ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਨੇ ਬੀ. ਡੀ. ਪੀ. ਓ. ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Tuesday, Mar 20, 2018 - 07:42 AM (IST)

ਭਿੱਖੀਵਿੰਡ, (ਅਮਨ, ਸੁਖਚੈਨ)- ਸੀ. ਪੀ. ਆਈ. ਬਲਾਕ ਭਿੱਖੀਵਿੰਡ ਤੇ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵੱਲੋਂ ਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ. ਭਿੱਖੀਵਿੰਡ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਤੇ ਰੋਹ ਭਰਪੂਰ ਮਾਰਚ ਕਰਨ ਤੋਂ ਬਾਅਦ ਭਿੱਖੀਵਿੰਡ ਦੇ ਮੇਨ ਚੌਕ 'ਚ ਪੰਜਾਬ ਸਰਕਾਰ ਤੇ ਬੀ. ਡੀ. ਪੀ. ਓ. ਦਾ ਪੁਤਲਾ ਫੂਕਿਆ ਗਿਆ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਬਲਾਕ ਭਿੱਖੀਵਿੰਡ ਦੇ ਸਕੱਤਰ ਪਵਨ ਕੁਮਾਰ ਮਲਹੋਤਰਾ ਨੇ ਕਿਹਾ ਕਿ ਬੀ. ਡੀ. ਪੀ. ਓ. ਭਿੱਖੀਵਿੰਡ ਨਰੇਗਾ ਕਾਮਿਆਂ ਨੂੰ ਜਾਣਬੁਝ ਕੇ ਕੰਮ ਨਹੀਂ ਦੇ ਰਿਹਾ।
ਪੰਜਾਬ ਇਸਤਰੀ ਸਭਾ ਤਰਨਤਾਰਨ ਤੇ ਅੰਮ੍ਰਿਤਸਰ ਦਿਹਾਤੀ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਅਫਸਰਸ਼ਾਹੀ ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀ। ਹਾਲੇ ਵੀ ਬਹੁਤ ਲੋਕ ਅਜਿਹੇ ਹਨ, ਜਿਨ੍ਹਾਂ ਦੇ ਜਾਬ ਕਾਰਡ ਨਹੀਂ ਬਣੇ। ਕਾਰਡ ਬਣਾਉਣ ਲਈ ਵੀ ਲੋਕ ਬੀ. ਡੀ. ਪੀ. ਓ. ਦਫਤਰ ਵਿਖੇ ਖੱਜਲ-ਖੁਆਰ ਹੋ ਰਹੇ ਹਨ। ਕਈ ਪਿੰਡਾਂ ਦੇ ਨਰੇਗਾ ਕਾਮਿਆਂ ਨੂੰ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਮਿਲ ਰਹੇ। ਇਸ ਮੌਕੇ ਸੀ. ਪੀ. ਆਈ. ਤਰਨਤਾਰਨ ਜ਼ਿਲੇ ਦੇ ਮੀਤ ਸਕੱਤਰ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਨਰੇਗਾ ਕਾਨੂੰਨ ਕਮਿਊਨਿਸਟਾਂ ਦੇ ਦਬਾਅ ਕਾਰਨ ਬਣਿਆ ਸੀ। ਇਸ ਕਾਨੂੰਨ ਤਹਿਤ ਸਾਲ 'ਚ 100 ਦਿਨ ਕੰਮ ਮਿਲਣ ਦੀ ਗਾਰੰਟੀ ਹੈ। ਧਰਨੇ ਨੂੰ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਕਾਲਾ, ਜੈਮਲ ਸਿੰਘ ਬਾਠ, ਗੁਰਮੀਤ ਕੌਰ, ਬਲਬੀਰ ਤੇ ਗੁਰਜੰਟ ਸਿੰਘ ਭਗਵਾਨਪੁਰਾ, ਜਸਪਾਲ ਸਿੰਘ ਤੇ ਬਲਬੀਰ ਸਿੰਘ ਕਲਸੀਆਂ, ਪ੍ਰਗਟ ਸਿੰਘ ਪਹੁਵਿੰਡ, ਗੁਰਚਰਨ ਸਿੰਘ, ਸਵਿੰਦਰ ਕੌਰ ਤੇ ਸਰਿੰਦਰ ਕੌਰ ਅਲਗੋਂ, ਨਰਿੰਦਰ ਸਿੰਘ ਅਲਗੋਂ, ਟਹਿਲ ਸਿੰਘ ਲੱਧੂ ਨੇ ਵੀ ਸੰਬੋਧਨ ਕੀਤਾ।