਰੀਬਨ ਪਿਛਲੇ 17 ਸਾਲ ਤੋਂ ਆਪਣੀਆਂ 2 ਕੋਠੀਆਂ ’ਤੇ ਹੋਏ ਭੂ-ਮਾਫੀਆ ਦੇ ਕਬਜ਼ੇ ਛੁਡਾਉਣ ਅਤੇ ਇਸੇ ਸਮੇਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਉਸ ਦੇ ਖਿਲਾਫ਼ ਦਰਜ ਕੀਤੇ ਗਏ ਪੁਲਸ ਕੇਸਾਂ ਤੋਂ ਬਰੀ ਹੋਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਸੰਧੂ ’ਤੇ ਇਸ ਲੰਬੇ ਸਮੇਂ ਦੌਰਾਨ ਨਾ ਸਿਰਫ਼ ਕੇਸ ਹੀ ਦਰਜ ਹੋਏ, ਬਲਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਕਿਡਨੈਪ ਕਰਕੇ ਮਾਰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਸਭ ਦੇ ਬਾਵਜੂਦ ਪੰਜਾਬ ਪੁਲਸ ਨੇ ਉਸਦੀ ਕੋਈ ਸਹਾਇਤਾ ਨਹੀਂ ਕੀਤੀ। ਸੰਧੂ ਨੇ ਕਿਹਾ ਕਿ ਇੰਨਾ ਹੀ ਨਹੀਂ, ਉਸ ਵੇਲੇ ਦੇ ਪੁਲਸ ਅਫ਼ਸਰ ਮੁਹੰਮਦ ਮੁਸਤਫ਼ਾ ਨੇ ਵੀ ਇਕ ਬਿਨਾਂ ਵਜੂਦ ਵਾਲੀ ਔਰਤ ਰਾਹੀਂ ਉਸ (ਸੰਧੂ) ’ਤੇ ਝੂਠਾ ਕੇਸ ਕਰਨ ਦੇ ਮਾਮਲੇ ਵਿਚ ਤੱਥਾਂ ਦੇ ਉਲਟ ਜਾ ਕੇ ਉਸੇ ਦੇ ਖਿਲਾਫ਼ ਰਿਪੋਰਟ ਦਿੱਤੀ ਸੀ। ਲੰਬੀ ਕਾਨੂੰਨੀ ਲੜਾਈ ਲੜ ਕੇ ਕਈ ਕੇਸਾਂ ਵਿਚੋਂ ਤਾਂ ਉਹ ਬਰੀ ਹੋ ਚੁੱਕੀ ਹੈ ਪਰ ਉਨ੍ਹਾਂ ਦੀ ਇਕ ਕੋਠੀ ਅਜੇ ਵੀ ਭੂ-ਮਾਫੀਆ ਦੇ ਕਬਜ਼ੇ ਵਿਚ ਹੈ। ਸੰਧੂ ਨੇ ਕਿਹਾ ਕਿ ਪੁਲਸ ਅਤੇ ਮਾਫੀਆ ਵਲੋਂ ਕੀਤੀਆਂ ਜ਼ਿਆਦਤੀਆਂ ਖਿਲਾਫ਼ ਅਤੇ ਇਨਸਾਫ਼ ਨਾ ਦੇਣ ਦੇ ਮਾਮਲੇ ਕਾਰਨ ਪੁਲਸ ਅਧਿਕਾਰੀਆਂ ਅਤੇ ਐੱਨ. ਆਰ. ਆਈ. ਕਮਿਸ਼ਨ ਪੰਜਾਬ ’ਤੇ ਹੁਣ 8 ਕਰੋੜ ਰੁਪਏ ਮੁਆਵਜ਼ੇ ਦਾ ਕੇਸ ਠੋਕਿਆ ਹੈ।

ਇਹ ਵੀ ਪੜ੍ਹੋ : ਬੇਘਰ ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਕੀਤਾ ਸਾਕਾਰ, ਮੁੱਖ ਮੰਤਰੀ ਵਲੋਂ ਮਾਲਕਾਨਾ ਹੱਕ ਦੇਣ ਦੇ ਆਦੇਸ਼ 

ਜੋਗਿੰਦਰ ਕੌਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਦੀ ਸੁਣਵਾਈ ਨਹੀਂ ਕਰ ਰਹੇ। ਹੁਣ ਉਨ੍ਹਾਂ ਆਪਣਾ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਵੀਂ ਦਿੱਲੀ ਨੂੰ ਵੀ ਦੇ ਦਿੱਤਾ ਹੈ। ਸੰਧੂ ਨੇ ਕਿਹਾ ਕਿ ਉਹ ਸਾਰੇ ਮਾਮਲਿਆਂ ਬਾਰੇ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਤੋਂ ਇਹ ਮੰਗ ਕਰਦੀ ਹੈ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜ਼ਿਆਦਤੀਆਂ ਕਰਨ ਵਾਲੇ ਲੈਂਡ ਮਾਫੀਆ ਦੇ ਕਿੰਗ, ਪੁਲਸ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ ਖਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News