ਪ੍ਰਵਾਸੀ ਪਤੀ ਨੇ ਪਤਨੀ ਨੂੰ ਛੱਡਿਆ ਪੇਕੇ, ਮੰਗਿਆ ਤਲਾਕ

Friday, Oct 06, 2017 - 02:08 AM (IST)

ਪ੍ਰਵਾਸੀ ਪਤੀ ਨੇ ਪਤਨੀ ਨੂੰ ਛੱਡਿਆ ਪੇਕੇ, ਮੰਗਿਆ ਤਲਾਕ

ਮੋਗਾ, (ਆਜ਼ਾਦ)- ਜ਼ਿਲੇ ਦੇ ਪਿੰਡ ਰੱਜੀਵਾਲਾ ਨਿਵਾਸੀ ਐੱਨ. ਆਰ. ਆਈ. ਸੁਖਚੈਨ ਸਿੰਘ ਹਾਲ ਆਬਾਦ ਜਰਮਨ ਵੱਲੋਂ ਪੈਸਿਆਂ ਦੀ ਮੰਗ ਪੂਰੀ ਨਾ ਹੋਣ 'ਤੇ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਤਲਾਕ ਦੀ ਮੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਸਾਲ 2000 ਵਿਚ ਸੁਖਚੈਨ ਸਿੰਘ ਪੁੱਤਰ ਨਾਇਬ ਸਿੰਘ ਨਿਵਾਸੀ ਪਿੰਡ ਰੱਜੀਵਾਲਾ ਨਾਲ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਵਿਆਹ ਸਮੇਂ ਅਸੀਂ ਆਪਣੀ ਹੈਸੀਅਤ ਅਨੁਸਾਰ ਦਾਜ ਦੇਣ ਤੋਂ ਇਲਾਵਾ ਵਿਆਹ 'ਤੇ ਖਰਚਾ ਵੀ ਕੀਤਾ। ਵਿਆਹ ਤੋਂ ਬਾਅਦ ਸੁਖਚੈਨ ਸਿੰਘ ਉਸ ਦੀ ਬੇਟੀ ਨੂੰ ਪਹਿਲਾਂ ਇਟਲੀ ਅਤੇ ਬਾਅਦ 'ਚ ਜਰਮਨ ਲੈ ਗਿਆ।
ਉਸ ਨੇ ਦੋਸ਼ ਲਾਇਆ ਕਿ ਦੋਸ਼ੀ ਉਸ ਦੀ ਬੇਟੀ ਨੂੰ ਪੇਕਿਆਂ ਤੋਂ ਹੋਰ ਪੈਸੇ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ, ਜਿਸ 'ਤੇ ਅਸੀਂ ਆਪਣੀ ਬੇਟੀ ਦਾ ਘਰ ਵਸਾਉਣ ਲਈ ਉਸ ਨੂੰ 5 ਲੱਖ ਰੁਪਏ ਭੇਜੇ ਪਰ ਫਿਰ ਵੀ ਉਹ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਦਾ ਰਿਹਾ ਅਤੇ ਪੈਸਿਆਂ ਦੀ ਮੰਗ ਕਰਦਾ ਰਿਹਾ। ਮਾਰਚ 2017 ਨੂੰ ਸੁਖਚੈਨ ਸਿੰਘ ਮੇਰੀ ਬੇਟੀ ਨੂੰ ਆਪਣੇ ਪੇਕੇ ਘਰ ਛੱਡ ਕੇ ਇਟਲੀ ਚਲਾ ਗਿਆ ਅਤੇ ਹੁਣ ਉਹ ਤਲਾਕ ਦੀ ਮੰਗ ਕਰਦਾ ਹੈ। ਉਸ ਨੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਮੇਰੀ ਬੇਟੀ ਦਾ ਸਾਰਾ ਦਾਜ ਦਾ ਸਾਮਾਨ ਵੀ ਹੜੱਪ ਕਰ ਲਿਆ। ਹੁਣ ਮੇਰੀ ਬੇਟੀ ਪੇਕੇ ਘਰ ਰਹਿਣ ਲਈ ਮਜਬੂਰ ਹੈ।
ਕੀ ਹੋਈ ਪੁਲਸ ਕਾਰਵਾਈ : ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਮਾਮਲੇ ਦੀ ਜਾਂਚ ਥਾਣਾ ਮਹਿਣਾ ਦੇ ਇੰਚਾਰਜ ਨੂੰ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਨੇ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਨ੍ਹਾਂ ਆਪਣੀ ਜਾਂਚ ਰਿਪੋਰਟ ਡੀ. ਐੱਸ. ਪੀ. (ਧਰਮਕੋਟ) ਨੂੰ ਭੇਜ ਦਿੱਤੀ। ਇਸ ਸਬੰਧੀ ਮਹਿਣਾ ਪੁਲਸ ਵੱਲੋਂ ਪੀੜਤਾ ਦੇ ਪਤੀ ਸੁਖਚੈਨ ਸਿੰਘ, ਸਹੁਰਾ ਨਾਇਬ ਸਿੰਘ ਉਰਫ ਰਾਜ ਸਿੰਘ ਅਤੇ ਸੱਸ ਮਨਜੀਤ ਕੌਰ ਨਿਵਾਸੀ ਪਿੰਡ ਰੱਜੀਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


Related News