ਹੁਣ ਰਾਹੁਲ ਤੇ ਕੈਪਟਨ ਨੂੰ ਕਿਸਾਨ ਕਿਉਂ ਯਾਦ ਨਹੀਂ ਆ ਰਹੇ : ਸਾਂਪਲਾ

Monday, Jun 12, 2017 - 06:30 AM (IST)

ਹੁਣ ਰਾਹੁਲ ਤੇ ਕੈਪਟਨ ਨੂੰ ਕਿਸਾਨ ਕਿਉਂ ਯਾਦ ਨਹੀਂ ਆ ਰਹੇ : ਸਾਂਪਲਾ

ਜਲੰਧਰ  (ਪਾਹਵਾ)  - ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਪਰ ਅੱਜ ਸੂਬੇ 'ਚ ਕਿਸਾਨਾਂ ਦੀ ਹਾਲਤ ਖਰਾਬ ਹੈ ਪਰ ਕੈਪਟਨ ਤੋਂ ਲੈ ਕੇ ਰਾਹੁਲ ਤਕ ਕੋਈ ਵੀ ਕਿਸਾਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ। ਅੱਜ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਪਲਾ ਨੇ ਕਿਹਾ ਕਿ ਹੁਣ ਤਕ ਕੈਪਟਨ ਸਰਕਾਰ ਦੇ ਕਾਰਜਕਾਲ 'ਚ 75 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਸੂਬੇ 'ਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਪਰ ਕੈਪਟਨ ਸੂਬੇ 'ਚ ਸੱਤਾ ਨੂੰ ਗੰਭੀਰਤਾ ਨਾਲ ਨਹੀਂ ਚਲਾ ਰਹੇ। ਉਨ੍ਹਾਂ ਕਿਹਾ ਕਿ 6 ਜੂਨ ਤਕ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਬਣੀ ਕਮੇਟੀ ਨੇ ਰਿਪੋਰਟ ਦੇਣੀ ਸੀ ਪਰ ਹੁਣ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਲੈ ਕੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਪੂਰੀ ਤਰਾਂ ਅਸਫਲ ਸਾਬਿਤ ਹੋਈ ਹੈ। ਬਠਿੰਡਾ ਦੇ ਪਿੰਡ ਭਾਗੀਵਾਂਦਰ 'ਚ ਡਰੱਗ ਸਮੱਗਲਿੰਗ ਦੇ ਸ਼ੱਕ 'ਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ 'ਚ ਸਾਂਪਲਾ ਨੇ ਕਿਹਾ ਕਿ ਭਾਜਪਾ ਨੇ ਇਕ ਟੀਮ ਉੱਥੇ ਭੇਜੀ ਹੈ। ਮਾਮਲੇ 'ਚ ਪੁਲਸ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਹੱਥ 'ਚ ਲੈਣ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਹੈ। ਕੇਂਦਰ ਦੀ ਮੋਦੀ ਸਰਕਾਰ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ 'ਤੇ ਚਰਚਾ ਕਰਦੇ ਹੋਏ ਸਾਂਪਲਾ ਨੇ ਕਿਹਾ ਕਿ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਮੋਦੀ ਸਰਕਾਰ ਦੀ ਅਗਵਾਈ 'ਚ ਦੇਸ਼ ਦਾ ਨਾਂ ਰੋਸ਼ਨ ਹੋ ਰਿਹਾ ਹੈ। ਗੱਲ ਮਾਲਦੀਵ ਦੀ ਹੋਵੇ ਜਾਂ ਯਮਨ 'ਚ ਫਸੇ ਭਾਰਤੀਆਂ ਦੀ, ਭਾਰਤ ਨੇ ਖੁਦ ਨੂੰ ਮਜ਼ਬੂਤੀ ਨਾਲ ਅੱਗੇ ਰੱਖਿਆ ਅਤੇ ਲੋਕਾਂ ਲਈ ਰਾਹਤ ਦਾ ਕਾਰਨ ਬਣਿਆ।
ਸਾਂਪਲਾ ਨੇ ਕਿਹਾ ਕਿ 'ਆਯੂਸ਼' ਦੇ ਤਹਿਤ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਤਿਆਰੀ 'ਚ ਹੈ, ਜਿਸਦੇ ਤਹਿਤ ਆਯੁਰਵੈਦਿਕ ਕੇਂਦਰ ਖੋਲ੍ਹੇ ਜਾ ਰਹੇ ਹਨ।  'ਮੇਕ ਇਨ ਇੰਡੀਆ' ਅਤੇ ਇਸ ਤਰ੍ਹਾਂ ਦੇ ਹੋਰ ਪ੍ਰਾਜੈਕਟਾਂ ਨਾਲ ਨੌਜਵਾਨਾਂ ਨੂੰ ਦੇਸ਼ 'ਚ ਰੁਜ਼ਗਾਰ ਦੇ ਮੌਕੇ ਦੇਣ ਦੀ ਤਿਆਰੀ ਚੱਲ ਰਹੀ ਹੈ। ਗੁਆਂਢੀ ਦੇਸ਼ਾਂ ਨਾਲ ਵੀ ਮੋਦੀ ਸਰਕਾਰ ਨੇ ਵਧੀਆ ਸੰਬੰਧ ਬਣਾਏ ਹਨ। ਨੇਪਾਲ, ਸ਼੍ਰੀਲੰਕਾ ਵਰਗੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਹੋਰ ਵੀ ਵਧੀਆ ਹੋਏ ਹਨ।
ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ 11 ਫੀਸਦੀ 'ਤੇ ਚੱਲ ਰਹੀ ਮਹਿੰਗਾਈ ਦਰ ਨੂੰ 4-5 ਫੀਸਦੀ ਤਕ ਲਿਆਂਦਾ ਗਿਆ ਹੈ। ਬਿਜਲੀ ਉਤਪਾਦਨ ਦੇਸ਼ 'ਚ ਸਰਪਲੱਸ ਹੋਇਆ ਹੈ। 18 ਹਜ਼ਾਰ ਤੋਂ ਜ਼ਿਆਦਾ ਪਿੰਡਾਂ 'ਚ ਬਿਜਲੀ ਨਹੀਂ ਸੀ ਪਰ 2014 'ਚ ਸੱਤਾ 'ਚ ਆਉਣ ਤੋਂ ਬਾਅਦ 17 ਹਜ਼ਾਰ ਤੋਂ ਜ਼ਿਆਦਾ ਪਿੰਡਾਂ 'ਚ ਬਿਜਲੀ ਪਹੁੰਚਾਈ ਗਈ ਹੈ, ਜਦਕਿ ਬਾਕੀ ਰਹਿੰਦੇ ਪਿੰਡਾਂ 'ਚ ਵੀ ਜਲਦੀ ਪਹੁੰਚਾ ਦਿੱਤੀ ਜਾਵੇਗੀ। ਔਰਤਾਂ ਤੇ ਬਜ਼ੁਰਗਾਂ ਲਈ ਵੀ ਕੇਂਦਰ ਸਰਕਾਰ ਕਈ ਪ੍ਰਾਜੈਕਟ ਲਿਆ ਰਹੀ ਹੈ, ਜਿਸ ਲਈ ਕੰਮ ਚੱਲ ਰਿਹਾ ਹੈ।
ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਨਿਲ ਸੱਚਰ, ਰਵੀ ਮਹਿੰਦਰੂ, ਦੀਵਾਨ ਅਮਿਤ ਅਰੋੜਾ, ਰਾਕੇਸ਼ ਸ਼ਾਂਤੀਦੂਤ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਰਮਨ ਪੱਬੀ ਅਤੇ ਹੋਰ ਮੌਜੂਦ ਸਨ।
ਅਮਿਤ ਸ਼ਾਹ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ-ਸਾਂਪਲਾ ਨੇ ਅਮਿਤ ਸ਼ਾਹ ਦੇ ਮਹਾਤਮਾ ਗਾਂਧੀ ਬਾਰੇ ਦਿੱਤੇ ਬਿਆਨ ਬਾਰੇ ਕਿਹਾ ਕਿ ਸ਼ਾਹ ਦੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਹ ਨੇ ਕੁਝ ਹੋਰ ਕਿਹਾ ਸੀ ਪਰ ਮੀਡੀਆ 'ਚ ਕੁੱਝ ਹੋਰ ਲਿਖਿਆ ਗਿਆ।


Related News