NRI ਵੱਲੋਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਮਾਰੀ ਫੌਜ ਦੇ ਵੱਡੇ ਅਫ਼ਸਰ ਦੇ ਘਰ ਠੱਗੀ
Wednesday, Jul 20, 2022 - 12:23 PM (IST)
ਅੰਮ੍ਰਿਤਸਰ (ਸਾਗਰ) - ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਨ ਵਾਲੇ ਵੀਰ ਅਫ਼ਸਰਾਂ ਦੇ ਪਰਿਵਾਰਾਂ ਨਾਲ ਠੱਗੀਆਂ ਮਾਰਨ ਵਾਲੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਿਊਯਾਰਕ ਦੇ ਵਾਟਰਫੋਰਡ ਵਾਸੀ ਐੱਨ.ਆਰ.ਆਈ. ਅਮਿਤ ਸ਼ਰਮਾ ਵਲੋਂ ਅਜਿਹਾ ਕਾਰਾ ਅੰਜਾਮ ਕੀਤਾ ਗਿਆ ਹੈ। ਐੱਨ.ਆਰ.ਆਈ. ਅਮਿਤ ਸ਼ਰਮਾ ਵੱਲੋਂ ਜਲੰਧਰ ਵਾਸੀ ਪ੍ਰਤਿਮਾ ਉਰਫ ਡੌਲੀ ਪਤਨੀ ਹਰਮੇਸ਼ ਲਾਲ ਵਾਸੀ ਦਿਉਲ ਨਗਰ ਜਲੰਧਰ ਦੇ ਨਾਲ ਮਿਲੀ ਭੁਗਤ ਕਰਕੇ ਪਹਿਲਾਂ ਆਪਣਾ ਰਿਸ਼ਤਾ ਭੇਜ ਕੇ ਫੌਜ ਦੇ ਵੱਡੇ ਅਫਸਰ ਦੀ ਬੇਟੀ ਨਿਸ਼ਾ (ਕਾਲਪਨਿਕ ਨਾਮ) ਨਾਲ ਵਿਆਹ ਦੇ ਨਾਮ ਤੇ ਧੋਖਾਧੜੀ ਕੀਤੀ।
ਫਿਰ ਇਸ ਤੋਂ ਬਾਅਦ ਇਸ ਕਾਂਡ ਵਿਚ ਡੌਲੀ ਅਤੇ ਐੱਨ.ਆਰ.ਆਈ. ਨੇ ਮਿਲ ਕੇ ਕੁਲ਼ 5 ਲੱਖ ਰੁਪਏ ਬਤੌਰ ਕਮਿਸ਼ਨ ਰਿਸ਼ਤਾ ਕਰਵਾਉਣ ਦੇ ਨਾਮ ’ਤੇ ਲਏ। ਹਾਲਾਂਕਿ ਡੌਲੀ ਇਸ ਫੌਜ ਦੇ ਅਫ਼ਸਰ ਦੇ ਰਿਸ਼ਤੇਦਾਰ ਪਰਿਵਾਰ ਵਿਚ ਹੈ ਪਰ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਡੌਲੀ ਨੇ ਬਖੂਬੀ ਤਰੀਕੇ ਨਾਲ ਇਸ ਠੱਗੀ ਨੂੰ ਅੰਜਾਮ ਕੀਤਾ। ਸਿਰਫ ਇੰਨਾ ਹੀ ਨਹੀ ਐੱਨ. ਆਰ. ਆਈ. ਅਮਿਤ ਸ਼ਰਮਾ ਦੇ ਪਹਿਲਾਂ ਤੋਂ ਵਿਆਹੇ ਹੋਣ ਦਾ ਵੀ ਖੁਲਾਸਾ ਵਿਆਹ ਤੋਂ ਬਾਅਦ ਮੈਰਿਜ ਰਜਿਸਟਰੇਸ਼ਨ ਸਮੇਂ ਹੋਇਆ। ਸਾਲ 2018 ਦੇ ਅਕਤੂਬਰ ਮਹੀਨੇ ਵਿਚ ਮਿਤੀ 20-10-18 ਤੋਂ 23-10-18 ਦੇ ਛੋਟੇ ਜਿਹੇ ਸਮੇਂ ਵਿਚ ਪਰਿਵਾਰ ਵਾਲਿਆਂ ’ਤੇ ਦਬਾਅ ਪਾ ਕੇ ਵਿਆਹ ਦਾ ਕਾਰਾ ਅੰਜਾਮ ਕਰਕੇ ਲੜਕੀ ਦੇ ਨਾਲ ਰਹਿ ਕੇ 30-10-18 ਇਹ ਐੱਨ. ਆਰ. ਆਈ. ਪੀੜਤਾ ਦਾ ਗਹਿਣਾ ਸੋਨਾ ਲੁੱਟ ਕੇ ਵਾਪਿਸ ਨਿਉਯਾਰਕ ਵਿਖੇ ਫਰਾਰ ਹੋ ਗਿਆ।
ਹੁਣ ਚਾਰ ਸਾਲ ਬੀਤਣ ਦੇ ਬਾਵਜੂਦ ਮੁੰਡਾ ਆਪਣੀ ਵਿਆਹੁਤਾ ਨੂੰ ਨਾਲ ਨਹੀਂ ਲੈ ਕੇ ਜਾ ਰਿਹਾ। ਚਾਰ ਸਾਲ ਮਗਰੋਂ ਆਪਣੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਪੀੜਤਾ ਲੜਕੀ ਨੇ ਆਪਣੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਐੱਨ.ਆਰ.ਆਈ. ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਪੁਲਸ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਪੀੜਤਾ ਨੇ ਮੰਗ ਕੀਤੀ ਹੈ ਕਿ ਉਸਦੇ ਅਤੇ ਉਸਦੇ ਪਰਿਵਾਰ ਦਾ ਅਕਸ ਖ਼ਰਾਬ ਕਰਨ ਵਾਲੇ ਐੱਨ.ਆਰ. ਆਈ. ਸਮੇਤ ਉਸ ਦੇ ਰਿਸ਼ਤੇਦਾਰ ਡਾਲੀ ਅਤੇ ਉਸਦਾ ਪੁੱਤਰ ਡਾਇਮੰਡ ਜੋ ਕਿ ਉਸ ਦੇ ਨਾਲ ਹੀ ਫ਼ਰਾਰ ਹਨ ਅਤੇ ਨਿਊਯਾਰਕ ਵਿਖੇ ਉਸਦੇ ਘਰ ਵਿਚ ਰਹਿ ਰਹੇ ਹਨ, ਇਨ੍ਹਾਂ ਸਾਰਿਆਂ ਖ਼ਿਲਾਫ਼ ਕਾਨੂੰਨ ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨਾਲ ਇਨਸਾਫ ਕੀਤਾ ਜਾਵੇ।