ਕਿਸਾਨ ਦੀ ਦਰਦਨਾਕ ਮੌਤ ''ਤੇ ਪਿਘਲਿਆ ਆਸਟ੍ਰੇਲੀਆ ਰਹਿੰਦੇ ਪੰਜਾਬੀ ਦਾ ਦਿਲ, ਭੇਜੀ ਮਦਦ
Friday, Aug 11, 2017 - 02:26 PM (IST)

ਚਨਾਰਥਲ ਖੁਰਦ— ਪੰਜਾਬ ਵਿਚ ਆਏ ਦਿਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਖੁਦਕੁਸ਼ੀਆਂ ਕਰ ਰਹੇ ਹਨ। ਅਕਸਰ ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਵੀ ਸਾਡੇ-ਤੁਹਾਡੇ ਵਰਗੇ ਆਮ ਲੋਕ ਦੋ ਦਿਨ ਦਾ ਦੁੱਖ ਮਨਾਉਂਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ ਪਰ ਇਸ ਵਾਰ ਚਨਾਰਥਲ ਦੇ ਕਿਸਾਨ ਪਰਿਵਾਰ ਵਿਚ ਕਰਜ਼ੇ ਕਾਰਨ ਹੋਈ ਆਖਰੀ ਮਰਦ ਦੀ ਖੁਦਕੁਸ਼ੀ ਨੇ ਆਸਟ੍ਰੇਲੀਆ ਵਿਚ ਬੈਠੇ ਪੰਜਾਬ ਰਛਪਾਲ ਸਿੰਘ ਦਾ ਦਿਲ ਇਸ ਤਰ੍ਹਾਂ ਵਲੂੰਧਰਿਆ ਕਿ ਉਸ ਨੇ ਉਸ ਦੇ ਪਰਿਵਾਰ ਨੂੰ ਦੋ ਲੱਖ ਦੀ ਮਦਦ ਭੇਜ ਦਿੱਤੀ।
ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਹਾਜ਼ਰੀ ਵਿਚ ਚਨਾਰਥਲ ਵਿਖੇ ਮ੍ਰਿਤਕ ਕਿਸਾਨ ਦਵਿੰਦਰ ਸਿੰਘ ਦੇ ਪਰਿਵਾਰ ਨੂੰ ਇਹ ਚੈੱਕ ਭੇਟ ਕੀਤਾ ਗਿਆ। ਇਸ ਵਿਚ ਇਕ ਲੱਖ ਦਾ ਚੈੱਕ ਮ੍ਰਿਤਕ ਦਵਿੰਦਰ ਦੀ ਧੀ ਦੀ ਪੜ੍ਹਾਈ ਅਤੇ 50-50 ਹਜ਼ਾਰ ਦਾ ਚੈੱਕ ਮ੍ਰਿਤਕ ਦੀ ਪਤਨੀ ਅਤੇ ਮਾਤਾ ਨੂੰ ਆਰਥਿਕ ਸਹਾਇਤਾ ਦੇ ਰੂਪ ਵਿਚ ਦਿੱਤਾ ਗਿਆ। ਮਦਦ ਭੇਜਣ ਵਾਲੇ ਰਛਪਾਲ ਸਿੰਘ ਦਾ ਸੰਬੰਧ ਜਲੰਧਰ ਦੇ ਚਰੜ ਪਿੰਡ ਨਾਲ ਹੈ। ਜ਼ਿਕਰਯੋਗ ਹੈ ਕਿ ਬੀਤੇ ਅੱਠ ਸਾਲਾਂ ਵਿਚ ਕਰਜ਼ੇ ਨੇ ਦਵਿੰਦਰ ਦੇ ਪਰਿਵਾਰ ਦੇ ਸਾਰੇ ਮਰਦਾਂ ਨੂੰ ਇਕ-ਇਕ ਕਰਕੇ ਖਾ ਲਿਆ। ਦਵਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਉਸ ਦੀ ਵਿਧਵਾ ਮਾਂ, ਪਤਨੀ, ਭਾਬੀ ਅਤੇ ਬੇਟੀ ਬਚੀਆਂ ਹਨ।
ਇਸ ਮੌਕੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੀ ਮਦਦ ਲਈ ਅਪੀਲ ਕੀਤੇ ਜਾਣ ਤੋਂ ਬਾਅਦ ਕਈ ਪਰਵਾਸੀ ਪੰਜਾਬੀ ਅੱਗੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜੀਤ ਸਿੰਘ ਕੁਲਾਰ (ਕੈਨੇਡਾ), ਰਾਜੂ ਪੁਰੇਵਾਲ (ਕੈਨੇਡਾ), ਦਸ਼ਮੇਸ਼ ਪੰਨੂ (ਕੈਨੇਡਾ) ਅਤੇ ਜਸਵਿੰਦਰ ਸਿੰਘ ਲਾਟੀ (ਇਟਲੀ) ਨੇ ਕਿਸਾਨਾਂ ਦੀ ਮਦਦ ਲਈ 1-1 ਲੱਖ ਰੁਪਏ ਭੇਜਣ ਦਾ ਭਰੋਸਾ ਦਿੱਤਾ ਹੈ। ਮਨਜੀਤ ਸਿੰਘ ਘੁੰਮਣ (ਹਾਲੈਂਡ) ਨੇ ਦਲਿਤ ਖੇਤ ਮਜ਼ਦੂਰਾਂ ਦੀਆਂ 2 ਵਿਧਵਾਵਾਂ ਨੂੰ ਹਰ ਮਹੀਨੇ 2500 ਰੁਪਏ ਪੈਂਸ਼ਨ ਦੇਣ ਦਾ ਵਾਅਦਾ ਕੀਤਾ ਹੈ।